Publicidade

Isaías 9

1 ਫਿਰ ਵੀ, ਜਿਹੜੇ ਦੁਖੀ ਸਨ ਉਨ੍ਹਾਂ ਲਈ ਹੋਰ ਉਦਾਸੀ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਸਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਨੀਵਾਂ ਕੀਤਾ, ਪਰ ਭਵਿੱਖ ਵਿੱਚ ਉਹ ਕੌਮਾਂ ਦੀ ਗਲੀਲ ਨੂੰ, ਸਮੁੰਦਰ ਦੇ ਰਸਤੇ, ਯਰਦਨ ਦੇ ਪਾਰ, ਦਾ ਆਦਰ ਕਰੇਗਾ।

2 ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨ

ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ;

ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ,

ਉਹਨਾਂ ਉੱਤੇ ਰੋਸ਼ਨੀ ਚਮਕੀ।

3 ਤੂੰ ਕੌਮ ਦਾ ਵਿਸਤਾਰ ਕੀਤਾ

ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ।

ਉਹ ਤੁਹਾਡੇ ਸਾਮ੍ਹਣੇ ਖੁਸ਼ ਹੁੰਦੇ ਹਨ

ਜਿਵੇਂ ਲੋਕ ਵਾਢੀ ਵੇਲੇ ਖੁਸ਼ ਹੁੰਦੇ ਹਨ,

ਜਿਵੇਂ ਯੋਧੇ ਲੁੱਟ ਦੇ ਮਾਲ ਨੂੰ ਵੰਡਣ ਵੇਲੇ ਅਨੰਦ ਕਰਦੇ ਹਨ।

4 ਕਿਉਂਕਿ ਜਿਵੇਂ ਮਿਦਯਾਨ ਦੀ ਹਾਰ ਦੇ ਦਿਨ ਵਿੱਚ,

ਤੂੰ ਉਸ ਜੂਲੇ ਨੂੰ ਜੋ ਉਨ੍ਹਾਂ ਉੱਤੇ ਭਾਰੂ ਸੀ,

ਉਹਨਾਂ ਦੇ ਮੋਢਿਆਂ ਉੱਤੇ ਲਾਠੀ ਨੂੰ,

ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਦੀ ਸੋਟੀ ਨੂੰ ਤੋੜ ਦਿੱਤਾ ਹੈ।

5 ਯੁੱਧ ਵਿੱਚ ਵਰਤੇ ਜਾਣ ਵਾਲੇ ਹਰ ਸੂਰਮੇ ਦੇ ਬੂਟ ਅਤੇ ਲਹੂ ਨਾਲ ਲਿਬੜੇ ਹੋਏ ਕੱਪੜੇ

ਅੱਗ ਦਾ ਬਾਲਣ ਹੋਵੇਗਾ।

6 ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ,

ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ,

ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ,

ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾ

ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰ

ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।

7 ਉਹ ਦੇ ਰਾਜ ਦੀ ਤਰੱਕੀ,

ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ,

ਉਹ ਦਾਵੀਦ ਦੇ ਸਿੰਘਾਸਣ ਉੱਤੇ

ਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ,

ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲ

ਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ।

ਯਾਹਵੇਹ ਸਰਬਸ਼ਕਤੀਮਾਨ

ਦੀ ਅਣਖ ਇਸ ਤਰ੍ਹਾਂ ਕਰੇਗੀ।

ਇਸਰਾਏਲ ਉੱਤੇ ਯਾਹਵੇਹ ਗੁੱਸਾ

8 ਯਾਹਵੇਹ ਨੇ ਯਾਕੋਬ ਦੇ ਵਿਰੁੱਧ ਇੱਕ ਸੰਦੇਸ਼ ਭੇਜਿਆ ਹੈ;

ਇਹ ਇਸਰਾਏਲ ਉੱਤੇ ਪਰਗਟ ਹੋਵੇਗਾ।

9 ਸਾਰੇ ਲੋਕ ਇਹ ਜਾਣ ਲੈਣਗੇ

ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,

ਜੋ ਗਰੂਰ ਅਤੇ ਮਨ ਦੇ ਹੰਕਾਰ ਨਾਲ ਆਖਦੇ ਹਨ,

10 "ਇੱਟਾਂ ਡਿੱਗ ਪਈਆਂ ਹਨ,

ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ,

ਗੁੱਲਰ ਤਾਂ ਵੱਢੇ ਹੋਏ ਹਨ,

ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।"

11 ਪਰ ਯਾਹਵੇਹ ਨੇ ਰੇਜ਼ੀਨ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਵਿਰੁੱਧ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਕਸਾਇਆ ਹੈ।

12 ਅਰਾਮੀ ਅੱਗੇ ਅਤੇ ਫ਼ਲਿਸਤੀ ਪਿੱਛੇ ਹੋਣਗੇ,

ਅਤੇ ਉਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ ਲੈਣਗੇ।

ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,

ਸਗੋਂ ਉਸਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

13 ਪਰ ਫਿਰ ਵੀ ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ,

ਨਾ ਸਰਬਸ਼ਕਤੀਮਾਨ ਪਰਮੇਸ਼ਵਰ ਨੂੰ ਭਾਲਿਆ।

14 ਇਸ ਲਈ ਯਾਹਵੇਹ ਇਸਰਾਏਲ ਵਿੱਚੋਂ ਸਿਰ ਅਤੇ ਪੂਛ ਅਤੇ ਖਜ਼ੂਰ ਦੀਆਂ ਟਹਿਣੀਆਂ

ਅਤੇ ਕਾਨੇ ਨੂੰ ਇੱਕੋ ਦਿਨ ਵਿੱਚ ਕੱਟ ਦੇਵੇਗਾ।

15 ਬਜ਼ੁਰਗ ਅਤੇ ਪਤਵੰਤ, ਉਹ ਸਿਰ ਹਨ,

ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ

16 ਜਿਹੜੇ ਇਨ੍ਹਾਂ ਲੋਕਾਂ ਦੀ ਅਗਵਾਈ ਕਰਦੇ ਹਨ, ਉਹ ਕੁਰਾਹੇ ਪਾਉਣ ਵਾਲੇ ਹਨ,

ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ।

17 ਇਸ ਲਈ ਯਾਹਵੇਹ ਜੁਆਨਾਂ ਉੱਤੇ ਪ੍ਰਸੰਨ ਨਹੀਂ ਹੋਵੇਗਾ,

ਨਾ ਉਹ ਯਤੀਮਾਂ ਅਤੇ ਵਿਧਵਾਵਾਂ ਉੱਤੇ ਤਰਸ ਕਰੇਗਾ,

ਕਿਉਂ ਜੋ ਹਰ ਕੋਈ ਅਧਰਮੀ ਅਤੇ ਦੁਸ਼ਟ ਹੈ,

ਹਰੇਕ ਮੂੰਹ ਮੂਰਖਤਾਈ ਬੋਲਦਾ ਹੈ।

ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,

ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

18 ਸੱਚ-ਮੁੱਚ ਹੀ ਬੁਰਿਆਈ ਅੱਗ ਵਾਂਗੂੰ ਬਲਦੀ ਹੈ।

ਇਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ,

ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ,

ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ।

19 ਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ,

ਧਰਤੀ ਝੁਲਸ ਜਾਵੇਗੀ

ਅਤੇ ਲੋਕ ਅੱਗ ਦਾ ਬਾਲਣ ਬਣ ਜਾਣਗੇ।

ਉਹ ਇੱਕ-ਦੂਜੇ ਨੂੰ ਨਹੀਂ ਬਖਸ਼ਣਗੇ।

20 ਕੋਈ ਸੱਜੇ ਹੱਥ ਵੱਲੋਂ ਕੁਝ ਖੋਹ ਲੈਂਦਾ

ਪਰ ਰਹਿੰਦਾ ਭੁੱਖਾ ਹੈ,

ਕੋਈ ਖੱਬੇ ਹੱਥ ਵੱਲੋਂ ਖਾਂਦਾ

ਪਰ ਉਹ ਰੱਜਦਾ ਨਹੀਂ,

ਹਰ ਮਨੁੱਖ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ:

21 ਮਨੱਸ਼ੇਹ ਇਫ਼ਰਾਈਮ ਨੂੰ ਅਤੇ ਇਫ਼ਰਾਈਮ ਮਨੱਸ਼ੇਹ ਨੂੰ ਖਾਵੇਗਾ।

ਉਹ ਇਕੱਠੇ ਹੋ ਕੇ ਯਹੂਦਾਹ ਦੇ ਵਿਰੁੱਧ ਹੋ ਜਾਣਗੇ।

ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,

ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-