Publicidade

Salmos 103

ਦਾਵੀਦ ਦਾ ਭਜਨ।

1 ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,

ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।

2 ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,

ਅਤੇ ਉਸ ਦੇ ਕਿਸੇ ਵੀ ਉਪਕਾਰਾ ਨੂੰ ਨਾ ਭੁੱਲ!

3 ਜੋ ਤੇਰੇ ਸਾਰੇ ਪਾਪਾਂ ਨੂੰ ਮਾਫ਼ ਕਰਦਾ ਹੈ,

ਅਤੇ ਤੇਰੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਹੈ।

4 ਯਾਹਵੇਹ ਤੇਰੀ ਜ਼ਿੰਦਗੀ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ

ਅਤੇ ਤੇਰੇ ਸਿਰ ਉੱਤੇ ਪਿਆਰ ਅਤੇ ਦਯਾ ਦਾ ਤਾਜ ਰੱਖਦਾ ਹੈ।

5 ਜੋ ਤੇਰੀਆਂ ਇੱਛਾਵਾਂ ਨੂੰ ਚੰਗੀਆਂ ਚੀਜ਼ਾਂ ਨਾਲ ਸੰਤੁਸ਼ਟ ਕਰਦਾ ਹੈ,

ਤਾਂ ਜੋ ਤੇਰੀ ਜਵਾਨੀ ਉਕਾਬ ਦੀ ਤਰ੍ਹਾਂ ਨਵੀਂ ਹੋ ਜਾਵੇ।

6 ਯਾਹਵੇਹ ਧਾਰਮਿਕਤਾ ਦੇ ਕੰਮ ਅਤੇ ਨਿਆਂ,

ਸਾਰੇ ਦੱਬੇ-ਕੁਚਲੇ ਲੋਕਾਂ ਲਈ ਕਰਦਾ ਹੈ।

7 ਉਸ ਨੇ ਆਪਣੇ ਰਾਹ ਮੋਸ਼ੇਹ ਉੱਤੇ,

ਆਪਣੇ ਕੰਮਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਪ੍ਰਗਟ ਕੀਤਾ:

8 ਯਾਹਵੇਹ ਮਿਹਰਬਾਨ ਅਤੇ ਦਯਾਵਾਨ ਹੈ,

ਗੁੱਸੇ ਵਿੱਚ ਧੀਰਜ ਹੈ, ਪਿਆਰ ਨਾਲ ਭਰਭੂਰ ਹੈ।

9 ਉਹ ਹਮੇਸ਼ਾ ਨਹੀਂ ਝਿੜਕੇਗਾ,

ਨਾ ਹੀ ਉਹ ਆਪਣੇ ਕ੍ਰੋਧ ਨੂੰ ਸਦਾ ਲਈ ਕਾਇਮ ਰੱਖੇਗਾ;

10 ਉਹ ਸਾਡੇ ਪਾਪਾਂ ਦੇ ਅਨੁਸਾਰ ਸਾਡੇ ਨਾਲ ਅਜਿਹਾ ਸਲੂਕ ਨਹੀਂ ਕਰਦਾ,

ਨਾ ਸਾਡੇ ਅਪਰਾਧਾਂ ਅਨੁਸਾਰ ਸਾਡੇ ਤੋਂ ਬਦਲਾ ਲੈਦਾ ਹੈ।

11 ਜਿੰਨਾ ਅਕਾਸ਼ ਧਰਤੀ ਤੋਂ ਉੱਚਾ ਹੈ,

ਇੰਨੀ ਹੀ ਉਸਦੀ ਵੱਡੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!

12 ਜਿੰਨਾ ਪੂਰਬ ਪੱਛਮ ਤੋਂ ਦੂਰ ਹੈ,

ਉਸੇ ਤਰ੍ਹਾਂ ਯਾਹਵੇਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ।

13 ਜਿਵੇਂ ਕਿ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਖਾਂਦਾ ਹੈ,

ਉਸੇ ਤਰ੍ਹਾਂ ਯਾਹਵੇਹ ਉਹਨਾਂ ਉੱਤੇ ਦਯਾ ਕਰਦਾ ਹੈ ਜੋ ਉਸ ਤੋਂ ਡਰਦੇ ਹਨ;

14 ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਕਿਵੇਂ ਬਣਾਏ ਗਏ ਹਾਂ,

ਉਸਨੂੰ ਯਾਦ ਹੈ ਕਿ ਅਸੀਂ ਮਿੱਟੀ ਹਾਂ।

15 ਮਨੁੱਖ ਦਾ ਜੀਵਨ ਘਾਹ ਦੇ ਵਰਗਾ ਹੈ,

ਉਹ ਖੇਤ ਦੇ ਫੁੱਲ ਵਾਂਗ ਟਹਿਕਦਾ ਅਤੇ ਖਿੜਦਾ ਹੈ;

16 ਜਦ ਹਵਾ ਉਹ ਦੇ ਉੱਤੇ ਵਗਦੀ ਹੈ, ਤਦ ਉਹ ਡਿੱਗ ਜਾਂਦਾ ਹੈ,

ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ।

17 ਪਰ ਸਦਾ ਤੋਂ ਸਦਾ ਲਈ ਯਾਹਵੇਹ ਦੀ ਦਯਾ

ਉਹਨਾਂ ਲੋਕਾਂ ਉੱਤੇ ਹੈ ਜਿਹੜੇ ਉਸਦਾ ਡਰਦੇ ਮੰਨਦੇ ਹਨ

ਅਤੇ ਉਸ ਦੀ ਧਾਰਮਿਕਤਾ ਪੀੜ੍ਹੀ ਦਰ ਪੀੜ੍ਹੀ ਬਣੀ ਰਹਿੰਦੀ ਹੈ

18 ਅਰਥਾਤ ਉਹਨਾਂ ਨਾਲ ਜੋ ਉਸ ਦੇ ਨੇਮ ਨੂੰ ਮੰਨਦੇ,

ਅਤੇ ਉਸਦੇ ਫ਼ਰਮਾਨਾਂ ਨੂੰ ਯਾਦ ਰੱਖਦੇ ਅਤੇ ਉਸਦੀ ਪਾਲਣਾ ਕਰਦੇ ਹਨ।

19 ਯਾਹਵੇਹ ਨੇ ਆਪਣਾ ਤੱਖ਼ਤ ਸਵਰਗ ਵਿੱਚ ਸਥਾਪਿਤ ਕੀਤਾ ਹੈ,

ਅਤੇ ਉਸਦਾ ਰਾਜ ਸਭਨਾ ਉੱਪਰ ਹੈ।

20 ਹੇ ਉਸ ਦੇ ਦੂਤੋ, ਯਾਹਵੇਹ ਦੀ ਉਸਤਤ ਕਰੋ,

ਤੁਸੀਂ ਜੋ ਬਲਵੰਤ ਹੋ, ਤੁਸੀਂ ਉਸਦੇ ਹੁਕਮ ਦੀ ਪਾਲਣਾ ਕਰਦੇ ਹੋ,

ਜੋ ਉਸਦੇ ਬਚਨ ਨੂੰ ਪੂਰਾ ਕਰਦੇ ਹੋ।

21 ਹੇ ਸਵਰਗ ਦੀ ਸਾਰੀ ਸੈਨਾਂਂ, ਯਾਹਵੇਹ ਦੀ ਉਸਤਤ ਕਰੋ,

ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ।

22 ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ,

ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ।

ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-