1 "ਹਾਏ ਵਿਦਰੋਹੀ ਬਾਲਕਾਂ ਉੱਤੇ!"
ਯਾਹਵੇਹ ਦਾ ਵਾਕ ਹੈ,
ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ,
ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ,
ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ;
2 ਜੋ ਮੇਰੇ ਨਾਲ ਸਲਾਹ ਕੀਤੇ ਬਿਨਾਂ
ਮਿਸਰ ਨੂੰ ਜਾਂਦੇ ਹਨ;
ਜੋ ਫ਼ਿਰਾਊਨ ਦੀ ਸੁਰੱਖਿਆ ਅਤੇ ਸਹਾਇਤਾ ਲਈ,
ਅਤੇ ਮਿਸਰ ਦੀ ਪਨਾਹ ਵੱਲ ਵੇਖਦੇ ਹਨ।
3 ਪਰ ਫ਼ਿਰਾਊਨ ਦੀ ਸੁਰੱਖਿਆ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ,
ਅਤੇ ਮਿਸਰ ਦੀ ਪਨਾਹ ਤੇਰੀ ਬੇਇੱਜ਼ਤੀ ਹੋਵੇਗੀ।
4 ਭਾਵੇਂ ਸੋਆਨ ਵਿੱਚ ਉਨ੍ਹਾਂ ਦੇ ਅਧਿਕਾਰੀ ਹੋਣ
ਅਤੇ ਉਨ੍ਹਾਂ ਦੇ ਦੂਤ ਹਾਨੇਸ ਵਿੱਚ ਆ ਗਏ ਹੋਣ,
5 ਉਹ ਸਾਰੇ ਉਸ ਕੌਮ ਦੇ ਕਾਰਨ,
ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਸ਼ਰਮਿੰਦੇ ਹੋਣਗੇ,
ਉਹ ਨਾ ਸਹਾਇਤਾ ਲਈ, ਨਾ ਲਾਭ ਲਈ,
ਪਰ ਸ਼ਰਮਿੰਦਗੀ ਅਤੇ ਨਿੰਦਿਆ ਲਈ ਹੋਵੇਗੀ।
6 ਨੇਗੇਵ ਦੇ ਜਾਨਵਰਾਂ ਬਾਰੇ ਇੱਕ ਭਵਿੱਖਬਾਣੀ:
ਕਠਿਨਾਈ ਅਤੇ ਬਿਪਤਾ ਦੇ ਦੇਸ਼ ਵਿੱਚ,
ਬੱਬਰ ਸ਼ੇਰ ਅਤੇ ਸ਼ੇਰਨੀਆਂ,
ਨਾਗ ਅਤੇ ਸੱਪਾਂ ਦੇ ਦੁਆਰਾ,
ਉਹ ਜੁਆਨ ਗਧਿਆਂ ਦੀ ਪਿੱਠ ਉੱਤੇ ਆਪਣਾ ਧਨ,
ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ,
ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ,
7 ਮਿਸਰ ਨੂੰ ਜਿਸ ਦੀ ਸਹਾਇਤਾ ਬਿਲਕੁਲ ਵਿਅਰਥ ਹੈ।
ਇਸ ਲਈ ਮੈਂ ਉਸ ਨੂੰ "ਰਾਹਾਬ ਜਿਹੜੀ ਬੈਠੀ ਰਹਿੰਦੀ ਹੈ"
ਸੱਦਿਆ ਹੈ!
8 ਹੁਣ ਜਾ ਕੇ ਉਹਨਾਂ ਲਈ ਇੱਕ ਫੱਟੀ ਉੱਤੇ ਲਿਖ,
ਇੱਕ ਪੱਤਰੀ ਵਿੱਚ ਦਰਜ ਕਰ,
ਤਾਂ ਜੋ ਆਉਣ ਵਾਲੇ ਦਿਨਾਂ ਵਿੱਚ
ਇਹ ਸਦੀਵੀ ਗਵਾਹ ਹੋਵੇ।
9 ਕਿਉਂ ਜੋ ਇਹ ਵਿਦਰੋਹੀ ਲੋਕ, ਧੋਖੇਬਾਜ਼ ਬੱਚੇ,
ਬੱਚੇ ਜੋ ਯਾਹਵੇਹ ਦੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ।
10 ਉਹ ਦਰਸ਼ਨ ਵੇਖਣ ਵਾਲਿਆ ਨੂੰ ਆਖਦੇ ਹਨ,
"ਹੋਰ ਦਰਸ਼ਨ ਨਾ ਵੇਖੋ!"
ਅਤੇ ਨਬੀਆਂ ਨੂੰ ਆਖਦੇ ਹਨ,
"ਸਾਨੂੰ ਸਹੀ ਦੇ ਦਰਸ਼ਨ ਨਾ ਦੱਸੋ!
ਸਾਨੂੰ ਚੰਗੀਆਂ ਗੱਲਾਂ ਦੱਸੋ,
ਭਰਮਾ ਦੀ ਭਵਿੱਖਬਾਣੀ ਦੱਸੋ।
11 ਇਸ ਰਾਹ ਨੂੰ ਛੱਡ,
ਇਸ ਮਾਰਗ ਤੋਂ ਫਿਰ ਜਾਓ,
ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨਾਲ
ਸਾਡਾ ਸਾਹਮਣਾ ਕਰਨਾ ਬੰਦ ਕਰ!"
12 ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ:
ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ,
ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ,
ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,
13 ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ,
ਜਿਹੜੀ ਉੱਚੀ ਕੰਧ ਵਿੱਚ ਉੱਭਰੀ ਹੋਈ ਹੈ,
ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।
14 ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ,
ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫ਼ਾ ਨਹੀਂ ਕਰਦਾ,
ਅਤੇ ਜਿਸ ਦੇ ਟੁੱਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ,
ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ,
ਜਾਂ ਹੌਦ ਤੋਂ ਪਾਣੀ ਭਰਿਆ ਜਾਵੇ।
15 ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ:
"ਤੋਬਾ ਅਤੇ ਆਰਾਮ ਵਿੱਚ ਤੁਹਾਡੀ ਮੁਕਤੀ ਹੈ,
ਸ਼ਾਂਤੀ ਅਤੇ ਭਰੋਸਾ ਵਿੱਚ ਤੁਹਾਡੀ ਤਾਕਤ ਹੈ,
ਪਰ ਤੁਹਾਡੇ ਕੋਲ ਇਸ ਵਿੱਚੋਂ ਕੋਈ ਨਹੀਂ ਹੋਵੇਗਾ।
16 ਤੁਸੀਂ ਆਖਿਆ, ‘ਨਹੀਂ, ਅਸੀਂ ਘੋੜਿਆਂ ਉੱਤੇ ਭੱਜਾਂਗੇ।’
ਇਸ ਲਈ ਤੁਸੀਂ ਭੱਜੋਗੇ!
ਤੁਸੀਂ ਕਿਹਾ ਸੀ, ‘ਅਸੀਂ ਤੇਜ਼ ਘੋੜਿਆਂ ਉੱਤੇ ਸਵਾਰ ਹੋਵਾਂਗੇ।’
ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਤੇਜ਼ ਹੋਣਗੇ!
17 ਇੱਕ ਦੀ ਧਮਕੀ ਨਾਲ
ਇੱਕ ਹਜ਼ਾਰਾਂ ਲੋਕ ਭੱਜ ਜਾਣਗੇ।
ਪੰਜਾਂ ਦੀ ਧਮਕੀ ਨਾਲ
ਤੁਸੀਂ ਸਾਰੇ ਭੱਜ ਜਾਵੋਂਗੇ,
ਜਦੋਂ ਤੱਕ ਤੁਸੀਂ ਪਹਾੜ ਦੀ ਚੋਟੀ ਨਾਲ ਝੰਡੇ ਦੇ ਡੰਡੇ ਵਾਂਗ,
ਪਹਾੜੀ ਉੱਤੇ ਝੰਡੇ ਵਾਂਗ ਨਹੀਂ ਛੱਡ ਜਾਂਦੇ ਹੋ।"
18 ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ;
ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ।
ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ।
ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!
19 ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ। 20 ਭਾਵੇਂ ਯਾਹਵੇਹ ਤੁਹਾਨੂੰ ਬਿਪਤਾ ਦੀ ਰੋਟੀ ਅਤੇ ਬਿਪਤਾ ਦਾ ਪਾਣੀ ਦਿੰਦਾ ਹੈ, ਪਰ ਤੁਹਾਡੇ ਉਪਦੇਸ਼ਕ ਹੋਰ ਲੁਕੇ ਨਹੀਂ ਰਹਿਣਗੇ। ਤੁਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ। 21 ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, "ਇਹ ਰਸਤਾ ਹੈ; ਇਸ ਵਿੱਚ ਚੱਲੋ।" 22 ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਅਤੇ ਸੋਨੇ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਦੀ ਬੇਅਦਬੀ ਕਰੋਗੇ। ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, "ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!"
23 ਜੋ ਬੀਜ ਤੁਸੀਂ ਜ਼ਮੀਨ ਵਿੱਚ ਬੀਜੋਗੇ ਉਸ ਲਈ ਉਹ ਤੁਹਾਡੇ ਲਈ ਮੀਂਹ ਵੀ ਭੇਜੇਗਾ ਅਤੇ ਜ਼ਮੀਨ ਵਿੱਚੋਂ ਜੋ ਭੋਜਨ ਆਵੇਗਾ ਉਹ ਉੱਤਮ ਅਤੇ ਭਰਪੂਰ ਹੋਵੇਗਾ। ਉਸ ਦਿਨ ਤੁਹਾਡੇ ਪਸ਼ੂ ਚੌੜੇ ਮੈਦਾਨਾਂ ਵਿੱਚ ਚਰਨਗੇ। 24 ਬਲਦ ਅਤੇ ਗਧੇ ਜਿਹੜੇ ਮਿੱਟੀ ਦਾ ਕੰਮ ਕਰਦੇ ਹਨ, ਚਾਰਾ ਅਤੇ ਮਾਸ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ। 25 ਵੱਡੇ ਕਤਲੇਆਮ ਦੇ ਦਿਨ, ਜਦੋਂ ਬੁਰਜ ਡਿੱਗਣਗੇ, ਹਰ ਉੱਚੇ ਪਹਾੜ ਅਤੇ ਹਰ ਉੱਚੀ ਪਹਾੜੀ ਉੱਤੇ ਪਾਣੀ ਦੀਆਂ ਨਦੀਆਂ ਵਗਣਗੀਆਂ। 26 ਚੰਦ ਸੂਰਜ ਵਾਂਙੁ ਚਮਕੇਗਾ, ਅਤੇ ਸੂਰਜ ਦੀ ਰੋਸ਼ਨੀ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ, ਜਦੋਂ ਯਾਹਵੇਹ ਆਪਣੇ ਲੋਕਾਂ ਦੇ ਜ਼ਖਮਾਂ ਨੂੰ ਭਰ ਦੇਵੇਗਾ ਅਤੇ ਜ਼ਖਮਾਂ ਨੂੰ ਚੰਗਾ ਕਰੇਗਾ।
27 ਵੇਖੋ, ਯਾਹਵੇਹ ਦਾ ਨਾਮ ਦੂਰੋਂ ਆਉਂਦਾ ਹੈ,
ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ।
ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ,
ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।
28 ਉਹ ਦਾ ਸਾਹ ਇੱਕ ਤੇਜ਼ ਵਗਦੇ ਪਾਣੀ ਵਾਂਗ ਹੈ,
ਜਿਹੜਾ ਗਲ਼ ਤੱਕ ਪਹੁੰਚਦਾ ਹੈ।
ਉਹ ਕੌਮਾਂ ਨੂੰ ਤਬਾਹੀ ਦੀ ਛਲਣੀ ਵਿੱਚ ਹਿਲਾ ਦਿੰਦਾ ਹੈ;
ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ,
ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।
29 ਅਤੇ ਤੁਸੀਂ ਉਸ ਰਾਤ ਨੂੰ ਗਾਓਗੇ
ਜਿਵੇਂ ਤੁਸੀਂ ਪਵਿੱਤਰ ਤਿਉਹਾਰ ਮਨਾਉਂਦੇ ਹੋ।
ਤੁਹਾਡੇ ਦਿਲ ਖੁਸ਼ ਹੋਣਗੇ
ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ
ਯਾਹਵੇਹ ਦੇ ਪਹਾੜ ਉੱਤੇ,
ਇਸਰਾਏਲ ਦੀ ਚੱਟਾਨ ਵੱਲ ਜਾਂਦੇ ਹਨ।
30 ਯਾਹਵੇਹ ਲੋਕਾਂ ਨੂੰ ਉਸਦੀ ਸ਼ਾਨਦਾਰ ਆਵਾਜ਼ ਸੁਣਾਉਣ ਲਈ ਪ੍ਰੇਰਿਤ ਕਰੇਗਾ
ਅਤੇ ਆਪਣੀ ਬਾਂਹ ਦਾ ਉਲਾਰ,
ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ
ਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।
31 ਯਾਹਵੇਹ ਦੀ ਆਵਾਜ਼ ਅੱਸ਼ੂਰ ਨੂੰ ਚੂਰ-ਚੂਰ ਕਰ ਦੇਵੇਗੀ।
ਉਹ ਆਪਣੇ ਡੰਡੇ ਨਾਲ ਉਨ੍ਹਾਂ ਨੂੰ ਮਾਰ ਦੇਵੇਗਾ।
32 ਯਾਹਵੇਹ ਦੀ ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ,
ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵੇਗੀ,
ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ।
33 ਪਹਿਲੇ ਸਮੇਂ ਤੋਂ ਇੱਕ ਸਿਵਾ ਤਿਆਰ ਹੈ,
ਉਹ ਰਾਜੇ ਦੇ ਲਈ ਡੂੰਘਾ ਤੇ ਖੁੱਲ੍ਹਾ ਕਰ ਕੇ ਠਹਿਰਾਇਆ ਗਿਆ ਹੈ,
ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ,
ਯਾਹਵੇਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ।