1 ਯਾਹਵੇਹ ਦੀ ਉਸਤਤ ਹੋਵੇ, ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।
2 ਮੈਂ ਸਾਰੀ ਉਮਰ ਯਾਹਵੇਹ ਦੀ ਉਸਤਤ ਕਰਾਂਗਾ;
ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਮੈਂ ਆਪਣੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ।
3 ਹਾਕਮਾਂ ਉੱਤੇ ਭਰੋਸਾ ਨਾ ਰੱਖੋ,
ਨਾ ਹੀ ਮਨੁੱਖਾਂ ਉੱਤੇ, ਉਹ ਬਚਾ ਨਹੀਂ ਸਕਦੇ।
4 ਜਦੋਂ ਉਹਨਾਂ ਦਾ ਆਤਮਾ ਚਲਿਆ ਜਾਂਦਾ ਹੈ, ਉਹ ਮਿੱਟੀ ਵਿੱਚ ਮੁੜ ਜਾਂਦਾ ਹੈ।
ਉਸੇ ਦਿਨ ਉਹਨਾਂ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ।
5 ਮੁਬਾਰਕ ਹਨ ਉਹ ਜਿਨ੍ਹਾਂ ਦਾ ਸਹਾਰਾ ਯਾਕੋਬ ਦਾ ਪਰਮੇਸ਼ਵਰ ਹੈ,
ਜਿਨ੍ਹਾਂ ਦੀ ਆਸ ਆਪਣੇ ਯਾਹਵੇਹ ਵਿੱਚ ਹੈ।
6 ਉਹ ਅਕਾਸ਼ ਅਤੇ ਧਰਤੀ,
ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਉਣ ਵਾਲਾ ਹੈ,
ਉਹ ਸਦਾ ਲਈ ਵਫ਼ਾਦਾਰ ਰਹਿੰਦਾ ਹੈ।
7 ਉਹ ਦੱਬੇ-ਕੁਚਲੇ ਲੋਕਾਂ ਦਾ ਪੱਖ ਰੱਖਦਾ ਹੈ,
ਅਤੇ ਉਹਨਾਂ ਨੂੰ ਭੋਜਨ ਦਿੰਦਾ ਹੈ।
ਯਾਹਵੇਹ ਕੈਦੀਆਂ ਨੂੰ ਅਜ਼ਾਦ ਕਰਦਾ ਹੈ,
8 ਯਾਹਵੇਹ ਅੰਨ੍ਹਿਆਂ ਦੀਆਂ ਅੱਖਾਂ ਖੋਲ ਦਿੰਦਾ ਹੈ,
ਯਾਹਵੇਹ ਝੁਕਿਆ ਹੋਇਆ ਨੂੰ ਉੱਚਾ ਕਰਦਾ ਹੈ,
ਯਾਹਵੇਹ ਧਰਮੀਆਂ ਨੂੰ ਪਿਆਰ ਕਰਦਾ ਹੈ।
9 ਯਾਹਵੇਹ ਪਰਦੇਸੀਆਂ ਦੀ ਦੇਖਭਾਲ ਕਰਦਾ ਹੈ,
ਅਤੇ ਯਤੀਮਾਂ ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,
ਪਰ ਉਹ ਦੁਸ਼ਟਾਂ ਦੇ ਰਾਹਾਂ ਨੂੰ ਰੋਕਦਾ ਹੈ।
10 ਹੇ ਸੀਯੋਨ, ਤੇਰਾ ਪਰਮੇਸ਼ਵਰ,
ਸਾਰੀਆਂ ਪੀੜ੍ਹੀਆਂ ਤੱਕ ਰਾਜ ਕਰਦਾ ਹੈ।
ਯਾਹਵੇਹ ਦੀ ਉਸਤਤ ਹੋਵੇ।