1 ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂ
ਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ ਕਰ।
2 ਤੇਰੇ ਤੀਰਾਂ ਨੇ ਮੈਨੂੰ ਵਿੰਨ੍ਹਿਆ ਹੈ,
ਅਤੇ ਤੇਰੇ ਹੱਥ ਨੇ ਮੈਨੂੰ ਦੱਬਾ ਕੇ ਰੱਖਿਆ ਹੈ।
3 ਤੇਰੇ ਕ੍ਰੋਧ ਦੇ ਕਾਰਨ ਮੇਰੇ ਸਰੀਰ ਵਿੱਚ ਕੋਈ ਤੰਦਰੁਸਤੀ ਨਹੀਂ ਹੈ;
ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ।
4 ਮੇਰਾ ਅਪਰਾਧ ਨੇ ਮੈਨੂੰ ਦੱਬ ਦਿੱਤਾ ਹੈ
ਇੱਕ ਬੋਝ ਵਾਂਗ ਜੋ ਚੁੱਕਣ ਲਈ ਬਹੁਤ ਭਾਰਾ ਹੈ।
5 ਮੇਰੀ ਪਾਪੀ ਮੂਰਖਤਾ ਦੇ ਕਾਰਨ
ਮੇਰੇ ਜ਼ਖਮ ਸੜ ਗਏ ਹਨ ਅਤੇ ਘਿਣਾਉਣੇ ਹਨ।
6 ਮੈਂ ਝੁਕਦਾ ਹਾਂ ਅਤੇ ਲੰਮਾ ਪੈ ਕੇ ਵਿਰਲਾਪ ਕਰਦਾ ਹਾਂ;
ਸਾਰਾ ਦਿਨ ਮੈਂ ਸੋਗ ਕਰਦਾ ਰਹਿੰਦਾ ਹਾਂ।
7 ਮੇਰੀ ਪਿੱਠ ਦਰਦ ਨਾਲ ਭਰ ਗਈ ਹੈ;
ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ ਹੈ।
8 ਮੈਂ ਕਮਜ਼ੋਰ ਅਤੇ ਪੂਰੀ ਤਰ੍ਹਾਂ ਕੁਚਲਿਆ ਹੋਇਆ ਹਾਂ;
ਮੈਂ ਦਿਲ ਦੇ ਦੁੱਖ ਦੇ ਕਾਰਨ ਹੂੰਗਦਾ ਹਾਂ।
9 ਹੇ ਯਾਹਵੇਹ, ਮੇਰੀਆਂ ਸਾਰੀਆਂ ਇੱਛਾਵਾਂ ਤੇਰੇ ਅੱਗੇ ਖੁਲ੍ਹੀਆਂ ਪਈਆਂ ਹਨ;
ਮੇਰਾ ਕਰਾਹਣਾ ਤੇਰੇ ਕੋਲੋਂ ਲੁਕਿਆ ਨਹੀਂ ਹੈ।
10 ਮੇਰਾ ਦਿਲ ਧੜਕਦਾ ਹੈ, ਮੇਰੀ ਤਾਕਤ ਮੈਨੂੰ ਅਸਫ਼ਲ ਕਰਦੀ ਹੈ;
ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।
11 ਮੇਰੀ ਬਿਬਤਾ ਦੇ ਕਾਰਨ ਮੇਰੇ ਦੋਸਤ ਅਤੇ ਸਾਥੀ ਮੇਰੇ ਤੋਂ ਦੂਰ ਰਹਿੰਦੇ ਹਨ;
ਮੇਰੇ ਗੁਆਂਢੀ ਵੀ ਦੂਰ ਰਹਿੰਦੇ ਹਨ।
12 ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਆਪਣਾ ਜਾਲ ਵਿਛਾ ਲੈਂਦੇ ਹਨ,
ਜੋ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਹਨ;
ਸਾਰਾ ਦਿਨ ਉਹ ਝੂਠ ਬੋਲਦੇ ਹਨ।
13 ਮੈਂ ਬੋਲਿਆਂ ਵਰਗਾ ਹਾਂ, ਜੋ ਸੁਣ ਨਹੀਂ ਸਕਦਾ,
ਗੂੰਗੇ ਵਰਗਾ, ਜੋ ਬੋਲ ਨਹੀਂ ਸਕਦਾ।
14 ਮੈਂ ਉਸ ਵਰਗਾ ਹੋ ਗਿਆ ਹਾਂ ਜੋ ਨਹੀਂ ਸੁਣਦਾ,
ਜੋ ਮੂੰਹ ਨਾਲ ਕੋਈ ਜਵਾਬ ਨਹੀਂ ਦੇ ਸਕਦਾ।
15 ਯਾਹਵੇਹ, ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ;
ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਉੱਤਰ ਦੇਵੇਂਗਾ।
16 ਕਿਉਂਕਿ ਮੈਂ ਕਿਹਾ ਸੀ, "ਜਦੋਂ ਮੇਰੇ ਪੈਰ ਤਿਲਕ ਜਾਣ ਤਾਂ ਉਹਨਾਂ ਨੂੰ ਖੁਸ਼ ਨਾ ਹੋਣ ਦਿਓ ਅਤੇ ਨਾ ਹੀ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਨ ਦਿਓ।"
17 ਕਿਉਂਕਿ ਮੈਂ ਡਿੱਗਣ ਵਾਲਾ ਹਾਂ,
ਅਤੇ ਮੇਰਾ ਦੁੱਖ ਸਦਾ ਮੇਰੇ ਨਾਲ ਹੈ।
18 ਮੈਂ ਆਪਣੀ ਬਦੀ ਦਾ ਇਕਰਾਰ ਕਰਦਾ ਹਾਂ;
ਮੈਂ ਆਪਣੇ ਪਾਪ ਤੋਂ ਦੁੱਖੀ ਹਾਂ।
19 ਬਹੁਤ ਸਾਰੇ ਬਿਨਾ ਕਾਰਨ ਮੇਰੇ ਦੁਸ਼ਮਣ ਬਣ ਗਏ ਹਨ;
ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ, ਉਹ ਬਹੁਤ ਹਨ।
20 ਜਿਹੜੇ ਮੇਰੀ ਚੰਗਿਆਈ ਦਾ ਬਦਲਾ ਬਦੀ ਨਾਲ ਮੋੜਦੇ ਹਨ
ਮੇਰੇ ਉੱਤੇ ਦੋਸ਼ ਲਾਉਂਦੇ ਹਨ,
ਭਾਵੇਂ ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ ਜੋ ਚੰਗਾ ਹੈ।
21 ਯਾਹਵੇਹ, ਮੈਨੂੰ ਨਾ ਤਿਆਗ;
ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋ।
22 ਹੇ ਮੇਰੇ ਯਾਹਵੇਹ ਅਤੇ ਮੇਰੇ ਮੁਕਤੀਦਾਤਾ, ਮੇਰੀ ਸਹਾਇਤਾ ਲਈ ਜਲਦੀ ਆ।