Publicidade

Salmos 105

1 ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ;

ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।

2 ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ,

ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।

3 ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ;

ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।

4 ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,

ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।

5 ਉਸ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ,

ਉਸਦੇ ਚਮਤਕਾਰ ਨੂੰ ਅਤੇ ਨਿਆਂ ਨੂੰ ਜੋ ਉਸ ਨੇ ਕੀਤੇ ਹਨ ਯਾਦ ਰੱਖੋ,

6 ਹੇ ਉਸ ਦੇ ਸੇਵਕੋ ਅਬਰਾਹਾਮ ਦੀ ਸੰਤਾਨ,

ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ।

7 ਉਹ ਯਾਹਵੇਹ ਸਾਡਾ ਪਰਮੇਸ਼ਵਰ ਹੈ;

ਉਸ ਦੇ ਨਿਆਂ ਸਾਰੀ ਧਰਤੀ ਉੱਤੇ ਹਨ।

8 ਉਸ ਨੇ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖਿਆ,

ਉਸ ਬਚਨ ਨੂੰ ਜਿਸ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਵਾਅਦਾ ਕੀਤਾ ਸੀ,

9 ਉਹ ਨੇਮ ਜੋ ਉਸ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ,

ਉਹ ਸਹੁੰ ਜਿਹੜੀ ਉਸ ਨੇ ਇਸਹਾਕ ਨਾਲ ਖਾਧੀ ਸੀ।

10 ਉਸਨੇ ਯਾਕੋਬ ਲਈ ਇੱਕ ਬਿਧੀ ਕਰਕੇ,

ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਸਨੂੰ ਸਥਿਰ ਕੀਤਾ;

11 "ਮੈਂ ਤੁਹਾਨੂੰ ਕਨਾਨ ਦੀ ਧਰਤੀ ਦਿਆਂਗਾ,

ਜਿਸ ਨੂੰ ਤੁਸੀਂ ਵਿਰਾਸਤ ਵਜੋਂ ਪ੍ਰਪਾਤ ਕਰੋਗੇ।"

12 ਜਦੋਂ ਉਹ ਗਿਣਤੀ ਵਿੱਚ ਥੋੜ੍ਹੇ ਸਨ, ਸਗੋਂ ਬਹੁਤ ਹੀ ਥੋੜੇ,

ਅਤੇ ਉਸ ਵਿੱਚ ਪਰਦੇਸੀ ਵੀ ਸੀ,

13 ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ,

ਇੱਕ ਰਾਜ ਤੋਂ ਦੂਜੇ ਰਾਜ ਵਿੱਚ ਭਟਕਦੇ ਰਹੇ।

14 ਉਸ ਨੇ ਕਿਸੇ ਵੀ ਕੌਮ ਨੂੰ ਉਹਨਾਂ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ;

ਉਹਨਾਂ ਦੇ ਲਈ ਪਰਮੇਸ਼ਵਰ ਨੇ ਰਾਜਿਆਂ ਨੂੰ ਝਿੜਕਿਆ।

15 "ਮੇਰੇ ਮਸਹ ਕੀਤੇ ਹੋਏ ਲੋਕਾਂ ਨੂੰ ਨਾ ਛੂਹੋ;

ਮੇਰੇ ਨਬੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਓ!"

16 ਤਦ ਪਰਮੇਸ਼ਵਰ ਨੇ ਉਸ ਦੇਸ਼ ਵਿੱਚ ਕਾਲ ਪਾ ਦਿੱਤਾ,

ਅਤੇ ਭੋਜਨ ਦੇ ਸਾਰੇ ਇੰਤਜ਼ਾਮ ਨੂੰ ਨਾਸ਼ ਕਰ ਦਿੱਤਾ।

17 ਤਦ ਪਰਮੇਸ਼ਵਰ ਨੇ ਇੱਕ ਮਨੁੱਖ ਯੋਸੇਫ਼ ਨੂੰ,

ਪਹਿਲਾਂ ਹੀ ਉਹਨਾਂ ਅੱਗੇ ਉਸ ਦੇਸ਼ ਵਿੱਚ ਦਾਸ ਬਣਾ ਕੇ ਭੇਜਿਆ।

18 ਉਹਨਾਂ ਨੇ ਯੋਸੇਫ਼ ਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਜ਼ਖਮੀ ਕਰ ਦਿੱਤਾ,

ਉਸਦੀ ਗਰਦਨ ਨੂੰ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਗਿਆ।

19 ਜਦੋਂ ਤੱਕ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਆਇਆ,

ਤਦ ਤੱਕ ਯਾਹਵੇਹ ਦਾ ਬਚਨ ਉਹ ਨੂੰ ਪਰਖਦਾ ਰਿਹਾ।

20 ਰਾਜੇ ਨੇ ਯੋਸੇਫ਼ ਨੂੰ ਅਜ਼ਾਦ ਕਰਨ ਦਾ ਹੁਕਮ ਦਿੱਤਾ,

ਪਰਜਾ ਦੇ ਹਾਕਮ ਨੇ ਉਸਨੂੰ ਅਜ਼ਾਦ ਕਰ ਦਿੱਤਾ।

21 ਉਸ ਨੇ ਯੋਸੇਫ਼ ਨੂੰ ਆਪਣੇ ਸਾਰੇ ਘਰ ਦਾ ਮੁੱਖੀ ਬਣਾਇਆ

ਅਤੇ ਆਪਣੀ ਜਾਇਦਾਦ ਉੱਤੇ ਉਸਨੂੰ ਹਾਕਮ ਠਹਿਰਾਇਆ।

22 ਤਾਂ ਜੋ ਉਹ ਆਪਣੇ ਰਾਜਕੁਮਾਰਾਂ ਨੂੰ ਜਿਵੇਂ ਉਹ ਚਾਹੇ ਹੁਕਮ ਕਰੇ

ਅਤੇ ਆਪਣੇ ਸੇਵਕਾਂ ਨੂੰ ਬੁੱਧੀ ਸਿਖਾ ਸਕੇ।

23 ਤਦ ਇਸਰਾਏਲ ਮਿਸਰ ਵਿੱਚ ਗਿਆ,

ਤਦ ਯਾਕੋਬ ਹਾਮ ਦੀ ਧਰਤੀ ਉੱਤੇ ਪਰਦੇਸੀ ਵਜੋਂ ਰਹਿਣ ਲੱਗਾ।

24 ਯਾਹਵੇਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਹੁਤ ਫਲਵੰਤ ਬਣਾਇਆ।

ਉਹਨਾਂ ਨੂੰ ਉਹਨਾਂ ਦੇ ਵੈਰੀਆਂ ਨਾਲੋਂ ਵੀ ਬਲਵਾਨ ਬਣਾ ਦਿੱਤਾ,

25 ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਨਫ਼ਰਤ ਪੈਦਾ ਕੀਤੀ,

ਤਾਂ ਜੋ ਉਹ ਉਸ ਦੇ ਸੇਵਕਾਂ ਵਿਰੁੱਧ ਸਾਜ਼ਿਸ਼ ਰਚਣ।

26 ਤਦ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਉਹਨਾਂ ਕੋਲ ਭੇਜਿਆ,

ਅਤੇ ਹਾਰੋਨ ਨੂੰ ਵੀ ਜਿਨਾਂ ਨੂੰ ਉਸਨੇ ਚੁਣਿਆ ਸੀ।

27 ਉਹਨਾਂ ਨੇ ਪਰਮੇਸ਼ਵਰ ਦੇ ਚਮਤਕਾਰ ਮਿਸਰ ਦੇ ਵਿੱਚ ਕੀਤੇ,

ਉਹਨਾਂ ਨੇ ਹਾਮ ਦੀ ਧਰਤੀ ਉੱਤੇ ਅਚਰਜ ਕੰਮ ਕੀਤੇ।

28 ਉਸਨੇ ਹਨ੍ਹੇਰਾ ਭੇਜਿਆ ਅਤੇ ਸਾਰੇ ਦੇਸ਼ ਵਿੱਚ ਹਨ੍ਹੇਰਾ ਹੋ ਗਿਆ,

ਕਿਉਂਕਿ ਮਿਸਰ ਨੇ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ।

29 ਪਰਮੇਸ਼ਵਰ ਨੇ ਉਹਨਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ,

ਅਤੇ ਉਹਨਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।

30 ਉਹਨਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ,

ਉਹ ਡੱਡੂ ਸਗੋਂ ਹਾਕਮਾਂ ਦੇ ਕਮਰਿਆਂ ਵਿੱਚ ਜਾ ਪਹੁੰਚੇ।

31 ਪਰਮੇਸ਼ਵਰ ਨੇ ਹੁਕਮ ਦਿੱਤਾ ਅਤੇ ਮੱਖੀਆਂ ਦੇ ਝੁੰਡ ਨੇ ਦੇਸ਼ ਨੂੰ ਢੱਕ ਲਿਆ,

ਇਸ ਦੇ ਨਾਲ, ਮੱਛਰ ਵੀ ਸਾਰੇ ਦੇਸ਼ ਵਿੱਚ ਫੈਲ ਗਏ।

32 ਉਹ ਦੇ ਹੁਕਮ ਨਾਲ ਮੀਂਹ ਨੇ ਗੜਿਆਂ ਦਾ ਰੂਪ ਧਾਰ ਲਿਆ,

ਸਾਰੇ ਦੇਸ਼ ਵਿੱਚ ਬਿਜਲੀ ਦੀ ਵਰਖਾ ਸ਼ੁਰੂ ਹੋ ਗਈ।

33 ਤਦ ਪਰਮੇਸ਼ਵਰ ਨੇ ਉਹਨਾਂ ਦੀਆਂ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਉੱਤੇ ਵੀ ਹਮਲਾ ਕੀਤਾ,

ਅਤੇ ਉਹਨਾਂ ਦੇ ਦੇਸ਼ ਦੇ ਸਾਰੇ ਦਰਖਤ ਭੰਨ ਸੁੱਟੇ।

34 ਉਹ ਦੇ ਹੁਕਮ ਨਾਲ ਟਿੱਡੀਆਂ ਨੇ ਹਮਲਾ ਕੀਤਾ,

ਇਹ ਟਿੱਡੀਆਂ ਬਹੁਤ ਸਨ;

35 ਉਹਨਾਂ ਨੇ ਦੇਸ਼ ਦਾ ਸਾਰਾ ਸਾਗ ਪੱਤ ਖਾ ਲਿਆ,

ਅਤੇ ਉਹਨਾਂ ਦੀ ਧਰਤੀ ਦਾ ਫਲ ਵੀ ਖਾ ਲਿਆ।

36 ਤਦ ਪਰਮੇਸ਼ਵਰ ਨੇ ਉਹਨਾਂ ਦੇ ਦੇਸ਼ ਵਿੱਚ ਹਰੇਕ ਪਹਿਲੌਠੇ ਨੂੰ ਮਾਰ ਸੁੱਟਿਆ,

ਅਤੇ ਉਹਨਾਂ ਦੇ ਸਾਰੇ ਪੁਰਸ਼ਾਂ ਦੇ ਪਹਿਲੇ ਫਲ ਨੂੰ ਵੀ।

37 ਪਰਮੇਸ਼ਵਰ ਨੇ ਇਸਰਾਏਲ ਨੂੰ ਮਿਸਰ ਦੀ ਧਰਤੀ ਤੋਂ ਸੋਨੇ ਅਤੇ ਚਾਂਦੀ ਦੇ ਵੱਡੇ ਧਨ ਨਾਲ ਬਚਾਇਆ,

ਉਸ ਦੇ ਗੋਤ ਵਿੱਚੋਂ ਕਿਸੇ ਨੇ ਵੀ ਠੋਕਰ ਨਹੀਂ ਖਾਂਦੀ।

38 ਜਦੋਂ ਇਸਰਾਏਲੀ ਦੇਸ਼ ਛੱਡ ਕੇ ਜਾ ਰਹੇ ਸਨ ਤਾਂ ਮਿਸਰੀ ਖੁਸ਼ ਸਨ,

ਕਿਉਂਕਿ ਇਸਰਾਏਲ ਦਾ ਡਰ ਉਹਨਾਂ ਉੱਤੇ ਛਾ ਗਿਆ ਸੀ।

39 ਯਾਹਵੇਹ ਨੇ ਉਹਨਾਂ ਨੂੰ ਢੱਕਣ ਲਈ ਇੱਕ ਬੱਦਲ ਨੂੰ ਫ਼ੈਲਾਇਆ,

ਅਤੇ ਰਾਤ ਨੂੰ ਰੌਸ਼ਨੀ ਲਈ ਇੱਕ ਅੱਗ ਵੀ।

40 ਉਹਨਾਂ ਨੇ ਮੰਗਿਆ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਖਾਣ ਲਈ ਬਟੇਰੇ ਦਿੱਤੇ।

ਅਤੇ ਉਹਨਾਂ ਨੂੰ ਸਵਰਗੀ ਭੋਜਨ ਨਾਲ ਵੀ ਸੰਤੁਸ਼ਟ ਕੀਤਾ।

41 ਪਰਮੇਸ਼ਵਰ ਨੇ ਚੱਟਾਨ ਨੂੰ ਖੋਲ੍ਹਿਆ ਅਤੇ ਪਾਣੀ ਵਗਣ ਲੱਗਾ,

ਇਹ ਪਾਣੀ ਜੰਗਲ ਵਿੱਚ ਨਦੀ ਵਾਂਗ ਵਹਿਣ ਲੱਗਾ।

42 ਕਿਉਂਕਿ ਉਸ ਨੇ ਆਪਣੇ ਸੇਵਕ ਅਬਰਾਹਾਮ ਨਾਲ ਕੀਤੇ

ਆਪਣੇ ਪਵਿੱਤਰ ਵਾਅਦੇ ਨੂੰ ਚੇਤੇ ਰੱਖਿਆ।

43 ਆਨੰਦ ਨਾਲ ਉਹ ਦੀ ਪਰਜਾ ਮਿਸਰ ਵਿਚੋਂ ਬਾਹਰ ਕੱਢੀ ਗਈ,

ਉਸ ਦੇ ਚੁਣੇ ਹੋਏ ਆਨੰਦ ਕਰ ਰਹੇ ਸਨ;

44 ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਕੌਮਾਂ ਦੀ ਧਰਤੀ ਦਿੱਤੀ,

ਉਹ ਉਸ ਧਨ ਦੇ ਹੱਕਦਾਰ ਬਣ ਗਏ ਜਿਸ ਲਈ ਕਿਸੇ ਹੋਰ ਨੇ ਮਿਹਨਤ ਕੀਤੀ ਸੀ।

45 ਤਾਂ ਜੋ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਮੰਨਣ,

ਅਤੇ ਉਸ ਦੇ ਨਿਯਮਾਂ ਨੂੰ ਪੂਰਾ ਕਰਨ।

ਯਾਹਵੇਹ ਦੀ ਉਸਤਤ ਹੋਵੇ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-