1 ਯਾਹਵੇਹ ਨੇ ਮੈਨੂੰ ਕਿਹਾ, "ਇੱਕ ਵੱਡੀ ਤੱਖਤੀ ਲੈ ਅਤੇ ਉਸ ਉੱਤੇ ਆਮ ਅੱਖਰਾਂ ਵਿੱਚ ਲਿਖ: ਮਹੇਰ-ਸ਼ਲਾਲ-ਹਾਸ਼-ਬਾਜ਼ ਦੇ ਲਈ।" 2 ਇਸ ਲਈ ਮੈਂ ਊਰੀਯਾਹ ਜਾਜਕ ਅਤੇ ਯਬਰਕੀਯਾਹ ਦੇ ਪੁੱਤਰ ਜ਼ਕਰਯਾਹ ਨੂੰ ਆਪਣੇ ਲਈ ਭਰੋਸੇਯੋਗ ਗਵਾਹਾਂ ਵਜੋਂ ਬੁਲਾਇਆ। 3 ਤਦ ਮੈਂ ਨਬੀਆਂ ਨਾਲ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਾਹਵੇਹ ਨੇ ਮੈਨੂੰ ਕਿਹਾ, "ਉਸ ਦਾ ਨਾਮ ਮਹੇਰ-ਸ਼ਲਾਲ-ਹਾਸ਼-ਬਾਜ਼ ਰੱਖ। 4 ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ‘ਮੇਰਾ ਪਿਤਾ’ ਜਾਂ ‘ਮੇਰੀ ਮਾਤਾ’ ਕਹਿਣਾ ਸਿੱਖੇ, ਦੰਮਿਸ਼ਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ।"
5 ਯਾਹਵੇਹ ਨੇ ਮੇਰੇ ਨਾਲ ਫਿਰ ਗੱਲ ਕੀਤੀ:
6 "ਇਸ ਲਈ ਕਿ ਇਸ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਤਿਆਗ ਦਿੱਤਾ ਅਤੇ ਰੇਜ਼ੀਨ ਅਤੇ ਰਮਲਯਾਹ ਦੇ ਪੁੱਤਰ ਉੱਤੇ ਖੁਸ਼ ਹਨ।
7 ਇਸ ਲਈ ਯਾਹਵੇਹ ਉਨ੍ਹਾਂ ਦੇ ਵਿਰੁੱਧ
ਫ਼ਰਾਤ ਦੇ ਸ਼ਕਤੀਸ਼ਾਲੀ ਹੜ੍ਹਾਂ ਨੂੰ ਲਿਆਉਣ ਵਾਲਾ ਹੈ,
ਅੱਸ਼ੂਰ ਦੇ ਰਾਜੇ ਨੂੰ ਆਪਣੀ ਪੂਰੀ ਸ਼ਾਨ ਨਾਲ ਅਤੇ
ਉਹ ਆਪਣੇ ਸਾਰੇ ਨਾਲਿਆਂ ਉੱਤੇ ਵਹਿ ਜਾਵੇਗਾ,
ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਦੀ ਵਗੇਗਾ
8 ਉਹ ਯਹੂਦਾਹ ਦੇ ਵਿੱਚੋਂ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ
ਅਤੇ ਗਰਦਨ ਤੱਕ ਚੜ੍ਹੇਗਾ
ਅਤੇ ਹੇ ਇੰਮਾਨੂਏਲ, ਉਹ ਦੇ ਖੰਭਾਂ ਦਾ ਫੈਲਾਓ
ਤੇਰੇ ਸਾਰੇ ਦੇਸ ਨੂੰ ਢੱਕ ਲਵੇਗਾ।"
9 ਹੇ ਜਾਤੀ-ਜਾਤੀ ਦੇ ਲੋਕੋ! ਮਿਲ ਜਾਓ,
ਪਰ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ,
ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ,
ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ
10 ਆਪਸ ਵਿੱਚ ਸਲਾਹ ਕਰੋ ਪਰ ਉਹ ਅਸਫ਼ਲ ਹੋਵੇਗੀ,
ਯੋਜਨਾ ਬਣਾਓ ਪਰ ਉਹ ਕਾਇਮ ਨਾ ਰਹੇਗੀ,
ਕਿਉਂ ਜੋ ਪਰਮੇਸ਼ਵਰ ਸਾਡੇ ਨਾਲ ਹੈ ਲੋਕਾਂ ਦੇ ਰਾਹ ਦੀ ਪਾਲਣਾ ਕਰੋ।
11 ਇਸ ਤਰ੍ਹਾਂ ਯਾਹਵੇਹ ਨੇ ਆਪਣੇ ਤਕੜੇ ਹੱਥ ਨਾਲ ਮੈਨੂੰ ਫੜ੍ਹ ਕੇ, ਇਸ ਪਰਜਾ ਦੇ ਚਾਲ-ਚਲਣ ਤੋਂ ਮੈਨੂੰ ਇਹ ਆਖ ਕੇ ਖ਼ਬਰਦਾਰ ਕੀਤਾ
12 "ਉਸ ਨੂੰ ਸਾਜ਼ਿਸ਼ ਨਾ ਆਖੋ
ਜਿਸ ਚੀਜ਼ ਨੂੰ ਇਹ ਲੋਕ ਸਾਜ਼ਿਸ਼ ਕਹਿੰਦੇ ਹਨ;
ਉਸ ਤੋਂ ਨਾ ਡਰੋ ਜਿਸ ਤੋਂ ਉਹ ਡਰਦੇ ਹਨ,
ਅਤੇ ਇਸ ਤੋਂ ਨਾ ਕੰਬਣਾ।
13 ਸਰਬਸ਼ਕਤੀਮਾਨ ਯਾਹਵੇਹ ਨੂੰ ਹੀ ਪਵਿੱਤਰ ਮੰਨੋ
ਅਤੇ ਉਸੇ ਤੋਂ ਡਰੋ
ਅਤੇ ਉਸੇ ਦੇ ਸਾਹਮਣੇ ਕੰਬੋ।
14 ਉਹ ਪਵਿੱਤਰ ਅਸਥਾਨ ਹੋਵੇਗਾ,
ਪਰ ਇਸਰਾਏਲ ਅਤੇ ਯਹੂਦਾਹ ਦੇ ਘਰਾਣਿਆਂ ਲਈ ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ ਅਤੇ ਇੱਕ ਚੱਟਾਨ ਜਿਸ ਕਾਰਨ ਉਹ ਡਿੱਗਣਗੇ।
ਅਤੇ ਯੇਰੂਸ਼ਲੇਮ ਦੇ ਵਾਸੀਆਂ ਲਈ
ਫਾਹੀ ਅਤੇ ਫੰਦਾ ਹੋਵੇਗਾ।
15 ਉਨ੍ਹਾਂ ਵਿੱਚੋਂ ਬਹੁਤ ਸਾਰੇ ਠੋਕਰ ਖਾਣਗੇ।
ਉਹ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ,
ਉਹ ਫਸ ਜਾਣਗੇ ਅਤੇ ਫੜੇ ਜਾਣਗੇ।"
16 ਸਾਖੀ-ਨਾਮੇ ਨੂੰ ਬੰਦ ਕਰ,
ਅਤੇ ਮੇਰੇ ਚੇਲਿਆਂ ਦੇ ਵਿਚਕਾਰ ਪਰਮੇਸ਼ਵਰ ਦੀ ਬਿਵਸਥਾ ਉੱਤੇ ਮੋਹਰ ਲਾ ਦੇ।
17 ਮੈਂ ਯਾਹਵੇਹ ਦੀ ਉਡੀਕ ਕਰਾਂਗਾ, ਜੋ ਯਾਕੋਬ ਦੇ ਉੱਤਰਾਧਿਕਾਰੀਆਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ।
ਮੈਂ ਉਸ ਉੱਤੇ ਆਪਣਾ ਭਰੋਸਾ ਰੱਖਾਂਗਾ।
18 ਇਹ ਮੈਂ ਹਾਂ, ਅਤੇ ਉਹ ਬੱਚੇ ਜਿਹੜੇ ਯਾਹਵੇਹ ਨੇ ਮੈਨੂੰ ਦਿੱਤੇ ਹਨ, ਇਸਰਾਏਲ ਵਿੱਚ ਸਰਬਸ਼ਕਤੀਮਾਨ ਯਾਹਵੇਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ।
19 ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤ ਕੱਢਣ ਵਾਲਿਆਂ ਜਾਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ ਕੀ ਲੋਕ ਆਪਣੇ ਪਰਮੇਸ਼ਵਰ ਨੂੰ ਨਾ ਪੁੱਛਣ? ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਕਿਉਂ ਪੁੱਛਣਾ ਚਾਹੀਦਾ ਹੈ? 20 ਪਰਮੇਸ਼ਵਰ ਦੇ ਉਪਦੇਸ਼ ਅਤੇ ਚੇਤਾਵਨੀ ਦੀ ਗਵਾਹੀ ਦੀ ਸਲਾਹ ਲਓ। ਜੇ ਕੋਈ ਇਸ ਸ਼ਬਦ ਦੇ ਅਨੁਸਾਰ ਨਹੀਂ ਬੋਲਦਾ, ਤਾਂ ਉਨ੍ਹਾਂ ਕੋਲ ਸਵੇਰ ਦਾ ਪ੍ਰਕਾਸ਼ ਨਹੀਂ ਹੈ। 21 ਦੁਖੀ ਅਤੇ ਭੁੱਖੇ, ਉਹ ਧਰਤੀ ਵਿੱਚ ਘੁੰਮਣਗੇ; ਜਦੋਂ ਉਹ ਭੁੱਖੇ ਹੋਣਗੇ, ਉਹ ਗੁੱਸੇ ਹੋ ਜਾਣਗੇ ਅਤੇ ਉੱਪਰ ਵੱਲ ਦੇਖ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ਵਰ ਨੂੰ ਸਰਾਪ ਦੇਣਗੇ। 22 ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਅਤੇ ਹਨ੍ਹੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ।