1 ਮੈਂ ਮਦਦ ਲਈ ਪਰਮੇਸ਼ਵਰ ਨੂੰ ਪੁਕਾਰਿਆ;
ਮੈਂ ਪਰਮੇਸ਼ਵਰ ਅੱਗੇ ਦੁਹਾਈ ਦਿੱਤੀ ਕਿ ਮੇਰੀ ਸੁਣੋ।
2 ਜਦੋਂ ਮੈਂ ਬਿਪਤਾ ਵਿੱਚ ਸੀ, ਮੈਂ ਯਾਹਵੇਹ ਨੂੰ ਭਾਲਿਆ;
ਮੈਂ ਰਾਤ ਦੀ ਥਕਾਵਟ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਵੱਲ ਹੱਥ ਪਸਾਰਦਾ ਰਿਹਾ,
ਅਤੇ ਮੇਰੀ ਜਾਨ ਨੂੰ ਦਿਲਾਸਾ ਨਾ ਮਿਲਿਆ।
3 ਹੇ ਪਰਮੇਸ਼ਵਰ, ਮੈਂ ਤੁਹਾਨੂੰ ਚੇਤੇ ਕੀਤਾ ਅਤੇ ਮੈਂ ਹਾਉਂਕਾ ਭਰਿਆ;
ਮੈਂ ਧਿਆਨ ਕੀਤਾ, ਤਾਂ ਮੇਰਾ ਆਤਮਾ ਨਿਰਾਸ਼ਾ ਹੋ ਗਿਆ।
4 ਤੁਸੀਂ ਮੇਰੀਆਂ ਅੱਖਾਂ ਬੰਦ ਕਰਨ ਤੋਂ ਰੋਕੀ ਰੱਖਿਆ;
ਮੈਂ ਬੋਲਣ ਲਈ ਬਹੁਤ ਪਰੇਸ਼ਾਨ ਸੀ।
5 ਮੈਂ ਬੀਤੇ ਦਿਨਾਂ ਬਾਰੇ,
ਅਤੇ ਬੀਤੇ ਸਾਲ ਬਾਰੇ ਸੋਚਿਆ;
6 ਮੈ ਰਾਤ ਨੂੰ ਆਪਣੇ ਗੀਤਾਂ ਨੂੰ ਯਾਦ ਕੀਤਾ,
ਮੇਰੇ ਮਨ ਨੇ ਸੋਚਿਆ ਅਤੇ ਮੇਰੀ ਆਤਮਾ ਨੇ ਪੁੱਛਿਆ।
7 "ਕੀ ਯਾਹਵੇਹ ਸਦਾ ਲਈ ਤਿਆਗ ਦੇਵੇਗਾ?
ਕੀ ਉਹ ਫੇਰ ਕਦੇ ਆਪਣੀ ਕਿਰਪਾ ਨਹੀਂ ਕਰੇਗਾ?
8 ਕੀ ਉਸ ਦਾ ਅਟੁੱਟ ਪਿਆਰ ਸਦਾ ਲਈ ਅਲੋਪ ਹੋ ਗਿਆ ਹੈ?
ਕੀ ਉਸਦਾ ਵਾਅਦਾ ਸਦਾ ਲਈ ਟੁੱਟ ਗਿਆ ਹੈ?
9 ਕੀ ਪਰਮੇਸ਼ਵਰ ਕਿਰਪਾ ਕਰਨੀ ਭੁੱਲ ਗਿਆ ਹੈ?
ਕੀ ਉਸ ਨੇ ਗੁੱਸੇ ਵਿੱਚ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਹੈ?"
10 ਤਦ ਮੈਂ ਆਖਿਆ, "ਇਹ ਸੋਚ ਮੇਰੀ ਕਮਜ਼ੋਰੀ ਹੈ:
ਕਿਉਂਕਿ ਅੱਤ ਮਹਾਨ ਦਾ ਸੱਜਾ ਹੱਥ ਮੇਰੇ ਵਿਰੁੱਧ ਹੈ।
11 ਮੈਂ ਯਾਹਵੇਹ ਦੇ ਕੰਮਾਂ ਨੂੰ ਯਾਦ ਕਰਾਂਗਾ;
ਹਾਂ, ਮੈਂ ਤੁਹਾਡੇ ਪਹਿਲਾਂ ਦੇ ਚਮਤਕਾਰਾਂ ਨੂੰ ਯਾਦ ਕਰਾਂਗਾ।
12 ਮੈਂ ਤੁਹਾਡੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ
ਅਤੇ ਤੁਹਾਡੇ ਸਾਰੇ ਮਹਾਨ ਕੰਮਾਂ ਦਾ ਧਿਆਨ ਕਰਾਂਗਾ।"
13 ਹੇ ਪਰਮੇਸ਼ਵਰ, ਤੁਹਾਡੇ ਮਾਰਗ ਪਵਿੱਤਰ ਹਨ।
ਕੋਈ ਵੀ ਦੇਵਤਾ ਤੇਰੇ ਤੋਂ ਮਹਾਨ ਨਹੀਂ ਹੈ।
14 ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ;
ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।
15 ਤੁਸੀਂ ਆਪਣੀ ਬਲਵੰਤ ਬਾਂਹ ਨਾਲ ਆਪਣੇ ਲੋਕਾਂ ਨੂੰ,
ਯਾਕੋਬ ਅਤੇ ਯੋਸੇਫ਼ ਦੀ ਅੰਸ ਨੂੰ ਛੁਟਕਾਰਾ ਦਿੱਤਾ।
16 ਹੇ ਪਰਮੇਸ਼ਵਰ, ਪਾਣੀਆਂ ਨੇ ਤੁਹਾਨੂੰ ਵੇਖਿਆ,
ਪਾਣੀਆਂ ਨੇ ਤੁਹਾਨੂੰ ਵੇਖਿਆ ਅਤੇ ਉੱਛਲ ਪਏ।
ਅਤੇ ਡੂੰਘਿਆਈਆਂ ਕੰਬ ਉੱਠੀਆਂ।
17 ਬੱਦਲਾਂ ਨੇ ਪਾਣੀ ਵਹਾਇਆ,
ਅਕਾਸ਼ ਗਰਜ ਨਾਲ ਗੂੰਜ ਉੱਠੇ।
ਤੁਹਾਡੇ ਤੀਰ ਅੱਗੇ-ਪਿੱਛੇ ਉੱਡ ਗਏ।
18 ਵਾਵਰੋਲੇ ਵਿੱਚ ਤੁਹਾਡੀ ਗਰਜ ਸੁਣਾਈ ਦਿੱਤੀ,
ਤੁਹਾਡੀ ਬਿਜਲੀ ਨੇ ਜਗਤ ਨੂੰ ਲਸ਼ਕਾਂ ਦਿੱਤਾ।
ਧਰਤੀ ਕੰਬ ਗਈ ਅਤੇ ਹਿੱਲ ਗਈ।
19 ਤੁਹਾਡਾ ਮਾਰਗ ਸਮੁੰਦਰ ਵਿੱਚੋਂ ਦੀ ਲੰਘਦਾ ਸੀ,
ਤੁਹਾਡਾ ਰਾਹ ਬਲਵੰਤ ਪਾਣੀਆਂ ਦੇ ਵਿੱਚੋਂ ਦੀ ਹੋ ਕੇ ਗਿਆ,
ਭਾਵੇਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ।
20 ਤੁਸੀਂ ਮੋਸ਼ੇਹ ਅਤੇ ਹਾਰੋਨ ਦੇ ਹੱਥੋਂ
ਆਪਣੇ ਲੋਕਾਂ ਦੀ ਇੱਜੜ ਵਾਂਗ ਅਗਵਾਈ ਕੀਤੀ।