Publicidade

Isaías 66

ਨਿਆਂ ਅਤੇ ਉਮੀਦ

1 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਸਵਰਗ ਮੇਰਾ ਸਿੰਘਾਸਣ ਹੈ,

ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।

ਉਹ ਘਰ ਕਿੱਥੇ ਹੈ ਜੋ ਤੁਸੀਂ ਮੇਰੇ ਲਈ ਬਣਾਓਗੇ?

ਮੇਰਾ ਆਰਾਮ ਕਰਨ ਦਾ ਸਥਾਨ ਕਿੱਥੇ ਹੋਵੇਗਾ?

2 ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ,

ਅਤੇ ਇਸ ਤਰ੍ਹਾਂ ਹੋਂਦ ਵਿੱਚ ਆਏ?"

ਯਾਹਵੇਹ ਦਾ ਵਾਕ ਹੈ।

"ਇਹ ਉਹ ਹਨ ਜਿਨ੍ਹਾਂ ਨੂੰ ਮੈਂ ਮਿਹਰਬਾਨੀ ਨਾਲ ਵੇਖਦਾ ਹਾਂ:

ਉਹ ਜਿਹੜੇ ਨਿਮਰ ਹਨ ਅਤੇ ਆਤਮਾ ਵਿੱਚ ਪਛਤਾਏ ਹਨ,

ਅਤੇ ਜੋ ਮੇਰੇ ਬਚਨ ਤੋਂ ਕੰਬਦੇ ਹਨ।

3 ਪਰ ਜਿਹੜਾ ਬਲਦ ਦੀ ਬਲੀ ਚੜ੍ਹਾਉਂਦਾ ਹੈ,

ਉਸ ਵਰਗਾ ਹੈ ਜੋ ਇੱਕ ਮਨੁੱਖ ਨੂੰ ਮਾਰਦਾ ਹੈ,

ਅਤੇ ਲੇਲੇ ਨੂੰ ਕੱਟਣ ਵਾਲਾ

ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ,

ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦਾ ਲਹੂ ਚੜ੍ਹਾਉਣ ਵਾਲੇ ਜਿਹਾ ਹੈ,

ਲੁਬਾਨ ਦਾ ਧੁਖਾਉਣ ਵਾਲਾ ਮੂਰਤ ਨੂੰ ਧੰਨ ਆਖਣ ਵਾਲੇ ਜਿਹਾ ਹੈ,

ਹਾਂ, ਇਹਨਾਂ ਨੇ ਆਪਣੇ ਰਾਹ ਚੁਣ ਲਏ ਹਨ,

ਅਤੇ ਇਹਨਾਂ ਦਾ ਜੀਅ ਇਹਨਾਂ ਦੇ ਘਿਣਾਉਣੇ ਕੰਮਾਂ ਵਿੱਚ ਪ੍ਰਸੰਨ ਰਹਿੰਦਾ।

4 ਇਸ ਲਈ ਮੈਂ ਵੀ ਉਨ੍ਹਾਂ ਨਾਲ ਕਠੋਰ ਸਲੂਕ ਕਰਾਂਗਾ

ਅਤੇ ਉਨ੍ਹਾਂ ਉੱਤੇ ਉਹ ਲਿਆਵਾਂਗਾ ਜਿਸ ਤੋਂ ਉਹ ਡਰਦੇ ਹਨ।

ਕਿਉਂਕਿ ਜਦੋਂ ਮੈਂ ਪੁਕਾਰਿਆ ਤਾਂ, ਕਿਸੇ ਨੇ ਉੱਤਰ ਨਾ ਦਿੱਤਾ।

ਜਦੋਂ ਮੈਂ ਬੋਲਿਆਂ ਕਿਸੇ ਨੇ ਨਾ ਸੁਣਿਆ

ਉਨ੍ਹਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ,

ਅਤੇ ਉਹ ਚੁਣਿਆ ਜੋ ਮੈਨੂੰ ਨਾਰਾਜ਼ ਕਰਦਾ ਹੈ।"

5 ਤੁਸੀਂ ਜੋ ਯਾਹਵੇਹ ਦਾ ਬਚਨ ਸੁਣ ਕੇ ਕੰਬਦੇ ਹੋ,

ਉਸ ਦਾ ਇਹ ਬਚਨ ਸੁਣੋ:

"ਤੁਹਾਡੇ ਆਪਣੇ ਲੋਕ ਜੋ ਤੁਹਾਨੂੰ ਨਫ਼ਰਤ ਕਰਦੇ ਹਨ,

ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਵੱਖ ਕਰਦੇ ਹਨ, ਨੇ ਕਿਹਾ ਹੈ,

‘ਯਾਹਵੇਹ ਦੀ ਵਡਿਆਈ ਹੋਵੇ,

ਤਾਂ ਜੋ ਅਸੀਂ ਤੁਹਾਡੀ ਖੁਸ਼ੀ ਵੇਖੀਏ।’

ਤਾਂ ਵੀ ਉਹ ਸ਼ਰਮਸਾਰ ਹੋਣਗੇ।

6 ਸ਼ਹਿਰ ਵਿੱਚੋਂ ਉਸ ਰੌਲੇ ਨੂੰ ਸੁਣੋ,

ਹੈਕਲ ਵਿੱਚੋਂ ਉਹ ਰੌਲਾ ਸੁਣੋ!

ਇਹ ਯਾਹਵੇਹ ਦੀ ਆਵਾਜ਼ ਹੈ

ਜੋ ਆਪਣੇ ਦੁਸ਼ਮਣਾਂ ਨੂੰ ਉਹ ਸਭ ਕੁਝ ਦੇ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।

7 "ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ,

ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।

8 ਇਹੋ ਜਿਹੀਆਂ ਗੱਲਾਂ ਕਿਸ ਨੇ ਸੁਣੀਆਂ ਹਨ?

ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ?

ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ?

ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ,

ਜਿੰਨੀ ਜਲਦੀ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।

9 ਯਾਹਵੇਹ ਆਖਦਾ ਹੈ,

ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ

ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ

ਤਾਂ ਮੈਂ ਕੁੱਖ ਨੂੰ ਬੰਦ ਕਰਾਂ?"

ਤੇਰਾ ਪਰਮੇਸ਼ਵਰ ਆਖਦਾ ਹੈ।

10 "ਹੇ ਯੇਰੂਸ਼ਲੇਮ ਦੇ ਨਾਲ ਅਨੰਦ ਕਰੋ ਅਤੇ ਉਸ ਲਈ ਖੁਸ਼ ਹੋਵੋ,

ਹੇ ਸਾਰੇ ਜਿਹੜੇ ਉਸ ਨੂੰ ਪਿਆਰ ਕਰਦੇ ਹਨ;

ਉਹ ਦੇ ਨਾਲ ਬਹੁਤ ਅਨੰਦ ਕਰੋ,

ਤੁਸੀਂ ਸਾਰੇ ਜਿਹੜੇ ਉਸ ਲਈ ਸੋਗ ਕਰਦੇ ਹੋ।

11 ਕਿਉਂ ਜੋ ਤੁਸੀਂ ਉਸ ਦੇ ਦਿਲਾਸੇ ਭਰੇ,

ਛਾਤੀਆਂ ਨੂੰ ਦੁੱਧ ਚੁੰਘਾਓਗੇ ਅਤੇ ਸੰਤੁਸ਼ਟ ਹੋਵੋਗੇ।

ਤੁਸੀਂ ਡੂੰਘਾਈ ਨਾਲ ਪੀਓਗੇ,

ਅਤੇ ਉਹ ਦੀ ਬਹੁਤਾਤ ਵਿੱਚ ਅਨੰਦ ਕਰੋਗੇ।"

12 ਕਿਉਂਕਿ ਯਾਹਵੇਹ ਇਹ ਆਖਦਾ ਹੈ:

"ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ,

ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ;

ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾ

ਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।

13 ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ,

ਮੈਂ ਤੁਹਾਨੂੰ ਦਿਲਾਸਾ ਦੇਵਾਂਗਾ।

ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।"

14 ਜਦੋਂ ਤੁਸੀਂ ਇਹ ਵੇਖੋਂਗੇ, ਤਾਂ ਤੁਹਾਡਾ ਦਿਲ ਖੁਸ਼ ਹੋਵੇਗਾ

ਅਤੇ ਤੁਸੀਂ ਘਾਹ ਵਾਂਗ ਹਰੇ ਭਰੇ ਉੱਗੋਗੇ।

ਯਾਹਵੇਹ ਦਾ ਹੱਥ ਉਸਦੇ ਸੇਵਕਾਂ ਉੱਤੇ ਪਰਗਟ ਕੀਤਾ ਜਾਵੇਗਾ,

ਪਰ ਉਸਦਾ ਕਹਿਰ ਉਸਦੇ ਦੁਸ਼ਮਣਾਂ ਨੂੰ ਵਿਖਾਇਆ ਜਾਵੇਗਾ।

15 ਵੇਖੋ, ਯਾਹਵੇਹ ਅੱਗ ਨਾਲ ਆ ਰਿਹਾ ਹੈ,

ਅਤੇ ਉਹ ਦੇ ਰਥ ਵਾਵਰੋਲੇ ਵਾਂਗ ਹਨ।

ਉਹ ਆਪਣੇ ਕ੍ਰੋਧ ਤੇਜ਼ੀ ਨਾਲ,

ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ।

16 ਕਿਉਂ ਜੋ ਯਾਹਵੇਹ ਆਪਣੀ ਤਲਵਾਰ ਨਾਲ,

ਸਾਰੇ ਲੋਕਾਂ ਦਾ ਨਿਆਂ ਕਰੇਗਾ,

ਅਤੇ ਬਹੁਤ ਸਾਰੇ ਲੋਕ ਜਿਹੜੇ ਯਾਹਵੇਹ ਦੁਆਰਾ ਮਾਰੇ ਗਏ ਹਨ।

17 "ਜਿਹੜੇ ਆਪਣੇ ਆਪ ਨੂੰ ਬਗੀਚਿਆਂ ਵਿੱਚ ਜਾਣ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ, ਸੂਰਾਂ, ਚੂਹਿਆਂ ਅਤੇ ਹੋਰ ਅਸ਼ੁੱਧ ਚੀਜ਼ਾਂ ਦਾ ਮਾਸ ਖਾਣ ਵਾਲੇ ਲੋਕਾਂ ਵਿੱਚੋਂ ਇੱਕ ਦਾ ਅਨੁਸਰਣ ਕਰਦੇ ਹਨ, ਉਹ ਆਪਣੇ ਆਪ ਨੂੰ ਉਸੇ ਦੇ ਨਾਲ ਪੂਰਾ ਕਰਨਗੇ ਜਿਸਦੀ ਉਹ ਪਾਲਣਾ ਕਰਦੇ ਹਨ, ਯਾਹਵੇਹ ਦਾ ਵਾਕ ਹੈ।

18 "ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਕੰਮਾਂ ਦੇ ਕਾਰਨ ਆਉਣ ਵਾਲਾ ਹਾਂ ਅਤੇ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕੱਠਾ ਕਰਨ ਵਾਲਾ ਹਾਂ ਅਤੇ ਉਹ ਆ ਕੇ ਮੇਰੀ ਮਹਿਮਾ ਵੇਖਣਗੇ।

19 "ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ। 20 ਅਤੇ ਉਹ ਤੇਰੇ ਸਾਰੇ ਲੋਕਾਂ ਨੂੰ, ਸਾਰੀਆਂ ਕੌਮਾਂ ਵਿੱਚੋਂ, ਯੇਰੂਸ਼ਲੇਮ ਵਿੱਚ ਮੇਰੇ ਪਵਿੱਤਰ ਪਰਬਤ ਉੱਤੇ, ਘੋੜਿਆਂ, ਰਥਾਂ, ਗੱਡੇ, ਖੱਚਰਾਂ ਅਤੇ ਊਠਾਂ ਉੱਤੇ, ਯਾਹਵੇਹ ਦੇ ਅੱਗੇ ਭੇਟ ਵਜੋਂ ਲੈ ਆਉਣਗੇ।" ਯਾਹਵੇਹ ਆਖਦਾ ਹੈ। "ਉਹ ਉਨ੍ਹਾਂ ਨੂੰ ਲੈ ਕੇ ਆਉਣਗੇ, ਜਿਵੇਂ ਕਿ ਇਸਰਾਏਲੀ ਆਪਣੀਆਂ ਅਨਾਜ ਦੀਆਂ ਭੇਟਾਂ ਨੂੰ ਰਸਮੀ ਤੌਰ ਤੇ ਸਾਫ਼ ਭਾਂਡਿਆਂ ਵਿੱਚ ਯਾਹਵੇਹ ਦੇ ਭਵਨ ਵਿੱਚ ਲਿਆਉਂਦੇ ਹਨ। 21 ਅਤੇ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਜਕ ਅਤੇ ਲੇਵੀ ਬਣਨ ਲਈ ਵੀ ਚੁਣਾਂਗਾ," ਯਾਹਵੇਹ ਆਖਦਾ ਹੈ।

22 "ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਜੋ ਮੈਂ ਬਣਾਵਾਂਗਾ ਮੇਰੇ ਅੱਗੇ ਕਾਇਮ ਰਹਿਣਗੇ," ਯਾਹਵੇਹ ਆਖਦਾ ਹੈ, "ਉਸੇ ਤਰ੍ਹਾਂ ਤੁਹਾਡਾ ਨਾਮ ਅਤੇ ਉੱਤਰਾਧਿਕਾਰੀ ਕਾਇਮ ਰਹਿਣਗੇ। 23 ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ," ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਾਹਵੇਹ ਆਖਦਾ ਹੈ। 24 "ਮੇਰੇ ਲੋਕ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਹੀਂ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-