Publicidade

Salmos 69

ਦਾਵੀਦ ਦਾ ਜ਼ਬੂਰ।

1 ਹੇ ਪਰਮੇਸ਼ਵਰ, ਮੈਨੂੰ ਬਚਾ,

ਕਿਉਂ ਜੋ ਪਾਣੀ ਮੇਰੀ ਗਰਦਨ ਤੱਕ ਆ ਗਿਆ ਹੈ।

2 ਮੈਂ ਡੂੰਘੇ ਦਲਦਲ ਵਿੱਚ ਡੁੱਬ ਰਿਹਾ ਹਾਂ,

ਜਿੱਥੇ ਕੋਈ ਪੈਰ ਨਹੀਂ ਰੱਖਦਾ।

ਮੈਂ ਡੂੰਘੇ ਪਾਣੀਆਂ ਵਿੱਚ ਆਇਆ ਹਾਂ;

ਹੜ੍ਹਾਂ ਨੇ ਮੈਨੂੰ ਘੇਰ ਲਿਆ ਹੈ।

3 ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ;

ਮੇਰਾ ਗਲਾ ਸੁੱਕ ਗਿਆ ਹੈ।

ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆ

ਮੇਰੀਆਂ ਅੱਖਾਂ ਥੱਕ ਗਈਆ ਹਨ।

4 ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ

ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ;

ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ,

ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ।

ਜੋ ਮੈਂ ਚੋਰੀ ਨਹੀਂ ਕੀਤਾ,

ਉਹ ਵੀ ਮੈਨੂੰ ਵਾਪਸ ਕਰਨਾ ਪਿਆ।

5 ਹੇ ਪਰਮੇਸ਼ਵਰ, ਤੂੰ ਮੇਰੀ ਮੂਰਖਤਾ ਨੂੰ ਜਾਣਦਾ ਹੈ;

ਮੇਰਾ ਦੋਸ਼ ਤੇਰੇ ਤੋਂ ਲੁਕਿਆ ਨਹੀਂ ਹੈ।

6 ਹੇ ਯਾਹਵੇਹ ਸਰਬਸ਼ਕਤੀਮਾਨ,

ਜਿਹੜੇ ਤੇਰੇ ਵਿੱਚ ਆਸ ਰੱਖਦੇ ਹਨ

ਮੇਰੇ ਕਾਰਨ ਬਦਨਾਮ ਨਾ ਹੋਣ;

ਹੇ ਇਸਰਾਏਲ ਦੇ ਪਰਮੇਸ਼ਵਰ,

ਜਿਹੜੇ ਤੈਨੂੰ ਭਾਲਦੇ ਹਨ,

ਮੇਰੇ ਕਾਰਨ ਸ਼ਰਮਿੰਦਾ ਨਾ ਹੋਣ।

7 ਕਿਉਂ ਜੋ ਮੈਂ ਤੇਰੇ ਕਾਰਨ ਨਿੰਦਾ ਝੱਲਦਾ ਹਾਂ,

ਅਤੇ ਸ਼ਰਮ ਮੇਰੇ ਮੂੰਹ ਨੂੰ ਢੱਕਦੀ ਹੈ।

8 ਮੈਂ ਆਪਣੇ ਹੀ ਪਰਿਵਾਰ ਲਈ ਇੱਕ ਪਰਦੇਸੀ ਹਾਂ,

ਆਪਣੀ ਮਾਂ ਦੇ ਬੱਚਿਆਂ ਲਈ ਇੱਕ ਅਜਨਬੀ ਹਾਂ;

9 ਤੇਰੇ ਘਰ ਦੀ ਲਗਨ ਮੈਨੂੰ ਖਾ ਗਈ,

ਅਤੇ ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ, ਉਹਨਾਂ ਦੀ ਨਿੰਦਿਆ ਮੇਰੇ ਉੱਤੇ ਪੈਂਦੀ ਹੈ।

10 ਜਦੋਂ ਮੈਂ ਰੋਂਦਾ ਹਾਂ ਅਤੇ ਵਰਤ ਰੱਖਦਾ ਹਾਂ,

ਮੈਨੂੰ ਅਪਮਾਨ ਸਹਿਣਾ ਪੈਂਦਾ ਹੈ;

11 ਜਦੋਂ ਮੈਂ ਤੱਪੜ ਨੂੰ ਆਪਣਾ ਬਿਸਤਰਾ ਬਣਾਇਆ,

ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।

12 ਫਾਟਕ ਉੱਤੇ ਬੈਠੇ ਮੇਰਾ ਮਜ਼ਾਕ ਉਡਾਉਂਦੇ ਹਨ,

ਅਤੇ ਮੈਂ ਸ਼ਰਾਬੀਆਂ ਦਾ ਗੀਤ ਹਾਂ।

13 ਪਰ ਯਾਹਵੇਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ,

ਤੇਰੀ ਕਿਰਪਾ ਦੇ ਸਮੇਂ ਵਿੱਚ;

ਹੇ ਪਰਮੇਸ਼ਵਰ, ਆਪਣੇ ਮਹਾਨ ਪਿਆਰ ਵਿੱਚ

ਆਪਣੀ ਨਿਸ਼ਚਿਤ ਮੁਕਤੀ ਦੁਆਰਾ ਮੈਨੂੰ ਉੱਤਰ ਦੇ।

14 ਮੈਨੂੰ ਦਲਦਲ ਤੋਂ ਬਚਾ,

ਮੈਨੂੰ ਡੁੱਬਣ ਨਾ ਦੇਹ;

ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋ ਮੈਨੂੰ ਨਫ਼ਰਤ ਕਰਦੇ ਹਨ,

ਡੂੰਘੇ ਪਾਣੀਆਂ ਤੋਂ।

15 ਹੜ੍ਹ ਦੇ ਪਾਣੀ ਮੈਨੂੰ ਡੋਬ ਨਾ ਲੈਣ,

ਨਾ ਡੂੰਘਾਈ ਮੈਨੂੰ ਨਿਗਲੇ ਲੈਣ,

ਟੋਏ ਆਪਣਾ ਮੂੰਹ ਮੇਰੇ ਉੱਤੇ ਬੰਦ ਕਰ ਲੈਣ।

16 ਯਾਹਵੇਹ, ਤੇਰੇ ਪਿਆਰ ਦੀ ਭਲਿਆਈ ਦੇ ਕਾਰਨ ਮੈਨੂੰ ਜਵਾਬ ਦੇ;

ਆਪਣੀ ਮਹਾਨ ਦਯਾ ਨਾਲ ਮੇਰੇ ਵੱਲ ਮੁੜ।

17 ਆਪਣੇ ਸੇਵਕ ਤੋਂ ਆਪਣਾ ਮੂੰਹ ਨਾ ਲੁਕਾ;

ਮੈਨੂੰ ਜਲਦੀ ਉੱਤਰ ਦੇ, ਕਿਉਂ ਜੋ ਮੈਂ ਮੁਸੀਬਤ ਵਿੱਚ ਹਾਂ।

18 ਮੇਰੇ ਨੇੜੇ ਆ ਅਤੇ ਮੈਨੂੰ ਬਚਾ।

ਮੇਰੇ ਦੁਸ਼ਮਣਾਂ ਤੋਂ ਮੈਨੂੰ ਛੁਡਾ।

19 ਤੂੰ ਜਾਣਦਾ ਹੈ ਕਿ ਮੈਂ ਕਿਵੇਂ ਬਦਨਾਮ, ਬੇਇੱਜ਼ਤ ਅਤੇ ਸ਼ਰਮਿੰਦਾ ਹਾਂ;

ਮੇਰੇ ਸਾਰੇ ਦੁਸ਼ਮਣ ਤੇਰੇ ਅੱਗੇ ਹਨ।

20 ਬਦਨਾਮੀ ਨੇ ਮੇਰਾ ਦਿਲ ਤੋੜ ਦਿੱਤਾ ਹੈ

ਅਤੇ ਮੈਨੂੰ ਬੇਸਹਾਰਾ ਛੱਡ ਦਿੱਤਾ ਹੈ;

ਮੈਂ ਹਮਦਰਦੀ ਦੀ ਭਾਲ ਕੀਤੀ, ਪਰ ਕੋਈ ਹੈ ਹੀ ਨਹੀਂ ਸੀ,

ਦਿਲਾਸਾ ਦੇਣ ਵਾਲਿਆਂ ਨੂੰ ਭਾਲਿਆ, ਪਰ ਮੈਨੂੰ ਕੋਈ ਨਹੀਂ ਮਿਲਿਆ।

21 ਉਹਨਾਂ ਨੇ ਮੇਰੇ ਭੋਜਨ ਵਿੱਚ ਪਿੱਤ ਪਾ ਦਿੱਤਾ

ਅਤੇ ਮੇਰੀ ਪਿਆਸ ਲਈ ਸਿਰਕਾ ਦਿੱਤਾ।

22 ਉਹਨਾਂ ਦੇ ਅੱਗੇ ਰੱਖੀ ਹੋਈ ਮੇਜ਼ ਇੱਕ ਫੰਦਾ ਬਣ ਜਾਵੇ;

ਅਤੇ ਉਨ੍ਹਾਂ ਦੀ ਖੁਸ਼ਹਾਲੀ ਉਹਨਾਂ ਲਈ ਇੱਕ ਜਾਲ ਬਣ ਜਾਵੇ।

23 ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ,

ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।

24 ਉਹਨਾਂ ਉੱਤੇ ਆਪਣਾ ਕ੍ਰੋਧ ਡੋਲ੍ਹ ਦੇ;

ਤੇਰਾ ਕਹਿਰ ਉਹਨਾਂ ਨੂੰ ਘੇਰ ਲਵੇ,

25 ਉਹਨਾਂ ਦਾ ਘਰ ਉੱਜੜ ਜਾਵੇ;

ਉਹਨਾਂ ਤੰਬੂਆਂ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।

26 ਕਿਉਂਕਿ ਉਹ ਉਹਨਾਂ ਨੂੰ ਸਤਾਉਂਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕਰਦਾ ਹੈ

ਅਤੇ ਉਹਨਾਂ ਦੇ ਦੁੱਖ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਤੂੰ ਦੁੱਖੀ ਕਰਦਾ ਹੈ।

27 ਉਹਨਾਂ ਉੱਤੇ ਜੁਰਮ ਅਤੇ ਅਪਰਾਧ ਦਾ ਦੋਸ਼ ਲਗਾ;

ਉਹਨਾਂ ਨੂੰ ਤੇਰੀ ਮੁਕਤੀ ਵਿੱਚ ਹਿੱਸਾ ਨਾ ਲੈਣ ਦੇ।

28 ਉਹ ਜੀਵਨ ਦੀ ਪੋਥੀ ਵਿੱਚੋਂ ਮਿਟਾ ਦਿੱਤੇ ਜਾਣ

ਅਤੇ ਧਰਮੀਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨਾ ਗਿਣੇ ਜਾਣ।

29 ਪਰ ਮੈਨੂੰ, ਦੁੱਖ ਅਤੇ ਦਰਦ ਵਿੱਚ,

ਹੇ ਪਰਮੇਸ਼ਵਰ, ਤੇਰੀ ਮੁਕਤੀ ਹੀ ਮੇਰੀ ਰੱਖਿਆ ਕਰੇ।

30 ਮੈਂ ਗੀਤ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਾਂਗਾ

ਅਤੇ ਧੰਨਵਾਦ ਨਾਲ ਉਸ ਦੀ ਮਹਿਮਾ ਕਰਾਂਗਾ।

31 ਇਹ ਯਾਹਵੇਹ ਨੂੰ ਬਲਦ ਨਾਲੋਂ,

ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ।

32 ਗਰੀਬ ਵੇਖਣਗੇ ਅਤੇ ਖੁਸ਼ ਹੋਣਗੇ,

ਪਰਮੇਸ਼ਵਰ ਨੂੰ ਭਾਲਣ ਵਾਲਿਓ, ਤੁਹਾਡੇ ਦਿਲ ਜਿਉਂਦੇ ਰਹਿਣ!

33 ਯਾਹਵੇਹ ਲੋੜਵੰਦਾਂ ਦੀ ਸੁਣਦਾ ਹੈ

ਅਤੇ ਆਪਣੇ ਗ਼ੁਲਾਮ ਲੋਕਾਂ ਨੂੰ ਤੁੱਛ ਨਹੀਂ ਸਮਝਦਾ।

34 ਅਕਾਸ਼ ਅਤੇ ਧਰਤੀ ਉਹ ਦੀ ਵਡਿਆਈ ਕਰਨ,

ਸਮੁੰਦਰ ਅਤੇ ਉਹਨਾਂ ਵਿੱਚ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ,

35 ਕਿਉਂਕਿ ਪਰਮੇਸ਼ਵਰ ਸੀਯੋਨ ਨੂੰ ਬਚਾਵੇਗਾ

ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਵਸਾਵੇਗਾ।

ਤਦ ਲੋਕ ਉੱਥੇ ਵੱਸਣਗੇ ਅਤੇ ਇਸ ਉੱਤੇ ਕਬਜ਼ਾ ਕਰ ਲੈਣਗੇ;

36 ਉਸ ਦੇ ਸੇਵਕਾਂ ਦੇ ਬੱਚੇ ਇਸ ਦੇ ਵਾਰਸ ਹੋਣਗੇ,

ਅਤੇ ਉਹ ਦੇ ਨਾਮ ਨੂੰ ਪਿਆਰ ਕਰਨ ਵਾਲੇ ਉੱਥੇ ਵੱਸਣਗੇ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-