Pular para o conteúdo
Publicidade

ਯਸ਼ਾਯਾਹ 38

ਹਿਜ਼ਕੀਯਾਹ ਦੀ ਬੀਮਾਰੀ

1 ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ, ਤਾਂ ਆਮੋਸ ਦਾ ਪੁੱਤਰ ਯਸ਼ਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, "ਯਾਹਵੇਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈ ਅਤੇ ਬਚੇਗਾ ਨਹੀਂ।"

2 ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਮੋੜਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, 3 "ਅਤੇ ਆਖਿਆ, ਹੇ ਯਾਹਵੇਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ।" ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।

4 ਤਦ ਯਾਹਵੇਹ ਦਾ ਬਚਨ ਯਸ਼ਾਯਾਹ ਕੋਲ ਆਇਆ: 5 "ਜਾ ਅਤੇ ਹਿਜ਼ਕੀਯਾਹ ਨੂੰ ਆਖ, ‘ਯਾਹਵੇਹ ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੇਖੇ ਹਨ; ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ। 6 ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ। ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ।

7 " ‘ਯਾਹਵੇਹ ਨੇ ਜੋ ਬਚਨ ਬੋਲਿਆ ਹੈ ਉਹ ਉਸ ਨੂੰ ਪੂਰਾ ਕਰੇਗਾ, ਇਸ ਲਈ ਯਾਹਵੇਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੋਵੇਗਾ: 8 ਮੈਂ ਆਹਾਜ਼ ਦੀਆਂ ਪੌੜੀਆਂ ਉਤਲੇ ਪਰਛਾਵੇਂ ਨੂੰ ਦਸ ਕਦਮ ਪਿੱਛੇ ਧੱਕ ਰਿਹਾ ਹਾਂ।’ " ਸੂਰਜ ਦਾ ਪਰਛਾਵਾਂ ਜਿੱਥੇ ਹੁਣ ਹੈ ਉਸ ਨਾਲੋਂ ਦਸ ਕਦਮ ਪਿੱਛੇ ਚਲਾ ਗਿਆ।

9 ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬਿਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ:

10 ਮੈਂ ਆਖਿਆ ਸੀ, "ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀ

ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ,

ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ?"

11 ਮੈਂ ਕਿਹਾ, "ਮੈਂ ਦੁਬਾਰਾ ਜੀਉਂਦਿਆਂ ਦੀ ਧਰਤੀ ਵਿੱਚ38:11 ਜੀਉਂਦਿਆਂ ਦੀ ਧਰਤੀ ਵਿੱਚ ਅਰਥਾਤ ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਓਦੋਂ ਤੱਕ

ਯਾਹਵੇਹ ਨੂੰ ਨਹੀਂ ਵੇਖਾਂਗਾ;

ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ,

ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।

12 ਚਰਵਾਹੇ ਦੇ ਤੰਬੂ ਵਾਂਗ

ਮੇਰਾ ਘਰ ਢਾਹ ਕੇ ਮੇਰੇ ਕੋਲੋਂ ਖੋਹ ਲਿਆ ਗਿਆ ਹੈ,

ਜੁਲਾਹੇ ਵਾਂਗੂੰ ਮੈਂ ਆਪਣਾ ਜੀਵਨ ਲਪੇਟ ਲਿਆ ਹੈ,

ਅਤੇ ਉਸ ਨੇ ਮੈਨੂੰ ਕਰੜੀ ਤੋਂ ਵੱਢ ਦਿੱਤਾ ਹੈ,

ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।

13 ਮੈਂ ਸਵੇਰ ਤੱਕ ਧੀਰਜ ਨਾਲ ਉਡੀਕ ਕੀਤੀ,

ਪਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ,

ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।

14 ਮੈਂ ਅਬਾਬੀਲ ਜਾਂ ਸਾਰਸ ਵਾਂਗੂੰ ਚੀਂ-ਚੀਂ ਕਰਦਾ ਰਿਹਾ,

ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ,

ਮੇਰੀਆਂ ਅੱਖਾਂ ਉਤਾਹਾਂ ਵੇਖਦੇ-ਵੇਖਦੇ ਰਹਿ ਗਈਆਂ,

ਹੇ ਪਰਮੇਸ਼ਵਰ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ।"

15 ਪਰ ਮੈਂ ਕੀ ਕਹਿ ਸਕਦਾ ਹਾਂ?

ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ।

ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾ

ਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।

16 ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ,

ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ।

ਤੂੰ ਮੈਨੂੰ ਤੰਦਰੁਸਤ ਕੀਤਾ

ਅਤੇ ਮੈਨੂੰ ਜੀਵਨ ਦਿੱਤਾ।

17 ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀ

ਕਿ ਮੈਂ ਅਜਿਹਾ ਦੁੱਖ ਝੱਲਿਆ।

ਆਪਣੇ ਪਿਆਰ ਨਾਲ

ਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ;

ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।

18 ਕਿਉਂਕਿ ਕਬਰ ਤੇਰੀ ਉਸਤਤ ਨਹੀਂ ਕਰ ਸਕਦੀ,

ਮੌਤ ਤੇਰੀ ਉਸਤਤ ਨਹੀਂ ਗਾ ਸਕਦੀ।

ਜਿਹੜੇ ਟੋਏ ਵਿੱਚ ਜਾਂਦੇ ਹਨ

ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ।

19 ਜਿਉਂਦੇ ਹਾਂ, ਜਿਉਂਦੇ ਹੀ ਤੇਰੀ ਉਸਤਤ ਕਰਦੇ ਹਨ,

ਜਿਵੇਂ ਮੈਂ ਅੱਜ ਕਰ ਰਿਹਾ ਹਾਂ;

ਮਾਪੇ ਆਪਣੇ ਬੱਚਿਆਂ ਨੂੰ

ਤੇਰੀ ਵਫ਼ਾਦਾਰੀ ਬਾਰੇ ਦੱਸਦੇ ਹਨ।

20 ਯਾਹਵੇਹ ਮੈਨੂੰ ਬਚਾਵੇਗਾ,

ਅਤੇ ਅਸੀਂ ਆਪਣੇ ਜੀਵਨ ਦੇ ਸਾਰੇ ਦਿਨ

ਯਾਹਵੇਹ ਦੇ ਭਵਨ ਵਿੱਚ ਤਾਰ ਵਾਲੇ ਸਾਜ਼ਾਂ ਨਾਲ ਗਾਵਾਂਗੇ।

21 ਯਸ਼ਾਯਾਹ ਨੇ ਆਖਿਆ ਸੀ, "ਤੁਸੀਂ ਹੰਜੀਰਾਂ ਦੀ ਇੱਕ ਟਿੱਕੀ ਬਣਾ ਕੇ ਉਹ ਦੇ ਫੋੜੇ ਉੱਤੇ ਲੇਪ ਲਗਾਇਆ ਤਾਂ ਉਹ ਬਚ ਜਾਵੇਗਾ।"

22 ਹਿਜ਼ਕੀਯਾਹ ਨੇ ਪੁੱਛਿਆ ਸੀ, "ਇਸ ਗੱਲ ਦਾ ਕੀ ਚਿੰਨ੍ਹ ਹੋਵੇਗਾ ਕਿ ਮੈਂ ਯਾਹਵੇਹ ਦੇ ਭਵਨ ਵਿੱਚ ਜਾਵਾਂਗਾ?"

Estes versículos te tocaram? Ore agora!

+581 estão orando agora.

Junte-se à corrente de oração.