1 ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
2 ਯਾਹਵੇਹ ਦੇ ਛੁਡਾਏ ਹੋਏ ਇਹ ਆਖਣ,
ਜਿਨ੍ਹਾਂ ਨੂੰ ਉਸਨੇ ਦੁਸ਼ਮਣ ਦੇ ਹੱਥੋਂ ਛੁਡਾਇਆ,
3 ਜਿਨ੍ਹਾਂ ਨੂੰ ਉਸਨੇ ਧਰਤੀ ਤੋਂ ਇਕੱਠਾ ਕੀਤਾ,
ਪੂਰਬ ਅਤੇ ਪੱਛਮ ਤੋਂ, ਉੱਤਰ ਅਤੇ ਦੱਖਣ ਤੋਂ।
4 ਕੁਝ ਲੋਕ ਉਜਾੜ ਵਿੱਚ ਭਟਕਦੇ ਰਹੇ,
ਕਿਸੇ ਵੀ ਸ਼ਹਿਰ ਨੂੰ ਜਾਣ ਲਈ ਕੋਈ ਰਸਤਾ ਨਾ ਲੱਭਿਆ ਜਿੱਥੇ ਉਹ ਵੱਸ ਸਕਣ।
5 ਉਹ ਭੁੱਖੇ ਅਤੇ ਪਿਆਸੇ ਸਨ,
ਅਤੇ ਉਹਨਾਂ ਦੀ ਜਾਨ ਖ਼ਤਮ ਹੋ ਰਹੀ ਸੀ।
6 ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ,
ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਛੁਡਾਇਆ।
7 ਉਸ ਨੇ ਉਹਨਾਂ ਨੂੰ ਸਿੱਧੇ ਰਾਹ
ਇੱਕ ਸ਼ਹਿਰ ਵਿੱਚ ਲੈ ਗਿਆ ਜਿੱਥੇ ਉਹ ਵੱਸ ਸਕਦੇ ਸਨ।
8 ਉਹ ਯਾਹਵੇਹ ਦੇ ਉਸ ਅਟੁੱਟ ਪਿਆਰ
ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,
9 ਕਿਉਂਕਿ ਉਹ ਪਿਆਸੇ ਨੂੰ ਤ੍ਰਿਪਤ ਕਰਦਾ ਹੈ
ਅਤੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੰਦਾ ਹੈ।
10 ਕੁਝ ਹਨੇਰੇ ਵਿੱਚ, ਘੋਰ ਹਨੇਰੇ ਵਿੱਚ ਬੈਠੇ,
ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਕੈਦ ਵਿੱਚ ਜਕੜੇ ਹੋਏ ਸਨ,
11 ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਦੇ ਵਿਰੁੱਧ ਵਿਦਰੋਹ ਕੀਤਾ
ਅਤੇ ਅੱਤ ਮਹਾਨ ਦੀਆਂ ਯੋਜਨਾਵਾਂ ਨੂੰ ਤੁੱਛ ਜਾਣਿਆ।
12 ਇਸ ਲਈ ਉਸਨੇ ਉਹਨਾਂ ਨੂੰ ਕਠੋਰ ਮਿਹਨਤ ਦੇ ਅਧੀਨ ਕੀਤਾ;
ਉਹਨਾਂ ਨੇ ਠੋਕਰ ਖਾਧੀ ਅਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ।
13 ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ,
ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।
14 ਉਸ ਨੇ ਉਹਨਾਂ ਨੂੰ ਹਨੇਰੇ ਵਿੱਚੋਂ ਬਾਹਰ ਕੱਢ ਲਿਆ,
ਅਤੇ ਉਹਨਾਂ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ।
15 ਉਹ ਯਾਹਵੇਹ ਦੇ ਉਸ ਅਟੁੱਟ ਪਿਆਰ
ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,
16 ਕਿਉਂਕਿ ਉਹ ਪਿੱਤਲ ਦੇ ਦਰਵਾਜ਼ੇ ਤੋੜਦਾ ਹੈ
ਅਤੇ ਲੋਹੇ ਦੀਆਂ ਸਲਾਖਾਂ ਨੂੰ ਕੱਟਦਾ ਹੈ।
17 ਕਈ ਆਪਣੇ ਵਿਦਰੋਹੀ ਤਰੀਕਿਆਂ ਨਾਲ ਮੂਰਖ ਬਣ ਗਏ
ਅਤੇ ਆਪਣੀਆਂ ਬਦੀਆਂ ਦੇ ਕਾਰਨ ਦੁੱਖ ਝੱਲਦੇ ਹਨ।
18 ਉਹ ਹਰ ਪ੍ਰਕਾਰ ਦੇ ਭੋਜਨ ਤੋਂ ਨਫ਼ਰਤ ਕਰਦੇ ਹਨ,
ਅਤੇ ਉਹ ਮੌਤ ਦੇ ਦਰਵਾਜ਼ੇ ਦੇ ਨੇੜੇ ਆ ਪਹੁੰਚੇ ਹਨ।
19 ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ,
ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।
20 ਉਹ ਆਪਣਾ ਬਚਨ ਘੱਲਦਾ ਅਤੇ ਉਹਨਾਂ ਨੂੰ ਚੰਗਾ ਕਰਦਾ;
ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।
21 ਉਹ ਯਾਹਵੇਹ ਦੇ ਉਸ ਅਟੁੱਟ ਪਿਆਰ
ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।
22 ਉਹ ਧੰਨਵਾਦ ਦੀਆਂ ਭੇਟਾਂ ਚੜ੍ਹਾਉਣ
ਅਤੇ ਆਨੰਦ ਦੇ ਗੀਤਾਂ ਨਾਲ ਉਸ ਦੇ ਕੰਮਾਂ ਬਾਰੇ ਦੱਸਣ।
23 ਕਈ ਜਹਾਜਾਂ ਵਿੱਚ ਸਮੁੰਦਰੀ ਯਾਤਰਾ ਨੂੰ ਚਲੇ ਗਏ;
ਉਹ ਸ਼ਕਤੀਸ਼ਾਲੀ ਪਾਣੀਆਂ ਦੇ ਵਪਾਰੀ ਸਨ।
24 ਉਹ ਯਾਹਵੇਹ ਦੇ ਕੰਮਾਂ ਨੂੰ,
ਅਤੇ ਉਸਦੇ ਅਚਰਜ ਕੰਮਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।
25 ਕਿਉਂ ਜੋ ਉਹ ਬੋਲਿਆ ਅਤੇ ਇੱਕ ਤੂਫ਼ਾਨ ਚਲ ਪਿਆ,
ਅਤੇ ਉਸ ਦੀਆ ਲਹਿਰਾਂ ਠਾਠਾਂ ਮਾਰਦੀਆਂ ਹਨ
26 ਉਹ ਅਕਾਸ਼ ਉੱਤੇ ਚੜ੍ਹੇ ਅਤੇ ਡੂੰਘਾਈ ਤੱਕ ਹੇਠਾਂ ਚਲੇ ਗਏ;
ਉਹਨਾਂ ਦੇ ਸੰਕਟ ਵਿੱਚ ਉਹਨਾਂ ਦੀ ਹਿੰਮਤ ਪਿਘਲ ਗਈ।
27 ਉਹ ਸ਼ਰਾਬੀਆਂ ਵਾਂਗ ਫਿਰਦੇ ਅਤੇ ਡਿੱਗਦੇ-ਢਹਿੰਦੇ ਹਨ,
ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।
28 ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ,
ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਲਿਆਇਆ।
29 ਉਸ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ;
ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹੋ ਗਈਆਂ।
30 ਜਦੋਂ ਉਹ ਸ਼ਾਂਤ ਹੋ ਗਏ ਤਾਂ ਉਹ ਖੁਸ਼ ਹੋਏ,
ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਟਿਕਾਣੇ ਵੱਲ ਅਗਵਾਈ ਕੀਤੀ।
31 ਉਹ ਯਾਹਵੇਹ ਦੇ ਉਸ ਅਟੁੱਟ ਪਿਆਰ
ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।
32 ਉਹ ਲੋਕਾਂ ਦੀ ਸਭਾ ਵਿੱਚ ਉਹ ਦੀ ਵਡਿਆਈ ਕਰਨ,
ਅਤੇ ਬਜ਼ੁਰਗਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰਨ।
33 ਉਸ ਨੇ ਨਦੀਆਂ ਨੂੰ ਮਾਰੂਥਲ,
ਅਤੇ ਵਗਦੇ ਚਸ਼ਮੇ ਨੂੰ ਪਿਆਸੀ ਜ਼ਮੀਨ ਵਿੱਚ ਬਦਲ ਦਿੰਦਾ ਹੈ।
34 ਉੱਥੇ ਰਹਿਣ ਵਾਲਿਆਂ ਦੀ ਦੁਸ਼ਟਤਾ ਦੇ ਕਾਰਨ,
ਉਸ ਨੇ ਫਲਦਾਰ ਧਰਤੀ ਨੂੰ ਲੂਣ ਦੀ ਰਹਿੰਦ-ਖੂੰਹਦ ਵਿੱਚ ਬਦਲ ਦਿੰਦਾ ਹੈ।
35 ਉਸ ਨੇ ਮਾਰੂਥਲ ਨੂੰ ਪਾਣੀ ਦੇ ਤਲਾਬ,
ਅਤੇ ਸੁੱਕੀ ਜ਼ਮੀਨ ਨੂੰ ਵਗਦੇ ਸੋਤਿਆਂ ਵਿੱਚ ਬਦਲ ਦਿੰਦਾ ਹੈ।
36 ਉੱਥੇ ਉਹ ਭੁੱਖਿਆ ਨੂੰ ਰਹਿਣ ਲਈ ਲਿਆਇਆ,
ਅਤੇ ਉਹਨਾਂ ਨੇ ਇੱਕ ਸ਼ਹਿਰ ਵਸਾਇਆ ਜਿੱਥੇ ਉਹ ਵੱਸ ਸਕਦੇ ਸਨ।
37 ਉਹਨਾਂ ਨੇ ਖੇਤ ਬੀਜੇ ਅਤੇ ਅੰਗੂਰਾਂ ਦੇ ਬਾਗ ਲਾਏ,
ਜਿਸ ਨੇ ਫਲਦਾਰ ਫ਼ਸਲ ਦਿੱਤੀ।
38 ਉਸ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ,
ਅਤੇ ਉਹਨਾਂ ਦੇ ਇੱਜੜ ਘੱਟਣ ਨਾ ਦਿੱਤੇ।
39 ਤਦ ਉਹਨਾਂ ਦੀ ਗਿਣਤੀ ਘੱਟਦੀ ਗਈ,
ਅਤੇ ਉਹ ਜ਼ੁਲਮ, ਬਿਪਤਾ ਅਤੇ ਦੁੱਖ ਦੁਆਰਾ ਨੀਵੇਂ ਹੋ ਗਏ।
40 ਪਰਮੇਸ਼ਵਰ ਨੇ ਉਹਨਾਂ ਅਧਿਕਾਰੀਆਂ ਉੱਤੇ ਨਿੰਦਿਆ ਪਾਈ,
ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਛੱਡ ਦਿੱਤਾ।
41 ਪਰ ਉਸ ਨੇ ਲੋੜਵੰਦਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢਿਆ,
ਅਤੇ ਇੱਜੜਾਂ ਵਾਂਗ ਉਹਨਾਂ ਦੇ ਪਰਿਵਾਰ ਵਧਾਏ।
42 ਨੇਕ ਲੋਕ ਵੇਖਦੇ ਅਤੇ ਆਨੰਦ ਕਰਦੇ ਹਨ,
ਪਰ ਸਾਰੇ ਦੁਸ਼ਟਾਂ ਨੇ ਮੂੰਹ ਬੰਦ ਕਰ ਲਿਆ।
43 ਜਿਹੜਾ ਬੁੱਧਵਾਨ ਹੈ, ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ,
ਅਤੇ ਯਾਹਵੇਹ ਦੇ ਪਿਆਰ ਭਰੇ ਕੰਮਾਂ ਉੱਤੇ ਵਿਚਾਰ ਕਰੇ।