Pular para o conteúdo
Publicidade

ਯਸ਼ਾਯਾਹ 54

ਯੇਰੂਸ਼ਲੇਮ ਦੇ ਭਵਿੱਖ ਦੀ ਮਹਿਮਾ

1 "ਹੇ ਬਾਂਝ ਔਰਤ, ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ,

ਜੈਕਾਰਾ ਗਜਾ!

ਖੁਸ਼ੀ ਨਾਲ ਖੁੱਲ੍ਹ ਕੇ ਗਾ,

ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ!

ਕਿਉਂ ਜੋ ਤਿਆਗੀ ਹੋਈ ਦੇ ਬੱਚੇ

ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ,"

ਯਾਹਵੇਹ ਦਾ ਬਚਨ ਹੈ।

2 ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ,

ਉਹ ਆਪਣੇ ਵਾਸਾਂ ਦੇ ਪੜਦੇ ਤਾਣਨ,

ਤੂੰ ਸਰਫਾ ਨਾ ਕਰ,

ਆਪਣੀਆਂ ਰੱਸੀਆਂ ਲੰਮੀਆਂ ਤੇ

ਆਪਣਿਆਂ ਕੀਲਿਆਂ ਨੂੰ ਤਕੜਾ ਕਰ।

3 ਕਿਉਂਕਿ ਹੁਣ ਤੁਸੀਂ ਸੱਜੇ ਅਤੇ ਖੱਬੇ ਦੋਹਾਂ ਨੂੰ ਫੈਲਾਓਗੇ;

ਤੁਹਾਡੇ ਉੱਤਰਾਧਿਕਾਰੀ ਬਹੁਤ ਸਾਰੇ ਦੇਸ਼ਾਂ ਉੱਤੇ ਰਾਜ ਕਰਨਗੇ

ਅਤੇ ਤਬਾਹ ਹੋਏ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ।

4 "ਨਾ ਡਰੋ; ਕਿਉਂਕਿ ਤੁਹਾਨੂੰ ਲੱਜਿਆਵਾਨ ਨਹੀਂ ਹੋਣਾ ਪਵੇਗਾ,

ਘਬਰਾਓ ਨਾ; ਕਿਉਂਕਿ ਤੁਸੀਂ ਦੁਬਾਰਾ ਸ਼ਰਮਿੰਦਾ ਨਹੀਂ ਹੋਵੋਗੇ।

ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ

ਅਤੇ ਤੁਸੀਂ ਆਪਣੀ ਵਿਧਵਾ ਦੀ ਬਦਨਾਮੀ ਨੂੰ ਯਾਦ ਨਹੀਂ ਕਰੋਗੇ।

5 ਤੇਰਾ ਪਤੀ ਤਾਂ ਤੇਰਾ ਕਰਤਾਰ ਹੈ,

ਸੈਨਾਂ ਦਾ ਯਾਹਵੇਹ ਉਹ ਦਾ ਨਾਮ ਹੈ।

ਉਹ ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ;

ਜੋ ਸਾਰੀ ਧਰਤੀ ਉੱਤੇ ਪਰਮੇਸ਼ਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

6 ਯਾਹਵੇਹ ਨੇ ਤਾਂ ਤੈਨੂੰ ਤਿਆਗੀ ਹੋਈ

ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ,

ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ,"

ਤੇਰਾ ਪਰਮੇਸ਼ਵਰ ਆਖਦਾ ਹੈ।

7 "ਥੋੜ੍ਹੇ ਜਿਹੇ ਪਲ ਲਈ ਮੈਂ ਤੈਨੂੰ ਛੱਡ ਦਿੱਤਾ,

ਪਰ ਮੈਂ ਡੂੰਘੀ ਰਹਿਮ ਨਾਲ ਤੈਨੂੰ ਵਾਪਸ ਲਿਆਵਾਂਗਾ।

8 ਕ੍ਰੋਧ ਦੇ ਹੜ੍ਹ ਵਿੱਚ

ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ,

ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ,

ਯਾਹਵੇਹ ਤੇਰਾ ਛੁਡਾਉਣ ਵਾਲਾ ਆਖਦਾ ਹੈ।

9 "ਮੇਰੇ ਲਈ ਇਹ ਨੋਹ ਦੇ ਦਿਨਾਂ ਵਰਗਾ ਹੈ,

ਜਦੋਂ ਮੈਂ ਸਹੁੰ ਖਾਧੀ ਸੀ ਕਿ ਨੋਹ ਦੇ ਪਾਣੀ ਧਰਤੀ ਨੂੰ ਕਦੇ ਵੀ ਨਹੀਂ ਢੱਕਣਗੇ।

ਇਸ ਲਈ ਹੁਣ ਮੈਂ ਤੁਹਾਡੇ ਨਾਲ ਨਾਰਾਜ਼ ਨਾ ਹੋਣ ਦੀ ਸਹੁੰ ਖਾਧੀ ਹੈ,

ਫੇਰ ਕਦੇ ਤੁਹਾਨੂੰ ਝਿੜਕਾਂਗਾ ਨਹੀਂ।

10 ਭਾਵੇਂ ਪਰਬਤ ਜਾਂਦੇ ਰਹਿਣ ਤੇ

ਅਤੇ ਟਿੱਲੇ ਹਿਲਾਏ ਜਾਣ,

ਤਾਂ ਵੀ ਤੁਹਾਡੇ ਲਈ ਮੇਰਾ ਅਟੁੱਟ ਪਿਆਰ ਨਾ ਡੋਲੇਗਾ ਅਤੇ ਨਾ ਹੀ ਮੇਰਾ ਸ਼ਾਂਤੀ ਦਾ ਨੇਮ ਹਟਾਇਆ ਜਾਵੇਗਾ,

ਅਤੇ ਨਾ ਹੀ ਮੇਰਾ ਸ਼ਾਂਤੀ ਦਾ ਇਕਰਾਰਨਾਮਾ ਹਟਾਇਆ ਜਾਵੇ,"

ਇਹ ਯਾਹਵੇਹ ਕਹਿੰਦਾ ਹੈ, ਜੋ ਤੁਹਾਡੇ ਉੱਤੇ ਰਹਿਮ ਕਰਦਾ ਹੈ।

11 "ਹੇ ਦੁਖਿਆਰੀਏ, ਅਨ੍ਹੇਰ ਦੀਏ ਮਾਰੀਏ ਹੋਈਏ, ਜਿਸ ਨੂੰ ਦਿਲਾਸਾ ਨਹੀਂ ਮਿਲਿਆ,

ਵੇਖ, ਮੈਂ ਤੇਰੇ ਪੱਥਰਾਂ ਨੂੰ ਫ਼ੀਰੋਜ਼ਿਆਂ ਵਿੱਚ ਜੜ੍ਹਾਂਗਾ,

ਅਤੇ ਤੇਰੀਆਂ ਨੀਂਹਾਂ ਨੂੰ ਨੀਲਮਾਂ ਨਾਲ ਧਰਾਂਗਾ।

12 ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ,

ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ,

ਅਤੇ ਤੇਰੇ ਸਾਰੇ ਗੜ੍ਹਾਂ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ।

13 ਤੁਹਾਡੇ ਸਾਰੇ ਬੱਚੇ ਯਾਹਵੇਹ ਦੁਆਰਾ ਸਿਖਾਏ ਜਾਣਗੇ,

ਅਤੇ ਉਨ੍ਹਾਂ ਦੀ ਸ਼ਾਂਤੀ ਮਹਾਨ ਹੋਵੇਗੀ।

14 ਤੂੰ ਧਰਮ ਨਾਲ ਕਾਇਮ ਰਹੇਂਗੀ,

ਅਤੇ ਜ਼ੁਲਮ ਤੋਂ ਦੂਰ ਰਹੇਂਗੀ,

ਇਸ ਲਈ ਤੂੰ ਨਾ ਡਰੇਂਗੀ,

ਅਤੇ ਖੌਫ਼ ਨਾ ਖਾਵੇਂਗੀ,

ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ।

15 ਜੇ ਕੋਈ ਤੁਹਾਡੇ ਉੱਤੇ ਹਮਲਾ ਕਰੇ, ਤਾਂ ਇਹ ਮੇਰਾ ਕੰਮ ਨਹੀਂ ਹੋਵੇਗਾ;

ਜੋ ਵੀ ਤੇਰੇ ਤੇ ਹਮਲਾ ਕਰਦਾ ਹੈ ਉਹ ਤੇਰੇ ਕਾਰਨ ਡਿੱਗੇਗਾ।

16 "ਵੇਖੋ, ਇਹ ਮੈਂ ਹੀ ਹਾਂ ਜਿਸਨੇ ਲੁਹਾਰ ਨੂੰ ਬਣਾਇਆ ਹੈ,

ਜੋ ਕੋਲਿਆਂ ਦੀ ਅੱਗ ਧੌਂਕਦਾ ਹੈ

ਅਤੇ ਆਪਣੇ ਕੰਮ ਲਈ ਇੱਕ ਹਥਿਆਰ ਤਿਆਰ ਕਰਦਾ ਹੈ।

ਅਤੇ ਇਹ ਮੈਂ ਹਾਂ ਜਿਸ ਨੇ ਤਬਾਹੀ ਮਚਾਉਣ ਲਈ ਵਿਨਾਸ਼ਕਾਰੀ ਨੂੰ ਬਣਾਇਆ ਹੈ;

17 ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ,

ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ,

ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ

ਇਹ ਯਾਹਵੇਹ ਦੇ ਦਾਸਾਂ ਦਾ ਅਧਿਕਾਰ ਹੈ,

ਅਤੇ ਉਹ ਮੇਰੇ ਕਾਰਨ ਧਰਮੀ ਠਹਿਰਨਗੇ,

ਯਾਹਵੇਹ ਦਾ ਵਾਕ ਹੈ।

Estes versículos te tocaram? Ore agora!

+581 estão orando agora.

Junte-se à corrente de oração.