1 ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ, ਮੈਂ ਯਾਹਵੇਹ ਨੂੰ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਸਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ। 2 ਉਹ ਦੇ ਉੱਪਰ ਸਰਾਫ਼ੀਮ ਸਨ, ਹਰ ਇੱਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਉਹ ਉੱਡ ਰਹੇ ਸਨ। 3 ਅਤੇ ਉਹ ਇੱਕ ਦੂਸਰੇ ਨੂੰ ਪੁਕਾਰ ਰਹੇ ਸਨ:
"ਪਵਿੱਤਰ, ਪਵਿੱਤਰ, ਪਵਿੱਤਰ ਹੈ ਯਾਹਵੇਹ ਸਰਬਸ਼ਕਤੀਮਾਨ;
ਸਾਰੀ ਧਰਤੀ ਉਸਦੀ ਮਹਿਮਾ ਨਾਲ ਭਰੀ ਹੋਈ ਹੈ।"
4 ਅਤੇ ਉਹਨਾਂ ਦੇ ਪੁਕਾਰਨ ਵਾਲੇ ਦੀ ਆਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।
5 ਤਦ ਮੈਂ ਆਖਿਆ, "ਹਾਏ ਮੇਰੇ ਉੱਤੇ! ਮੈਂ ਬਰਬਾਦ ਹੋ ਗਿਆ ਹਾਂ! ਕਿਉਂਕਿ ਮੈਂ ਅਸ਼ੁੱਧ ਬੁੱਲ੍ਹਾਂ ਵਾਲਾ ਆਦਮੀ ਹਾਂ, ਮੈਂ ਅਸ਼ੁੱਧ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ, ਕਿਉਂ ਜੋ ਮੇਰੀਆਂ ਅੱਖਾਂ ਨੇ ਸਰਬਸ਼ਕਤੀਮਾਨ ਯਾਹਵੇਹ ਮਹਾਰਾਜਾ ਨੂੰ ਵੇਖਿਆ ਹੈ।"
6 ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ। 7 ਉਸ ਨੇ ਇਸ ਕੋਲੇ ਨਾਲ ਮੇਰੇ ਮੂੰਹ ਨੂੰ ਛੂਹਿਆ ਅਤੇ ਕਿਹਾ, "ਵੇਖ, ਤੇਰੇ ਬੁੱਲ੍ਹਾਂ ਤੋਂ ਬਦੀ ਦੂਰ ਹੋ ਗਈ ਹੈ ਅਤੇ ਤੇਰੇ ਪਾਪ ਮਾਫ਼ ਹੋ ਗਏ ਹਨ।"
8 ਤਦ ਮੈਂ ਯਾਹਵੇਹ ਦੀ ਆਵਾਜ਼ ਇਹ ਆਖਦਿਆਂ ਸੁਣੀ, "ਮੈਂ ਕਿਸ ਨੂੰ ਭੇਜਾਂ? ਅਤੇ ਸਾਡੇ ਲਈ ਕੌਣ ਜਾਵੇਗਾ?"
ਅਤੇ ਮੈਂ ਕਿਹਾ, "ਮੈਂ ਇੱਥੇ ਹਾਂ, ਮੈਨੂੰ ਭੇਜੋ!"
9 ਉਸ ਨੇ ਆਖਿਆ, "ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ:
" ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ।
ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’
10 ਇਨ੍ਹਾਂ ਲੋਕਾਂ ਦੇ ਮਨ ਮੋਟੇ ਹਨ;
ਅਤੇ ਕੰਨ ਭਾਰੇ ਕਰ ਦੇ
ਉਹਨਾਂ ਦੀਆਂ ਅੱਖਾਂ ਬੰਦ ਕਰ।
ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ,
ਅਤੇ ਆਪਣੇ ਕੰਨਾਂ ਨਾਲ ਸੁਣਨ,
ਆਪਣੇ ਦਿਲਾਂ ਨਾਲ ਸਮਝਣ,
ਅਤੇ ਮੁੜ ਕੇ ਚੰਗੇ ਹੋ ਜਾਣ।"
11 ਤਦ ਮੈਂ ਆਖਿਆ, "ਹੇ ਯਾਹਵੇਹ, ਕਿੰਨਾ ਚਿਰ?"
ਅਤੇ ਉਸ ਨੇ ਉੱਤਰ ਦਿੱਤਾ:
"ਜਦੋਂ ਤੱਕ ਸ਼ਹਿਰ ਉਜਾੜ ਨਾ ਹੋ ਜਾਣ ਅਤੇ ਬੇ-ਅਬਾਦ ਨਾ ਹੋ ਜਾਣ,
ਅਤੇ ਘਰ ਬੇ-ਚਰਾਗ ਨਾ ਹੋ ਜਾਣ,
ਅਤੇ ਜ਼ਮੀਨ ਪੂਰੀ ਹੀ ਉਜੜ ਨਾ ਹੋ ਜਾਵੇ,
12 ਜਦ ਤੱਕ ਯਾਹਵੇਹ ਨੇ ਸਾਰੇ ਲੋਕਾਂ ਨੂੰ ਦੂਰ ਨਹੀਂ ਭੇਜ ਦਿੱਤਾ ਹੈ
ਅਤੇ ਧਰਤੀ ਪੂਰੀ ਤਰ੍ਹਾਂ ਤਿਆਗ ਦਿੱਤੀ ਗਈ ਹੈ।
13 ਅਤੇ ਭਾਵੇਂ ਦੇਸ਼ ਵਿੱਚ ਦਸਵਾਂ ਹਿੱਸਾ ਬਚਿਆ ਰਹੇ,
ਉਹ ਫੇਰ ਬਰਬਾਦ ਹੋ ਜਾਵੇਗਾ।
ਪਰ ਜਿਵੇਂ ਚੀਲ ਜਾਂ ਬਲੂਤ ਦੇ ਰੁੱਖ
ਜਦ ਉਹ ਵੱਢੇ ਜਾਂਦੇ ਹਨ ਤਾਂ ਉਨ੍ਹਾਂ ਦਾ ਟੁੰਡ ਖੜ੍ਹਾ ਰਹਿੰਦਾ ਹੈ,
ਉਸੇ ਤਰ੍ਹਾਂ ਹੀ ਪਵਿੱਤਰ ਵੰਸ਼ ਉਹ ਦਾ ਟੁੰਡ ਹੈ।"