1 ਹੇ ਯਾਹਵੇਹ, ਤੁਸੀਂ ਦੂਰ ਕਿਉਂ ਖੜ੍ਹੇ ਰਹਿੰਦੇ ਹੋ?
ਤੁਸੀਂ ਮੁਸੀਬਤ ਦੇ ਸਮੇਂ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹੋ?
2 ਦੁਸ਼ਟ ਮਨੁੱਖ ਆਪਣੇ ਹੰਕਾਰ ਵਿੱਚ ਕਮਜ਼ੋਰਾਂ ਦਾ ਸ਼ਿਕਾਰ ਕਰਦਾ ਹੈ,
ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਹਨਾਂ ਵਿੱਚ ਉਹ ਆਪ ਫਸ ਜਾਣ!
3 ਦੁਸ਼ਟ ਆਪਣੇ ਦਿਲ ਦੀ ਲਾਲਸਾ ਬਾਰੇ ਹੰਕਾਰ ਕਰਦਾ ਹੈ;
ਲਾਲਚੀ ਯਾਹਵੇਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।
4 ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ਵਰ ਨੂੰ ਨਹੀਂ ਭਾਲਦਾ;
ਉਸਦੇ ਸਾਰੇ ਵਿਚਾਰਾਂ ਵਿੱਚ ਪਰਮੇਸ਼ਵਰ ਲਈ ਕੋਈ ਥਾਂ ਨਹੀਂ ਹੈ।
5 ਉਸ ਦੇ ਰਾਹ ਹਮੇਸ਼ਾ ਖੁਸ਼ਹਾਲ ਹੁੰਦੇ ਹਨ;
ਤੁਹਾਡੇ ਕਾਨੂੰਨ ਉਸ ਦੁਆਰਾ ਰੱਦ ਕੀਤੇ ਗਏ ਹਨ;
ਉਹ ਆਪਣੇ ਸਾਰੇ ਦੁਸ਼ਮਣਾਂ ਦਾ ਮਜ਼ਾਕ ਉਡਾਉਂਦਾ ਹੈ।
6 ਉਹ ਆਪਣੇ ਆਪ ਨੂੰ ਕਹਿੰਦਾ ਹੈ, "ਕੁਝ ਵੀ ਮੈਨੂੰ ਕਦੇ ਹਿਲਾ ਨਹੀਂ ਸਕੇਗਾ।"
ਉਹ ਸਹੁੰ ਖਾਂਦਾ ਹੈ, "ਕੋਈ ਵੀ ਕਦੇ ਮੇਰਾ ਨੁਕਸਾਨ ਨਹੀਂ ਕਰੇਗਾ।"
7 ਉਸਦਾ ਮੂੰਹ ਝੂਠ ਅਤੇ ਸਰਾਪ ਨਾਲ ਭਰਿਆ ਹੋਇਆ ਹੈ;
ਮੁਸੀਬਤ ਅਤੇ ਬਦੀ ਉਸ ਦੀ ਜੀਭ ਦੇ ਅਧੀਨ ਹਨ।
8 ਉਹ ਪਿੰਡਾਂ ਦੇ ਨੇੜੇ ਉਡੀਕ ਵਿੱਚ ਪਿਆ ਹੈ;
ਗੁਪਤ ਥਾਵਾਂ ਵਿੱਚ ਉਹ ਨਿਰਦੋਸ਼ਾ ਦਾ ਕਤਲ ਕਰਦਾ ਹੈ।
ਉਸ ਦੀਆਂ ਅੱਖਾਂ ਪੀੜਤਾਂ ਦੀ ਤਾਕ ਵਿੱਚ ਲੱਗੀਆਂ ਰਹਿੰਦੀਆ ਹਨ;
9 ਉਹ ਘੁਰਨੇ ਵਿੱਚ ਸ਼ੇਰ ਵਾਂਗ ਉਡੀਕ ਵਿੱਚ ਪਿਆ ਹੈ।
ਅਤੇ ਉਹ ਬੇਸਹਾਰਾ ਨੂੰ ਫੜਨ ਦੀ ਉਡੀਕ ਵਿੱਚ ਬੈਠਦਾ ਹੈ;
ਤਾਂ ਜੋ ਬੇਸਹਾਰਾ ਲੋਕਾਂ ਨੂੰ ਫੜ ਕੇ ਆਪਣੇ ਜਾਲ ਵਿੱਚ ਸੁੱਟ ਲੈਂਦਾ ਹੈ।
10 ਉਸ ਦੇ ਸ਼ਿਕਾਰ ਕੁਚਲੇ ਜਾਂਦੇ ਹਨ, ਉਹ ਢਹਿ ਜਾਂਦੇ ਹਨ;
ਉਹ ਉਸ ਦੀ ਤਾਕਤ ਦੇ ਅਧੀਨ ਆ ਜਾਂਦੇ ਹਨ।
11 ਉਹ ਆਪਣੇ ਆਪ ਨੂੰ ਕਹਿੰਦਾ ਹੈ, "ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ;
ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।"
12 ਉੱਠ, ਹੇ ਯਾਹਵੇਹ! ਹੇ ਪਰਮੇਸ਼ਵਰ, ਆਪਣਾ ਹੱਥ ਉਠਾਓ,
ਗਰੀਬ ਨੂੰ ਨਾ ਭੁੱਲੋ।
13 ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ?
ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ,
"ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ"?
14 ਪਰ ਹੇ ਪਰਮੇਸ਼ਵਰ, ਤੁਸੀਂ ਦੁਖੀਆਂ ਦੀ ਮੁਸੀਬਤ ਨੂੰ ਵੇਖਦੇ ਹੋ;
ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਹੋ ਅਤੇ ਇਸਨੂੰ ਹੱਥ ਵਿੱਚ ਲੈਂਦੇ ਹੋ।
ਪੀੜਤ ਤੁਹਾਡੇ ਲਈ ਆਪਣੇ ਆਪ ਨੂੰ ਸੌਂਪ ਦਿੰਦੇ ਹਨ;
ਤੂੰ ਅਨਾਥਾਂ ਦਾ ਸਹਾਇਕ ਹੈ।
15 ਦੁਸ਼ਟ ਆਦਮੀ ਦੀ ਬਾਂਹ ਤੋੜੋ;
ਦੁਸ਼ਟ ਨੂੰ ਉਸਦੀ ਦੁਸ਼ਟਤਾ ਦਾ ਲੇਖਾ ਦੇਣ ਲਈ ਬੁਲਾਓ
ਜਦ ਤੱਕ ਹੋਰ ਕੁਝ ਨਾ ਲੱਭੇ।
16 ਯਾਹਵੇਹ ਜੁੱਗੋ-ਜੁੱਗ ਲਈ ਰਾਜਾ ਹੈ;
ਕੌਮਾਂ ਉਸ ਦੀ ਧਰਤੀ ਤੋਂ ਨਾਸ ਹੋ ਜਾਣਗੀਆਂ।
17 ਹੇ ਯਾਹਵੇਹ, ਤੁਸੀਂ ਦੁੱਖੀਆਂ ਦੀ ਇੱਛਾ ਸੁਣਦੇ ਹੋ;
ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋ, ਅਤੇ ਉਹਨਾਂ ਦੀ ਦੁਹਾਈ ਸੁਣਦੇ ਹੋ,
18 ਯਤੀਮਾਂ ਅਤੇ ਸਤਾਏ ਹੋਇਆ ਦਾ ਬਚਾਅ ਕਰਨਾ,
ਤਾਂ ਜੋ ਸਿਰਫ ਧਰਤੀ ਦੇ ਪ੍ਰਾਣੀ
ਫਿਰ ਕਦੇ ਵੀ ਦਹਿਸ਼ਤ ਦਾ ਸ਼ਿਕਾਰ ਨਾ ਹੋਣ।