Publicidade

Isaías 28

ਇਫ਼ਰਾਈਮ ਅਤੇ ਯਹੂਦਾਹ ਦੇ ਸਰਦਾਰਾਂ ਉੱਤੇ ਹਾਏ

1 ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ,

ਮੁਰਝਾਏ ਫੁੱਲਾਂ ਉੱਤੇ, ਉਸ ਦੀ ਸ਼ਾਨਦਾਰ ਸੁੰਦਰਤਾ ਉੱਤੇ,

ਇੱਕ ਉਪਜਾਊ ਵਾਦੀ ਦੇ ਸਿਰ ਉੱਤੇ ਬਿਰਾਜਮਾਨ ਹੈ।

ਉਸ ਸ਼ਹਿਰ ਨੂੰ ਦਾਖ਼ਰਸ ਨਾਲ ਨੀਵਾਂ ਕਰਨ ਵਾਲਿਆਂ ਦਾ ਹੰਕਾਰ!

2 ਵੇਖੋ, ਯਾਹਵੇਹ ਕੋਲ ਇੱਕ ਸ਼ਕਤੀਸ਼ਾਲੀ ਅਤੇ ਬਲਵਾਨ ਜਨ ਹੈ।

ਜੋ ਗੜਿਆਂ ਦੇ ਮੀਂਹ ਵਾਂਗੂੰ,

ਨਾਸ ਕਰਨ ਵਾਲੇ ਬੁੱਲੇ ਵਾਂਗੂੰ,

ਉਹ ਉਸ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟ ਦੇਵੇਗਾ।

3 ਉਹ ਮਾਲਾ, ਇਫ਼ਰਾਈਮ ਦੇ ਸ਼ਰਾਬੀਆਂ ਦਾ ਘਮੰਡ,

ਪੈਰਾਂ ਹੇਠ ਮਿੱਧਿਆ ਜਾਵੇਗਾ।

4 ਉਹ ਮੁਰਝਾਇਆ ਹੋਇਆ ਫੁੱਲ, ਉਸ ਦੀ ਸ਼ਾਨਦਾਰ ਸੁੰਦਰਤਾ,

ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ,

ਵਾਢੀ ਦੇ ਪਹਿਲੇ ਪੱਕੇ ਹੰਜੀਰ ਵਾਂਗੂੰ ਹੋਵੇਗਾ,

ਜਿਵੇਂ ਹੀ ਲੋਕ ਉਨ੍ਹਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ,

ਉਹ ਉਹਨਾਂ ਨੂੰ ਨਿਗਲ ਲੈਂਦੇ ਹਨ।

5 ਉਸ ਦਿਨ ਸਰਬਸ਼ਕਤੀਮਾਨ ਯਾਹਵੇਹ

ਆਪਣੀ ਪਰਜਾ ਦੇ ਬਚੇ ਹੋਇਆ ਲਈ

ਇੱਕ ਸ਼ਾਨਦਾਰ ਤਾਜ,

ਇੱਕ ਸੁੰਦਰਤਾ ਦਾ ਹਾਰ ਹੋਵੇਗਾ।

6 ਉਹ ਨਿਆਉਂ ਵਿੱਚ ਬੈਠਣ ਵਾਲੇ ਲਈ

ਨਿਆਂ ਦਾ ਆਤਮਾ ਹੋਵੇਗਾ,

ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ,

ਉਹਨਾਂ ਲਈ ਬਲ ਹੋਵੇਗਾ।

7 ਇਹ ਵੀ ਦਾਖ਼ਰਸ ਨਾਲ ਝੂਲਦੇ ਫਿਰਦੇ ਹਨ,

ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ;

ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ

ਅਤੇ ਦਾਖ਼ਰਸ ਨਾਲ ਮਸਤ ਹੋ ਜਾਂਦੇ ਹਨ।

ਉਹ ਸ਼ਰਾਬ ਨਾਲ ਡਗਮਗਾਉਂਦੇ ਹਨ,

ਉਹ ਦਰਸ਼ਨਾਂ ਨੂੰ ਵੇਖ ਕੇ ਡਗਮਗਾਉਂਦੇ ਹਨ,

ਉਹ ਫੈਸਲੇ ਕਰਦੇ ਸਮੇਂ ਠੋਕਰ ਖਾਂਦੇ ਹਨ।

8 ਸਾਰੀਆਂ ਮੇਜ਼ਾਂ ਉਲਟੀਆਂ ਨਾਲ ਢੱਕੀਆਂ ਹੋਈਆਂ ਹਨ

ਅਤੇ ਸਾਰੀ ਜਗ੍ਹਾਂ ਗੰਦਗੀ ਨਾਲ ਭਰੀ ਹੋਈ ਹੈ।

9 "ਉਹ ਕਿਸਨੂੰ ਗਿਆਨ ਸਿਖਾਵੇਗਾ,

ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ?

ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ,

ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?

10 ਕਿਉਂਕਿ ਇਹ ਹੈ:

ਇਹ ਕਰੋ, ਉਹ ਕਰੋ,

ਇਸ ਲਈ ਇੱਕ ਨਿਯਮ, ਉਸ ਲਈ ਇੱਕ ਨਿਯਮ;

ਥੋੜਾ ਇਧਰ, ਥੋੜਾ ਉਧਰ।"

11 ਤਾਂ ਠੀਕ ਹੈ, ਪਰਦੇਸੀ ਬੁੱਲ੍ਹਾਂ ਅਤੇ ਅਜੀਬ ਜੀਭਾਂ ਨਾਲ

ਪਰਮੇਸ਼ਵਰ ਇਨ੍ਹਾਂ ਲੋਕਾਂ ਨਾਲ ਬੋਲੇਗਾ,

12 ਜਿਸ ਨੂੰ ਉਸ ਨੇ ਕਿਹਾ,

"ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ"

ਅਤੇ, "ਇਹ ਅਰਾਮ ਦਾ ਸਥਾਨ ਹੈ"

ਪਰ ਉਨ੍ਹਾਂ ਨੇ ਨਹੀਂ ਸੁਣਿਆ।

13 ਤਾਂ ਉਨ੍ਹਾਂ ਲਈ ਯਾਹਵੇਹ ਦਾ ਬਚਨ ਇਹ ਗਾਵੇਗਾ:

ਇਹ ਕਰੋ, ਉਹ ਕਰੋ,

ਇਸ ਲਈ ਇੱਕ ਨਿਯਮ, ਉਸਦੇ ਲਈ ਇੱਕ ਨਿਯਮ;

ਥੋੜਾ ਇੱਧਰ, ਥੋੜਾ ਉਧਰ,

ਤਾਂ ਜੋ ਉਹ ਜਾਂਦੇ-ਜਾਂਦੇ ਪਿੱਛੇ ਹਟ ਜਾਣ।

ਉਹ ਜ਼ਖਮੀ ਹੋ ਜਾਣਗੇ ਅਤੇ ਫਸਾਏ ਜਾਣਗੇ ਅਤੇ ਫੜੇ ਜਾਣਗੇ।

14 ਇਸ ਲਈ, ਤੁਸੀਂ ਮਖੌਲ ਕਰਨ ਵਾਲੇ ਯਾਹਵੇਹ ਦਾ ਬਚਨ ਸੁਣੋ,

ਤੁਸੀਂ ਜਿਹੜੇ ਇਸ ਪਰਜਾ ਉੱਤੇ ਰਾਜ ਕਰਦੇ ਹੋ, ਜਿਹੜੀ ਯੇਰੂਸ਼ਲੇਮ ਵਿੱਚ ਹੈ।

15 ਤੁਸੀਂ ਸ਼ੇਖੀ ਮਾਰਦੇ ਹੋ, "ਅਸੀਂ ਮੌਤ ਨਾਲ ਨੇਮ ਬੰਨ੍ਹਿਆ ਹੈ,

ਮੁਰਦਿਆਂ ਦੇ ਰਾਜ ਨਾਲ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ।

ਜਦੋਂ ਕੋਈ ਵੱਡੀ ਬਿਪਤਾ ਆ ਜਾਂਦੀ ਹੈ,

ਉਹ ਸਾਨੂੰ ਛੂਹ ਨਹੀਂ ਸਕਦੀ,

ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ

ਅਤੇ ਝੂਠ ਨੂੰ ਆਪਣਾ ਲੁਕਣ ਦਾ ਸਥਾਨ।"

16 ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ,

"ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ।

ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ;

ਜਿਹੜਾ ਇਸ ਤੇ ਭਰੋਸਾ ਕਰਦਾ ਹੈ

ਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।

17 ਮੈਂ ਨਿਆਂ ਨੂੰ ਮਾਪਣ ਦੀ ਲਕੀਰ ਬਣਾਵਾਂਗਾ

ਅਤੇ ਧਾਰਮਿਕਤਾ ਨੂੰ ਸਾਹਲ ਦੀ ਰੇਖਾ ਬਣਾਵਾਂਗਾ।

ਗੜੇ ਤੇਰੀ ਪਨਾਹ, ਝੂਠ ਨੂੰ ਹੂੰਝ ਕੇ ਲੈ ਜਾਣਗੇ,

ਅਤੇ ਪਾਣੀ ਤੇਰੇ ਛੁਪਣ ਦੇ ਸਥਾਨ ਨੂੰ ਵਹਿ ਜਾਵੇਗਾ।

18 ਮੌਤ ਨਾਲ ਤੁਹਾਡਾ ਨੇਮ ਰੱਦ ਕੀਤਾ ਜਾਵੇਗਾ;

ਮੁਰਦਿਆਂ ਦੇ ਰਾਜ ਨਾਲ ਤੁਹਾਡਾ ਇਕਰਾਰਨਾਮਾ ਕਾਇਮ ਨਹੀਂ ਰਹੇਗਾ।

ਜਦੋਂ ਭਾਰੀ ਬਿਪਤਾ ਹੂੰਝਾ ਫੇਰਦੀ ਹੈ,

ਤੁਹਾਨੂੰ ਉਸ ਦੁਆਰਾ ਮਾਰਿਆ ਜਾਵੇਗਾ।

19 ਜਿੰਨੀ ਵਾਰ ਉਹ ਆਵੇਗਾ, ਇਹ ਤੁਹਾਨੂੰ ਲੈ ਜਾਵੇਗਾ;

ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀ ਲੰਘੇਗਾ।"

ਅਤੇ ਇਸ ਖ਼ਬਰ ਨੂੰ ਸੁਣਨਾ

ਨਿਰੀ ਘਬਰਾਹਟ ਹੀ ਹੋਵੇਗਾ।

20 ਪਲੰਘ ਲੰਮੇ ਪੈਣ ਲਈ ਛੋਟਾ ਹੈ, ਕਿ ਉਹ ਖਿੱਚਣ ਲਈ ਨਹੀਂ,

ਅਤੇ ਕੰਬਲ ਓੜ੍ਹਨ ਲਈ ਤੰਗ ਹੈ।

21 ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਾਹਵੇਹ ਉੱਠ ਖੜ੍ਹਾ ਹੋਵੇਗਾ,

ਅਤੇ ਉਹ ਕ੍ਰੋਧਵਾਨ ਹੋਵੇਗਾ ਜਿਵੇਂ ਉਹ ਗਿਬਓਨ ਦੀ ਵਾਦੀ ਵਿੱਚ ਗੁੱਸੇ ਵਿੱਚ ਸੀ।

ਉਹ ਫੇਰ ਆਪਣਾ ਕੰਮ ਕਰੇਗਾ,

ਜੋ ਅਚਰਜ ਅਤੇ ਅਦਭੁਤ ਹੈ

22 ਹੁਣ ਆਪਣਾ ਮਜ਼ਾਕ ਉਡਾਉਣਾ ਬੰਦ ਕਰੋ,

ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ,

ਕਿਉਂ ਜੋ ਮੈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਤੋਂ

ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।

23 ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ,

ਧਿਆਨ ਲਾਓ ਅਤੇ ਮੇਰਾ ਬਚਨ ਸੁਣੋ।

24 ਜਦੋਂ ਕਿਸਾਨ ਵਾਹੁਣ ਲਈ ਹਲ ਵਾਹੁੰਦਾ ਹੈ, ਤਾਂ ਕੀ ਉਹ ਲਗਾਤਾਰ ਹਲ ਵਾਹੁੰਦਾ ਹੈ?

ਕੀ ਉਹ ਮਿੱਟੀ ਨੂੰ ਤੋੜ ਕੇ ਕੰਮ ਕਰਦਾ ਰਹਿੰਦਾ ਹੈ?

25 ਜਦ ਉਹ ਨੂੰ ਪੱਧਰਾ ਕਰ ਲਿਆ,

ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁੱਲ੍ਹਾ ਛਿੱਟਾ ਨਹੀਂ ਦਿੰਦਾ?

ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਂਵਾਂ ਨੂੰ ਉਹਨਾਂ ਦੇ ਥਾਂ,

ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?

26 ਉਸਦਾ ਪਰਮੇਸ਼ਵਰ ਉਸਨੂੰ ਸਿਖਾਉਂਦਾ ਹੈ

ਅਤੇ ਉਸਨੂੰ ਸਹੀ ਰਾਹ ਸਿਖਾਉਂਦਾ ਹੈ।

27 ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ,

ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ,

ਪਰ ਸੌਂਫ ਲਾਠੀ ਨਾਲ

ਅਤੇ ਜੀਰਾ ਡੰਡੇ ਨਾਲ ਕੁੱਟੀਦਾ ਹੈ।

28 ਰੋਟੀ ਬਣਾਉਣ ਲਈ ਦਾਣੇ ਪੀਸੇ ਜਾਂਦੇ ਹਨ;

ਪਰ ਕੋਈ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ,

ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ,

ਪਰ ਕੋਈ ਅਨਾਜ ਪੀਸਣ ਲਈ ਘੋੜਿਆਂ ਦੀ ਵਰਤੋਂ ਨਹੀਂ ਕਰਦਾ।

29 ਇਹ ਸਭ ਕੁਝ ਸਰਵਸ਼ਕਤੀਮਾਨ ਯਾਹਵੇਹ ਵੱਲੋਂ ਆਉਂਦਾ ਹੈ,

ਜਿਸ ਦੀ ਯੋਜਨਾ ਅਦਭੁਤ ਹੈ,

ਜਿਸ ਦੀ ਬੁੱਧੀ ਮਹਾਨ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-