Pular para o conteúdo
Publicidade

ਜ਼ਬੂਰਾਂ 109

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।

1 ਮੇਰੇ ਪਰਮੇਸ਼ਵਰ, ਜਿਸਦੀ ਮੈਂ ਉਸਤਤ ਕਰਦਾ ਹਾਂ,

ਮੈਂ ਚੁੱਪ ਨਹੀਂ ਰਹਾਂਗਾ,

2 ਕਿਉਂਕਿ ਜਿਹੜੇ ਲੋਕ ਦੁਸ਼ਟ ਅਤੇ ਧੋਖੇਬਾਜ਼ ਹਨ,

ਉਹਨਾਂ ਮੇਰੇ ਵਿਰੁੱਧ ਮੂੰਹ ਖੋਲ੍ਹਿਆ ਹੈ;

ਉਹਨਾਂ ਨੇ ਮੇਰੇ ਵਿਰੁੱਧ ਝੂਠੀਆਂ ਬੋਲੀਆਂ ਬੋਲੀਆਂ ਹਨ।

3 ਨਫ਼ਰਤ ਦੀਆਂ ਗੱਲਾਂ ਦੇ ਨਾਲ ਉਹ ਮੈਨੂੰ ਘੇਰ ਲੈਂਦੇ ਹਨ,

ਉਹ ਬਿਨਾਂ ਕਾਰਨ ਮੇਰੇ ਉੱਤੇ ਹਮਲਾ ਕਰਦੇ ਹਨ।

4 ਮੇਰੀ ਦੋਸਤੀ ਦੇ ਬਦਲੇ ਉਹ ਮੇਰੇ ਉੱਤੇ ਦੋਸ਼ ਲਾਉਂਦੇ ਹਨ,

ਪਰ ਮੈਂ ਪ੍ਰਾਰਥਨਾ ਕਰਨ ਵਾਲਾ ਆਦਮੀ ਹਾਂ।

5 ਉਹ ਮੈਨੂੰ ਭਲਿਆਈ ਦੇ ਬਦਲੇ ਬਦੀ,

ਅਤੇ ਮੇਰੀ ਦੋਸਤੀ ਲਈ ਨਫ਼ਰਤ ਕਰਦੇ ਹਨ।

6 ਉਹ ਆਖਦੇ ਹਨ, ਕਿਸੇ ਦੁਸ਼ਟ ਵਿਅਕਤੀ ਨੂੰ ਉਸਦੇ ਵਿਰੁੱਧ ਨਿਯੁਕਤ ਕਰੋ;

ਇੱਕ ਦੋਸ਼ ਲਗਾਉਣ ਵਾਲਾ ਉਸਦੇ ਸੱਜੇ ਹੱਥ ਖੜ੍ਹਾ ਹੋਵੇ।

7 ਜਦੋਂ ਉਹ ਮੁਕੱਦਮਾ ਚਲਾਏ ਤਾਂ ਉਹ ਦੋਸ਼ੀ ਠਹਿਰਾਇਆ ਜਾਵੇ,

ਅਤੇ ਉਸ ਦੀਆਂ ਪ੍ਰਾਰਥਨਾਵਾਂ ਉਸ ਨੂੰ ਦੋਸ਼ੀ ਠਹਿਰਾਉਣ।

8 ਉਸਦੇ ਜੀਉਣ ਦੇ ਦਿਨ ਥੋੜੇ ਹੋਣ;

ਅਤੇ ਉਸਦਾ ਅਹੁਦਾ ਕੋਈ ਹੋਰ ਲੈ ਲਵੇ।

9 ਉਹ ਦੇ ਬੱਚੇ ਯਤੀਮ ਹੋਣ,

ਅਤੇ ਉਹ ਦੀ ਪਤਨੀ ਵਿਧਵਾ ਹੋਵੇ।

10 ਉਸਦੇ ਬੱਚੇ ਰੁਲਦੇ ਫਿਰਦੇ ਅਤੇ ਭਿਖਾਰੀ ਹੋਣ;

ਉਹਨਾਂ ਨੂੰ ਉਹਨਾਂ ਦੇ ਬਰਬਾਦ ਹੋਏ ਘਰਾਂ ਤੋਂ ਭਜਾ ਦਿੱਤਾ ਜਾਵੇ।

11 ਇੱਕ ਲੈਣਦਾਰ ਉਸ ਦਾ ਸਭ ਕੁਝ ਖੋਹ ਲਵੇ,

ਪਰਾਏ ਉਸ ਦੀ ਮਿਹਨਤ ਦੇ ਫਲ ਨੂੰ ਲੁੱਟ ਲੈਣ।

12 ਨਾ ਕੋਈ ਉਹ ਦੇ ਉੱਤੇ ਦਯਾ ਕਰੇ,

ਨਾ ਉਹ ਦੇ ਯਤੀਮਾਂ ਉੱਤੇ ਤਰਸ ਕਰੇ।

13 ਉਸਦੀ ਸੰਤਾਨ ਕੱਟੀ ਜਾਵੇ,

ਉਹਨਾਂ ਦੇ ਨਾਮ ਅਗਲੀ ਪੀੜ੍ਹੀ ਤੋਂ ਮਿਟਾ ਦਿੱਤੇ ਜਾਣ।

14 ਯਾਹਵੇਹ ਦੇ ਸਾਹਮਣੇ ਉਸ ਦੇ ਪਿਉ-ਦਾਦਿਆਂ ਦੀ ਬਦੀ ਚੇਤੇ ਰਹੇ;

ਉਸ ਦੀ ਮਾਂ ਦਾ ਪਾਪ ਕਦੇ ਨਾ ਮਿਟਾਇਆ ਜਾਵੇ।

15 ਉਹਨਾਂ ਦੇ ਪਾਪ ਸਦਾ ਯਾਹਵੇਹ ਦੇ ਸਨਮੁਖ ਰਹਿਣ,

ਤਾਂ ਜੋ ਉਹ ਉਹਨਾਂ ਦਾ ਨਾਮ ਧਰਤੀ ਤੋਂ ਮਿਟਾ ਦੇਵੇ।

16 ਕਿਉਂਕਿ ਉਸ ਨੇ ਕਦੇ ਵੀ ਦਯਾ ਕਰਨ ਬਾਰੇ ਨਹੀਂ ਸੋਚਿਆ,

ਸਗੋਂ ਗਰੀਬਾਂ ਅਤੇ ਲੋੜਵੰਦਾਂ

ਅਤੇ ਟੁੱਟੇ ਦਿਲਾਂ ਨੂੰ ਮਾਰਿਆ।

17 ਉਹ ਸਰਾਪ ਦੇਣਾ ਪਸੰਦ ਕਰਦਾ ਸੀ,

ਇਹ ਉਸ ਉੱਤੇ ਮੁੜ ਆਵੇ।

ਉਸ ਨੇ ਬਰਕਤਾਂ ਵਿੱਚ ਕੋਈ ਆਨੰਦ ਨਹੀਂ ਪਾਇਆ,

ਇਹ ਉਸ ਤੋਂ ਦੂਰ ਹੋਵੇ।

18 ਉਸਨੇ ਸਰਾਪ ਨੂੰ ਆਪਣੇ ਬਸਤਰ ਵਾਂਗੂੰ ਪਹਿਨਿਆ;

ਇਹ ਪਾਣੀ ਵਾਂਗ ਉਸ ਦੇ ਸਰੀਰ ਵਿੱਚ,

ਅਤੇ ਤੇਲ ਵਾਂਗ ਉਸ ਦੀਆਂ ਹੱਡੀਆਂ ਵਿੱਚ ਵੜ ਗਿਆ।

19 ਇਹ ਉਸ ਦੇ ਦੁਆਲੇ ਲਪੇਟੀ ਹੋਈ ਚਾਦਰ ਵਰਗਾ ਹੋਵੇ,

ਉਹ ਦੇ ਦੁਆਲੇ ਸਦਾ ਲਈ ਬੰਨ੍ਹੀ ਹੋਈ ਪੱਟੀ ਵਰਗਾ ਹੋਵੇ।

20 ਮੇਰੇ ਦੋਸ਼ ਲਾਉਣ ਵਾਲਿਆਂ ਲਈ ਇਹ ਯਾਹਵੇਹ ਦਾ ਬਦਲਾ ਹੋਵੇ,

ਉਹਨਾਂ ਲਈ ਜਿਹੜੇ ਮੇਰੇ ਬਾਰੇ ਬੁਰਾ ਬੋਲਦੇ ਹਨ।

21 ਪਰ ਤੂੰ ਹੇ ਸਰਬਸ਼ਕਤੀਮਾਨ ਯਾਹਵੇਹ,

ਆਪਣੇ ਨਾਮ ਦੇ ਕਾਰਨ ਮੇਰੀ ਸਹਾਇਤਾ ਕਰ;

ਆਪਣੇ ਪਿਆਰ ਦੀ ਭਲਾਈ ਦੇ ਕਾਰਨ ਮੈਨੂੰ ਬਚਾ।

22 ਕਿਉਂ ਜੋ ਮੈਂ ਕੰਗਾਲ ਅਤੇ ਲੋੜਵੰਦ ਹਾਂ,

ਅਤੇ ਮੇਰਾ ਮਨ ਮੇਰੇ ਅੰਦਰ ਜ਼ਖਮੀ ਹੈ।

23 ਮੈਂ ਸ਼ਾਮ ਦੇ ਪਰਛਾਵੇਂ ਵਾਂਗੂ ਢਲ ਜਾਂਦਾ ਹਾਂ।

ਮੈਂ ਟਿੱਡੀ ਵਾਂਗ ਝਾੜਿਆ ਜਾਂਦਾ ਹਾਂ।

24 ਵਰਤ ਦੇ ਕਾਰਨ ਮੇਰੇ ਗੋਡੇ ਕਮਜ਼ੋਰ ਹਨ,

ਮੇਰਾ ਸਰੀਰ ਪਤਲਾ ਅਤੇ ਸੁੱਕ ਗਿਆ ਹੈ।

25 ਮੈਂ ਆਪਣੇ ਦੋਸ਼ ਲਾਉਣ ਵਾਲਿਆਂ ਲਈ ਘਿਣਾਉਣੀ ਚੀਜ਼ ਹਾਂ;

ਜਦੋਂ ਉਹ ਮੈਨੂੰ ਦੇਖਦੇ ਹਨ, ਉਹ ਆਪਣੇ ਸਿਰ ਹਿਲਾਉਂਦੇ ਹਨ।

26 ਮੇਰੀ ਸਹਾਇਤਾ ਕਰ, ਯਾਹਵੇਹ ਮੇਰੇ ਪਰਮੇਸ਼ਵਰ;

ਆਪਣੇ ਅਟੁੱਟ ਪਿਆਰ ਦੇ ਅਨੁਸਾਰ ਮੈਨੂੰ ਬਚਾ।

27 ਉਹਨਾਂ ਨੂੰ ਦੱਸ ਕਿ ਇਹ ਤੇਰਾ ਹੀ ਹੱਥ ਹੈ,

ਅਤੇ ਹੇ ਯਾਹਵੇਹ ਇਹ ਤੂੰ ਹੀ ਕੀਤਾ ਹੈ।

28 ਜਦੋਂ ਉਹ ਸਰਾਪ ਦਿੰਦੇ ਹਨ, ਤੂੰ ਬਰਕਤ ਦੇ;

ਮੇਰੇ ਉੱਤੇ ਹਮਲਾ ਕਰਨ ਵਾਲੇ ਸ਼ਰਮਿੰਦਾ ਹੋਣ,

ਪਰ ਤੇਰਾ ਸੇਵਕ ਖੁਸ਼ ਹੋਵੇ।

29 ਮੇਰੇ ਦੋਸ਼ ਲਾਉਣ ਵਾਲੇ ਬੇਇੱਜ਼ਤੀ ਦੇ ਕੱਪੜੇ ਪਹਿਨੇ

ਅਤੇ ਚਾਦਰ ਵਾਂਗ ਸ਼ਰਮ ਨਾਲ ਲਪੇਟੇ ਜਾਣ।

30 ਮੈਂ ਆਪਣੇ ਮੂੰਹ ਨਾਲ ਯਾਹਵੇਹ ਦਾ ਧੰਨਵਾਦ ਕਰਾਂਗਾ;

ਉਪਾਸਕਾਂ ਦੀ ਵੱਡੀ ਭੀੜ ਵਿੱਚ ਮੈਂ ਉਸਦੀ ਉਸਤਤ ਕਰਾਂਗਾ।

31 ਕਿਉਂਕਿ ਉਹ ਲੋੜਵੰਦਾਂ ਦੇ ਸੱਜੇ ਪਾਸੇ ਖਲੋਤਾ ਹੈ,

ਤਾਂ ਜੋ ਉਹ ਉਹਨਾਂ ਦੀ ਜਾਨ ਬਚਾਵੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ।

Estes versículos te tocaram? Ore agora!

+581 estão orando agora.

Junte-se à corrente de oração.