Publicidade

Salmos 135

1 ਯਾਹਵੇਹ ਦੀ ਮਹਿਮਾ ਹੋਵੇ।

ਯਾਹਵੇਹ ਦੇ ਨਾਮ ਦੀ ਉਸਤਤ ਕਰੋ;

ਹੇ ਯਾਹਵੇਹ ਦੇ ਸੇਵਕੋ, ਯਾਹਵੇਹ ਦੀ ਮਹਿਮਾ ਕਰੋ।

2 ਤੁਸੀਂ ਜੋ ਯਾਹਵੇਹ ਦੇ ਘਰ ਵਿੱਚ ਸੇਵਾ ਕਰਦੇ ਹੋ,

ਸਾਡੇ ਪਰਮੇਸ਼ਵਰ ਦੇ ਘਰ ਦੇ ਦਰਬਾਰਾਂ ਵਿੱਚ ਉਸਦੀ ਉਸਤਤ ਕਰੋ।

3 ਯਾਹਵੇਹ ਦੀ ਉਸਤਤ ਕਰੋ, ਕਿਉਂਕਿ ਯਾਹਵੇਹ ਭਲਾ ਹੈ;

ਉਸ ਦੇ ਨਾਮ ਦੀ ਉਸਤਤ ਗਾਓ, ਕਿਉਂ ਜੋ ਇਹ ਚੰਗਾ ਹੈ।

4 ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਆਪਣਾ ਹੋਣ ਲਈ ਚੁਣਿਆ ਹੈ,

ਇਸਰਾਏਲ ਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।

5 ਮੈਂ ਜਾਣਦਾ ਹਾਂ ਕਿ ਯਾਹਵੇਹ ਮਹਾਨ ਹੈ,

ਕਿ ਸਾਡਾ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

6 ਯਾਹਵੇਹ ਉਹੀ ਕਰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ,

ਅਕਾਸ਼ ਅਤੇ ਧਰਤੀ ਵਿੱਚ, ਸਮੁੰਦਰਾਂ ਵਿੱਚ

ਅਤੇ ਉਹਨਾਂ ਦੀਆਂ ਸਾਰੀਆਂ ਡੂੰਘਾਈਆਂ ਵਿੱਚ।

7 ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ;

ਉਹ ਮੀਂਹ ਨਾਲ ਬਿਜਲੀ ਭੇਜਦਾ ਹੈ

ਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।

8 ਉਸ ਨੇ ਮਿਸਰ ਦੇ ਪਹਿਲੌਠੇ ਨੂੰ ਮਾਰਿਆ,

ਮਨੁੱਖਾਂ ਅਤੇ ਜਾਨਵਰਾਂ ਦੇ ਪਹਿਲੌਠੇ ਨੂੰ ਵੀ।

9 ਉਸ ਨੇ ਮਿਸਰ ਵਿੱਚ ਤੁਹਾਡੇ ਵਿੱਚ ਫ਼ਿਰਾਊਨ

ਅਤੇ ਉਸਦੇ ਸਾਰੇ ਸੇਵਕਾਂ ਦੇ ਵਿਰੁੱਧ ਆਪਣੇ ਨਿਸ਼ਾਨ ਅਤੇ ਅਚੰਭੇ ਭੇਜੇ।

10 ਉਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰਿਆ,

ਅਤੇ ਬਲਵੰਤ ਰਾਜਿਆਂ ਨੂੰ ਮਾਰਿਆ।

11 ਅਮੋਰੀਆਂ ਦੇ ਰਾਜਾ ਸੀਹੋਨ,

ਬਾਸ਼ਾਨ ਦੇ ਰਾਜਾ ਓਗ,

ਅਤੇ ਕਨਾਨ ਦੇ ਸਾਰੇ ਰਾਜਿਆਂ ਨੂੰ,

12 ਅਤੇ ਉਸ ਨੇ ਉਹਨਾਂ ਦੀ ਧਰਤੀ ਵਿਰਾਸਤ ਵਜੋਂ ਦਿੱਤੀ,

ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਵਜੋਂ।

13 ਹੇ ਯਾਹਵੇਹ, ਤੇਰਾ ਨਾਮ ਸਦਾ ਕਾਇਮ ਰਹੇਗਾ,

ਹੇ ਯਾਹਵੇਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ।

14 ਕਿਉਂਕਿ ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ,

ਅਤੇ ਆਪਣੇ ਸੇਵਕਾਂ ਉੱਤੇ ਤਰਸ ਕਰੇਗਾ।

15 ਪਰਾਈਆਂ ਕੌਮਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ,

ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।

16 ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ,

ਅੱਖਾਂ ਹਨ ਪਰ ਵੇਖ ਨਹੀਂ ਸਕਦੇ।

17 ਉਹਨਾਂ ਦੇ ਕੰਨ ਹਨ ਪਰ ਸੁਣ ਨਹੀਂ ਸਕਦੇ,

ਨਾ ਉਹਨਾਂ ਦੇ ਮੂੰਹ ਵਿੱਚ ਸਾਹ ਹੈ।

18 ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ,

ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।

19 ਹੇ ਇਸਰਾਏਲੀਓ, ਯਾਹਵੇਹ ਦੀ ਉਸਤਤ ਕਰੋ;

ਹਾਰੋਨ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;

20 ਲੇਵੀ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;

ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਦੀ ਉਸਤਤ ਕਰੋ।

21 ਸੀਯੋਨ ਤੋਂ ਯਾਹਵੇਹ ਦੀ ਉਸਤਤ ਹੋਵੇ,

ਉਸ ਨੂੰ ਜੋ ਯੇਰੂਸ਼ਲੇਮ ਵਿੱਚ ਵੱਸਦਾ ਹੈ।

ਯਾਹਵੇਹ ਦੀ ਉਸਤਤ ਕਰੋ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-