Pular para o conteúdo
Publicidade

ਯਸ਼ਾਯਾਹ 2

ਯਾਹਵੇਹ ਦਾ ਪਰਬਤ

1 ਆਮੋਸ ਦੇ ਪੁੱਤਰ ਯਸ਼ਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਵਿਖੇ ਦਰਸ਼ਨ ਵਿੱਚ ਵੇਖਿਆ:

2 ਅੰਤ ਦੇ ਦਿਨਾਂ ਵਿੱਚ

ਅਜਿਹਾ ਹੋਵੇਗਾ ਯਾਹਵੇਹ ਦੇ ਭਵਨ ਦਾ ਪਰਬਤ ਸਾਰਿਆਂ ਪਹਾੜਾਂ ਵਿੱਚੋਂ ਸਭ ਤੋਂ ਉੱਚਾ ਹੋਵੇਗਾ,

ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ,

ਅਤੇ ਸਾਰੀਆਂ ਕੌਮਾਂ ਵਗਦੀ ਨਦੀ ਵਾਂਗ ਉਸ ਦੇ ਵੱਲ ਵਗਣਗੀਆਂ।

3 ਬਹੁਤ ਸਾਰੇ ਲੋਕ ਆਉਣਗੇ ਅਤੇ ਆਖਣਗੇ,

"ਆਓ, ਅਸੀਂ ਯਾਹਵੇਹ ਦੇ ਪਰਬਤ ਉੱਤੇ ਚੜ੍ਹੀਏ,

ਯਾਹਵੇਹ ਯਾਕੋਬ ਦੇ ਪਰਮੇਸ਼ਵਰ ਦੇ ਭਵਨ ਵੱਲ ਜਾਈਏ।

ਤਾਂ ਜੋ ਉਹ ਸਾਨੂੰ ਆਪਣੇ ਰਾਹ ਸਿਖਾਵੇ,

ਅਤੇ ਅਸੀਂ ਉਸ ਦੇ ਰਾਹਾਂ ਵਿੱਚ ਚੱਲੀਏ।"

ਕਿਉਂ ਜੋ ਬਿਵਸਥਾ ਸੀਯੋਨ ਤੋਂ,

ਅਤੇ ਯਾਹਵੇਹ ਦਾ ਬਚਨ ਯੇਰੂਸ਼ਲੇਮ ਤੋਂ ਨਿੱਕਲੇਗਾ।

4 ਉਹ ਕੌਮਾਂ ਵਿੱਚ ਨਿਆਂ ਕਰੇਗਾ

ਅਤੇ ਬਹੁਤ ਸਾਰੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰੇਗਾ।

ਉਹ ਆਪਣੀਆਂ ਤਲਵਾਰਾਂ ਨੂੰ ਕੁੱਟ-ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ

ਅਤੇ ਆਪਣੇ ਬਰਛਿਆਂ ਨੂੰ ਕੁੰਡੀਆਂ ਬਣਾ ਲੈਣਗੇ।

ਕੌਮ-ਕੌਮ ਦੇ ਵਿਰੁੱਧ ਤਲਵਾਰ ਨਹੀਂ ਚੁੱਕੇਗੀ,

ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।

5 ਆਓ, ਯਾਕੋਬ ਦੀ ਸੰਤਾਨ,

ਅਸੀਂ ਯਾਹਵੇਹ ਦੇ ਚਾਨਣ ਵਿੱਚ ਚੱਲੀਏ।

ਯਾਹਵੇਹ ਦਾ ਦਿਨ

6 ਹੇ ਯਾਹਵੇਹ ਤੂੰ ਤਾਂ ਆਪਣੀ ਪਰਜਾ ਯਾਕੋਬ ਦੇ ਵੰਸ਼ ਨੂੰ ਛੱਡ ਦਿੱਤਾ ਹੈ।

ਉਹ ਪੂਰਬ ਦੇ ਵਹਿਮਾਂ ਨਾਲ ਭਰੇ ਹੋਏ ਹਨ;

ਉਹ ਫ਼ਲਿਸਤੀਆਂ ਵਾਂਗ ਭਵਿੱਖਬਾਣੀ ਦਾ ਅਭਿਆਸ ਕਰਦੇ ਹਨ

ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ।

7 ਉਨ੍ਹਾਂ ਦੀ ਧਰਤੀ ਚਾਂਦੀ ਅਤੇ ਸੋਨੇ ਨਾਲ ਭਰੀ ਹੋਈ ਹੈ,

ਉਨ੍ਹਾਂ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ ਹੈ।

ਉਨ੍ਹਾਂ ਦੀ ਧਰਤੀ ਘੋੜਿਆਂ ਨਾਲ ਭਰੀ ਹੋਈ ਹੈ,

ਉਨ੍ਹਾਂ ਦੇ ਰਥਾਂ ਦਾ ਕੋਈ ਅੰਤ ਨਹੀਂ ਹੈ।

8 ਉਨ੍ਹਾਂ ਦੀ ਧਰਤੀ ਮੂਰਤੀਆਂ ਨਾਲ ਭਰੀ ਹੋਈ ਹੈ;

ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ,

ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ।

9 ਇਸ ਲਈ ਲੋਕਾਂ ਨੂੰ ਝੁਕਾਇਆ ਜਾਂਦਾ

ਅਤੇ ਹਰ ਕੋਈ ਨੀਵਾਂ ਕੀਤਾ ਜਾਵੇਗਾ,

ਉਹਨਾਂ ਨੂੰ ਮਾਫ਼ ਨਾ ਕਰੋ।

10 ਚੱਟਾਨਾਂ ਵਿੱਚ ਜਾਓ, ਜ਼ਮੀਨ ਵਿੱਚ ਲੁਕ ਜਾਓ

ਯਾਹਵੇਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ,

ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ!

11 ਹੰਕਾਰੀ ਦੀਆਂ ਅੱਖਾਂ ਨੀਵੀਆਂ ਹੋ ਜਾਣਗੀਆਂ

ਅਤੇ ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ,

ਉਸ ਦਿਨ ਇਕੱਲੇ ਯਾਹਵੇਹ ਨੂੰ ਉੱਚਾ ਕੀਤਾ ਜਾਵੇਗਾ।

12 ਸਰਬਸ਼ਕਤੀਮਾਨ ਯਾਹਵੇਹ ਕੋਲ ਇੱਕ ਦਿਨ ਹੈ

ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ,

ਉਨ੍ਹਾਂ ਸਾਰਿਆਂ ਲਈ ਜੋ ਉੱਚੇ ਹਨ

(ਅਤੇ ਉਹ ਨੀਵੇਂ ਕੀਤੇ ਜਾਣਗੇ),

13 ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ,

ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,

14 ਸਾਰੇ ਉੱਚੇ ਪਹਾੜਾਂ

ਅਤੇ ਸਾਰੀਆਂ ਉੱਚੀਆਂ ਪਹਾੜੀਆਂ ਲਈ,

15 ਹਰ ਇੱਕ ਉੱਚੇ ਬੁਰਜ ਲਈ

ਅਤੇ ਹਰ ਕਿਲ੍ਹੇ ਵਾਲੀ ਕੰਧ,

16 ਹਰ ਵਪਾਰਕ ਜਹਾਜ਼

ਅਤੇ ਹਰ ਸ਼ਾਨਦਾਰ ਜਹਾਜ਼ ਲਈ।

17 ਆਦਮੀ ਦਾ ਹੰਕਾਰ ਨਿਵਾਇਆ ਜਾਵੇਗਾ

ਅਤੇ ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ;

ਅਤੇ ਇਕੱਲਾ ਯਾਹਵੇਹ ਹੀ ਉੱਚੀ ਥਾਂ ਤੇ ਬੈਠੇਗਾ,

18 ਅਤੇ ਮੂਰਤੀਆਂ ਪੂਰੀ ਤਰ੍ਹਾਂ ਅਲੋਪ ਹੋ ਜਾਣਗੀਆਂ।

19 ਜਦ ਯਾਹਵੇਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ,

ਤਾਂ ਉਸ ਦੇ ਭੈਅ ਦੇ ਕਾਰਨ

ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ,

ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।

20 ਉਸ ਦਿਨ ਲੋਕ ਆਪਣੀਆਂ ਚਾਂਦੀ ਦੀਆਂ ਮੂਰਤੀਆਂ

ਜਿਹੜੀਆਂ ਉਨ੍ਹਾਂ ਨੇ ਪੂਜਾ ਕਰਨ ਲਈ ਬਣਾਈਆਂ ਸਨ

ਚਿੱਚੜਾਂ ਅਤੇ ਚਮਗਿੱਦੜਾਂ ਨੂੰ ਸੁੱਟ ਦੇਣਗੇ।

21 ਉਹ ਯਾਹਵੇਹ ਦੀ ਭੈਭੀਤ ਹਜ਼ੂਰੀ

ਅਤੇ ਉਸ ਦੀ ਮਹਿਮਾ ਦੇ ਪਰਤਾਪ ਤੋਂ,

ਜਦੋਂ ਉਹ ਧਰਤੀ ਨੂੰ ਹਿਲਾਉਣ ਲਈ ਉੱਠਦਾ ਹੈ,

ਚੱਟਾਨਾਂ ਵਿੱਚ ਗੁਫ਼ਾਂਵਾਂ ਅਤੇ ਉੱਚੀਆਂ ਚਟਾਨਾਂ ਵੱਲ ਭੱਜ ਜਾਣਗੇ।

22 ਇਸ ਲਈ ਮਨੁੱਖਾਂ ਉੱਤੇ ਭਰੋਸਾ ਕਰਨਾ ਛੱਡ ਦਿਓ,

ਜਿਨ੍ਹਾਂ ਦੀਆਂ ਨਾਸਾਂ ਵਿੱਚ ਸਾਹ ਹੀ ਹੈ

ਉਨ੍ਹਾਂ ਦਾ ਮੁੱਲ ਹੈ ਹੀ ਕੀ?

Estes versículos te tocaram? Ore agora!

+581 estão orando agora.

Junte-se à corrente de oração.