1 ਹੇ ਮੇਰੇ ਲੋਕੋ, ਮੇਰੀ ਸਿੱਖਿਆ ਸੁਣੋ;
ਮੇਰੇ ਮੂੰਹ ਦੀਆਂ ਗੱਲਾਂ ਤੇ ਮਨ ਲਗਾਓ।
2 ਮੈਂ ਇੱਕ ਦ੍ਰਿਸ਼ਟਾਂਤ ਨਾਲ ਆਪਣਾ ਮੂੰਹ ਖੋਲ੍ਹਾਂਗਾ;
ਅਤੇ ਮੈਂ ਪੁਰਾਣੀਆਂ ਗੁਪਤ ਗੱਲਾਂ ਨੂੰ ਬੋਲਾਂਗਾ,
3 ਗੱਲਾਂ ਜੋ ਅਸੀਂ ਸੁਣੀਆਂ ਅਤੇ ਜਾਣੀਆਂ ਹਨ,
ਉਹ ਗੱਲਾਂ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ ਹਨ।
4 ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਦੀ ਅੰਸ ਤੋਂ ਨਹੀਂ ਲੁਕਾਵਾਂਗੇ।
ਅਸੀਂ ਅਗਲੀ ਪੀੜ੍ਹੀ ਨੂੰ
ਯਾਹਵੇਹ ਦੇ ਪ੍ਰਸ਼ੰਸਾਯੋਗ ਕੰਮਾਂ ਬਾਰੇ,
ਉਸ ਦੀ ਸ਼ਕਤੀ ਅਤੇ ਉਸ ਦੇ ਕੀਤੇ ਗਏ ਅਚਰਜ਼ ਕੰਮਾਂ ਬਾਰੇ ਦੱਸਾਂਗੇ।
5 ਉਸ ਨੇ ਯਾਕੋਬ ਲਈ ਸਾਖੀ ਕਾਇਮ ਕੀਤੀ
ਅਤੇ ਇਸਰਾਏਲ ਦੇ ਲੋਕਾਂ ਵਿੱਚ ਬਿਵਸਥਾ ਦੀ ਸਥਾਪਨਾ ਕੀਤੀ,
ਜਿਸ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ
ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ,
6 ਤਾਂ ਜੋ ਅਗਲੀਆਂ ਪੀੜ੍ਹੀਆਂ ਉਹਨਾਂ ਨੂੰ ਜਾਣ ਲੈਣ,
ਇੱਥੋਂ ਤੱਕ ਕਿ ਉਹਨਾਂ ਬੱਚਿਆਂ ਨੂੰ ਵੀ ਜੋ ਅਜੇ ਪੈਦਾ ਵੀ ਨਹੀਂ ਹੋਏ ਹਨ,
ਕਿ ਉਹ ਉੱਠ ਕੇ ਆਪਣੇ ਬੱਚਿਆਂ ਨੂੰ ਦੱਸਣ।
7 ਤਦ ਉਹ ਪਰਮੇਸ਼ਵਰ ਉੱਤੇ ਆਪਣਾ ਭਰੋਸਾ ਰੱਖਣਗੇ
ਅਤੇ ਉਸ ਦੇ ਕੰਮਾਂ ਨੂੰ ਨਾ ਭੁੱਲਣਗੇ
ਪਰ ਉਸ ਦੇ ਹੁਕਮਾਂ ਦੀ ਪਾਲਨਾ ਕਰਨਗੇ।
8 ਉਹ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ,
ਇੱਕ ਜ਼ਿੱਦੀ ਪੀੜ੍ਹੀ ਜਿਨ੍ਹਾਂ ਨੇ ਆਪਣਾ ਮਨ ਕਾਇਮ ਨਾ ਰੱਖਿਆ,
ਜਿਨ੍ਹਾਂ ਦੇ ਦਿਲ ਪਰਮੇਸ਼ਵਰ ਪ੍ਰਤੀ ਵਫ਼ਾਦਾਰ ਨਹੀਂ ਸਨ,
ਜਿਨ੍ਹਾਂ ਦਾ ਆਤਮਾ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ।
9 ਇਫ਼ਰਾਈਮ ਦੀ ਅੰਸ ਸ਼ਾਸਤਰ ਧਾਰੀ ਹੋ ਕੇ ਅਤੇ ਧਣੁੱਖ ਲੈ ਕੇ ਵੀ,
ਲੜਾਈ ਦੇ ਦਿਨ ਪਿੱਛੇ ਮੁੜੇ।
10 ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀ
ਅਤੇ ਪਰਮੇਸ਼ਵਰ ਦੀ ਬਿਵਸਥਾ ਅਨੁਸਾਰ ਚੱਲਣ ਤੋਂ ਇਨਕਾਰ ਕੀਤਾ।
11 ਉਹ ਭੁੱਲ ਗਏ ਜੋ ਪਰਮੇਸ਼ਵਰ ਨੇ ਕੀਤਾ ਸੀ,
ਉਹ ਅਚੰਭੇ ਕੰਮ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਵਿਖਾਏ ਸਨ।
12 ਪਰਮੇਸ਼ਵਰ ਨੇ ਉਹਨਾਂ ਦੇ ਪੁਰਖਿਆਂ ਦੇ ਸਾਹਮਣੇ ਚਮਤਕਾਰ ਕੀਤੇ
ਮਿਸਰ ਦੀ ਧਰਤੀ ਵਿੱਚ, ਸੋਆਨ ਦੇ ਖੇਤਰ ਵਿੱਚ।
13 ਉਸ ਨੇ ਸਮੁੰਦਰ ਨੂੰ ਦੋ ਹਿੱਸੇ ਵਿੱਚ ਵੰਡ ਦਿੱਤਾ ਅਤੇ ਉਹਨਾਂ ਦੀ ਅਗਵਾਈ ਕੀਤੀ;
ਉਸ ਨੇ ਪਾਣੀ ਨੂੰ ਕੰਧ ਵਾਂਗ ਖੜ੍ਹਾ ਕਰ ਦਿੱਤਾ।
14 ਉਸ ਨੇ ਦਿਨ ਨੂੰ ਬੱਦਲ ਨਾਲ
ਅਤੇ ਰਾਤ ਨੂੰ ਅੱਗ ਦੇ ਚਾਨਣ ਦੇ ਨਾਲ ਉਹਨਾਂ ਦੀ ਅਗਵਾਈ ਕੀਤੀ।
15 ਉਸ ਨੇ ਉਜਾੜ ਵਿੱਚ ਚੱਟਾਨਾਂ ਨੂੰ ਪਾੜ ਦਿੱਤਾ
ਅਤੇ ਉਹਨਾਂ ਨੂੰ ਸਮੁੰਦਰ ਵਾਂਗ ਬਹੁਤਾ ਪਾਣੀ ਦਿੱਤਾ।
16 ਉਸ ਨੇ ਪਥਰੀਲੀ ਚੱਟਾਨ ਵਿੱਚੋਂ ਨਦੀਆਂ ਕੱਢੀਆਂ
ਅਤੇ ਪਾਣੀ ਨੂੰ ਨਦੀਆਂ ਵਾਂਗ ਵਹਾ ਦਿੱਤਾ।
17 ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ,
ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।
18 ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ
ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।
19 ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ।
ਉਹਨਾਂ ਨੇ ਕਿਹਾ, "ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?
20 ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ,
ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ,
ਨਦੀਆਂ ਵਹਿ ਗਈਆਂ,
ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ?
ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?"
21 ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਹ ਉਹਨਾਂ ਉੱਤੇ ਅੱਤ ਕ੍ਰੋਧਵਾਨ ਹੋਇਆ;
ਉਸ ਦੀ ਅੱਗ ਯਾਕੋਬ ਦੀ ਅੰਸ ਦੇ ਵਿਰੁੱਧ ਭੜਕੀ,
ਅਤੇ ਉਸ ਦਾ ਕ੍ਰੋਧ ਇਸਰਾਏਲ ਦੇ ਲੋਕਾਂ ਉੱਤੇ ਵੀ ਭੜਕਿਆ,
22 ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕੀਤਾ,
ਅਤੇ ਨਾ ਹੀ ਉਸ ਦੇ ਛੁਟਕਾਰੇ ਉੱਤੇ ਭਰੋਸਾ ਰੱਖਿਆ।
23 ਤਾਂ ਵੀ ਪਰਮੇਸ਼ਵਰ ਨੇ ਅਕਾਸ਼ ਨੂੰ ਹੁਕਮ ਦਿੱਤਾ
ਅਤੇ ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ;
24 ਉਸ ਨੇ ਲੋਕਾਂ ਦੇ ਖਾਣ ਲਈ ਮੰਨੇ ਦੀ ਵਰਖਾ ਕੀਤੀ,
ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਲਈ ਦਿੱਤੀ।
25 ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ;
ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।
26 ਉਹ ਨੇ ਅਕਾਸ਼ ਤੋਂ ਪੂਰਬੀ ਹਵਾ ਨੂੰ ਛੱਡ ਦਿੱਤਾ
ਅਤੇ ਆਪਣੀ ਸ਼ਕਤੀ ਨਾਲ ਦੱਖਣ ਦੀ ਹਵਾ ਨੂੰ ਚਲਾਈ।
27 ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ,
ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।
28 ਉਹ ਨੇ ਮਾਸ ਨੂੰ ਉਹਨਾਂ ਦੇ ਡੇਰੇ ਦੇ ਅੰਦਰ,
ਉਹਨਾਂ ਦੇ ਤੰਬੂਆਂ ਦੇ ਆਲੇ-ਦੁਆਲੇ ਗਿਰਾਇਆ।
29 ਉਹਨਾਂ ਨੇ ਰੱਜ ਕੇ ਖਾਧਾ ਜਦੋਂ ਤੱਕ ਕਿ ਉਹਨਾਂ ਦੇ ਪੇਟ ਨਾ ਭਰ ਗਏ,
ਉਹ ਨੇ ਉਹਨਾਂ ਨੂੰ ਉਹੀ ਦਿੱਤਾ ਜੋ ਉਹ ਚਾਹੁੰਦੇ ਸਨ।
30 ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਇੱਛਾ ਤੋਂ ਮੁੜੇ,
ਜਦੋਂ ਕਿ ਅਜੇ ਭੋਜਨ ਉਹਨਾਂ ਦੇ ਮੂੰਹ ਵਿੱਚ ਹੀ ਸੀ,
31 ਪਰਮੇਸ਼ਵਰ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ;
ਉਹ ਨੇ ਉਹਨਾਂ ਵਿੱਚੋਂ ਸਭ ਤੋਂ ਤਕੜਿਆ ਨੂੰ ਮਾਰ ਦਿੱਤਾ,
ਇਸਰਾਏਲ ਦੇ ਜੁਆਨਾਂ ਨੂੰ ਵੱਢ ਸੁੱਟਿਆ।
32 ਇਸ ਸਭ ਦੇ ਬਾਵਜੂਦ ਉਹ ਪਾਪ ਕਰਦੇ ਰਹੇ।
ਉਹ ਦੇ ਅਚਰਜ਼ ਕੰਮਾਂ ਦੇ ਬਾਵਜੂਦ ਵੀ ਉਹਨਾਂ ਨੇ ਵਿਸ਼ਵਾਸ ਨਾ ਕੀਤਾ।
33 ਇਸ ਲਈ ਉਹ ਨੇ ਉਹਨਾਂ ਦੇ ਦਿਨ ਵਿਅਰਥ ਵਿੱਚ
ਅਤੇ ਉਹਨਾਂ ਦੇ ਸਾਲਾਂ ਨੂੰ ਡਰ ਵਿੱਚ ਖਤਮ ਕੀਤਾ।
34 ਜਦੋਂ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਮਾਰਿਆ, ਉਹਨਾਂ ਨੇ ਉਸ ਦੀ ਭਾਲ ਕੀਤੀ।
ਉਹ ਉਤਸੁਕਤਾ ਨਾਲ ਪਰਮੇਸ਼ਵਰ ਵੱਲ ਮੁੜੇ।
35 ਉਹਨਾਂ ਨੇ ਯਾਦ ਕੀਤਾ ਕਿ ਪਰਮੇਸ਼ਵਰ ਉਹਨਾਂ ਦੀ ਚੱਟਾਨ ਸੀ,
ਅਤੇ ਅੱਤ ਮਹਾਨ ਪਰਮੇਸ਼ਵਰ ਉਹਨਾਂ ਦਾ ਮੁਕਤੀਦਾਤਾ ਹੈ।
36 ਪਰ ਫਿਰ ਵੀ ਉਹਨਾਂ ਆਪਣੇ ਮੂੰਹ ਨਾਲ ਉਸ ਦੀ ਚਾਪਲੂਸੀ ਕੀਤੀ,
ਅਤੇ ਆਪਣੀਆਂ ਜੀਭਾਂ ਨਾਲ ਉਸ ਨਾਲ ਝੂਠ ਬੋਲਿਆ।
37 ਉਹਨਾਂ ਦੇ ਦਿਲ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ,
ਅਤੇ ਨਾ ਹੀ ਉਸ ਦੇ ਨੇਮ ਦੇ ਵਫ਼ਾਦਾਰ ਸਨ।
38 ਤਾਂ ਵੀ ਉਹ ਦਯਾਵਾਨ ਸੀ;
ਉਸ ਨੇ ਉਹਨਾਂ ਦੀਆਂ ਬਦੀਆਂ ਨੂੰ ਮਾਫ਼ ਕੀਤਾ
ਅਤੇ ਉਹਨਾਂ ਦਾ ਨਾਸ ਨਾ ਕੀਤਾ।
ਸਮੇਂ-ਸਮੇਂ ਤੇ ਉਸ ਨੇ ਆਪਣੇ ਕ੍ਰੋਧ ਨੂੰ ਰੋਕਿਆ
ਅਤੇ ਆਪਣਾ ਪੂਰਾ ਕ੍ਰੋਧ ਨਾ ਭੜਕਾਇਆ।
39 ਉਸ ਨੇ ਯਾਦ ਰੱਖਿਆ ਜੋ ਉਹ ਸਿਰਫ ਇਨਸਾਨ ਹਨ,
ਵਗਦੀ ਹਵਾ ਵਾਂਗ ਹਨ ਜੋ ਮੁੜ ਕੇ ਨਹੀਂ ਆਉਂਦੀ।
40 ਉਹਨਾਂ ਨੇ ਕਿੰਨੀ ਵਾਰ ਉਜਾੜ ਵਿੱਚ ਉਸ ਦੇ ਵਿਰੁੱਧ ਵਿਦਰੋਹ ਕੀਤਾ,
ਅਤੇ ਉਜਾੜ ਵਿੱਚ ਉਸ ਨੂੰ ਉਦਾਸ ਕੀਤਾ!
41 ਉਹਨਾਂ ਨੇ ਵਾਰ-ਵਾਰ ਪਰਮੇਸ਼ਵਰ ਨੂੰ ਪਰਖਿਆ।
ਉਹਨਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।
42 ਉਹਨਾਂ ਨੇ ਉਸ ਦੀ ਸਾਮਰਥ ਨੂੰ ਚੇਤੇ ਨਾ ਰੱਖਿਆ,
ਜਿਸ ਦਿਨ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ,
43 ਜਿਸ ਦਿਨ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ ਵਿਖਾਏ,
ਅਤੇ ਸੋਆਨ ਦੇ ਇਲਾਕੇ ਵਿੱਚ ਆਪਣੇ ਅਚੰਭੇ ਕੰਮ ਦਿਖਾਏ।
44 ਉਸ ਨੇ ਉਹਨਾਂ ਦੀ ਨਦੀ ਨੂੰ ਲਹੂ ਵਿੱਚ ਬਦਲ ਦਿੱਤਾ।
ਉਹ ਆਪਣੀਆਂ ਝੀਲਾਂ ਵਿੱਚੋਂ ਪੀ ਨਾ ਸਕੇ।
45 ਉਸ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜੋ ਉਹਨਾਂ ਨੂੰ ਖਾ ਗਈਆਂ,
ਅਤੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ।
46 ਉਸ ਨੇ ਉਹਨਾਂ ਦੀ ਫ਼ਸਲ ਟਿੱਡੀ ਨੂੰ
ਅਤੇ ਉਹਨਾਂ ਦੀ ਉਪਜ ਟਿੱਡੀਆਂ ਨੂੰ ਦਿੱਤੀ।
47 ਉਸ ਨੇ ਉਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਗੜਿਆਂ ਨਾਲ
ਅਤੇ ਉਹਨਾਂ ਦੀਆਂ ਗੁੱਲਰ ਦੀਆਂ ਹੰਜੀਰਾਂ ਨੂੰ ਹੜ੍ਹ ਨਾਲ ਤਬਾਹ ਕਰ ਦਿੱਤਾ।
48 ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ,
ਅਤੇ ਉਹਨਾਂ ਦੇ ਡੰਗਰਾਂ ਨੂੰ ਬਿਜਲੀ ਦੀਆ ਲਸ਼ਕਾਂ ਦੇ ਹਵਾਲੇ ਕਰ ਦਿੱਤਾ।
49 ਉਸ ਨੇ ਆਪਣਾ ਗੁੱਸਾ,
ਪ੍ਰਕੋਪ, ਕ੍ਰੋਧ ਅਤੇ ਮੁਸੀਬਤ ਦਾ ਕਹਿਰ ਉਹਨਾਂ ਉੱਤੇ ਸੁੱਟ ਦਿੱਤਾ,
ਨਾਸ ਕਰਨ ਵਾਲੇ ਦੂਤਾਂ ਦਾ ਇੱਕ ਜੱਥਾ ਭੇਜਿਆ।
50 ਉਸ ਨੇ ਆਪਣੇ ਕ੍ਰੋਧ ਲਈ ਰਾਹ ਤਿਆਰ ਕੀਤਾ।
ਉਸ ਨੇ ਉਹਨਾਂ ਨੂੰ ਮੌਤ ਤੋਂ ਨਹੀਂ ਬਚਾਇਆ
ਪਰ ਉਹਨਾਂ ਨੂੰ ਬਵਾ ਦੇ ਹਵਾਲੇ ਕਰ ਦਿੱਤਾ।
51 ਉਸ ਨੇ ਮਿਸਰ ਦੇ ਸਾਰੇ ਪਹਿਲੌਠਿਆਂ ਨੂੰ ਮਾਰ ਸੁੱਟਿਆ,
ਹਾਮ ਦੇ ਤੰਬੂਆਂ ਵਿੱਚ ਪੁਰਸ਼ਾਂ ਦੇ ਪਹਿਲੇ ਫਲ ਨੂੰ ਮਾਰ ਸੁੱਟਿਆ।
52 ਪਰ ਉਹ ਆਪਣੇ ਲੋਕਾਂ ਨੂੰ ਇੱਜੜ ਵਾਂਗੂੰ ਬਾਹਰ ਲਿਆਇਆ।
ਉਸ ਨੇ ਉਹਨਾਂ ਦੀ ਭੇਡਾਂ ਵਾਂਗ ਉਜਾੜ ਵਿੱਚ ਅਗਵਾਈ ਕੀਤੀ।
53 ਉਸ ਨੇ ਉਹਨਾਂ ਦੀ ਸੁਰੱਖਿਆ ਨਾਲ ਅਗਵਾਈ ਕੀਤੀ, ਇਸ ਲਈ ਉਹ ਨਾ ਡਰੇ;
ਪਰ ਸਮੁੰਦਰ ਨੇ ਉਹਨਾਂ ਦੇ ਦੁਸ਼ਮਣਾਂ ਨੂੰ ਲਪੇਟ ਵਿੱਚ ਲੈ ਲਿਆ।
54 ਅਤੇ ਇਸ ਤਰ੍ਹਾਂ ਉਸਨੇ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਦੀ ਹੱਦ ਵਿੱਚ ਲੈ ਗਿਆ,
ਉਸ ਪਹਾੜੀ ਦੇਸ਼ ਵਿੱਚ ਜਿਸ ਨੂੰ ਉਸ ਦੇ ਸੱਜੇ ਹੱਥ ਨੇ ਫੜ ਲਿਆ ਸੀ।
55 ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੇ ਕੱਢ ਦਿੱਤਾ
ਅਤੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਿਰਾਸਤ ਵਿੱਚ ਦਿੱਤੀਆਂ;
ਉਸ ਨੇ ਇਸਰਾਏਲ ਦੇ ਗੋਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਇਆ।
56 ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆ
ਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ;
ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।
57 ਉਹ ਆਪਣੇ ਪੁਰਖਿਆਂ ਵਾਂਗ ਬੇਵਫ਼ਾ ਅਤੇ ਵਿਸ਼ਵਾਸਹੀਣ ਹੋ ਗਏ,
ਉਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।
58 ਉਹਨਾਂ ਨੇ ਆਪਣੇ ਉੱਚੇ ਸਥਾਨਾਂ ਨਾਲ ਉਸ ਨੂੰ ਨਾਰਾਜ਼ ਕੀਤਾ;
ਉਹਨਾਂ ਨੇ ਆਪਣੀਆਂ ਮੂਰਤਾਂ ਨਾਲ ਉਸ ਦੀ ਈਰਖਾ ਨੂੰ ਜਗਾਇਆ।
59 ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਗੱਲ ਸੁਣੀ ਤਾਂ ਉਹ ਕ੍ਰੋਧਵਾਨ ਹੋਇਆ;
ਉਸ ਨੇ ਇਸਰਾਏਲ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ।
60 ਉਸ ਨੇ ਸ਼ੀਲੋਹ ਦੇ ਡੇਰੇ ਨੂੰ ਛੱਡ ਦਿੱਤਾ,
ਉਹ ਤੰਬੂ ਜਿਹੜਾ ਉਸ ਨੇ ਮਨੁੱਖਾਂ ਵਿੱਚ ਸਥਾਪਿਤ ਕੀਤਾ ਸੀ।
61 ਉਸ ਨੇ ਆਪਣੇ ਮਹਾਨ ਸੰਦੂਕ ਨੂੰ ਗ਼ੁਲਾਮੀ ਵਿੱਚ ਭੇਜਿਆ,
ਆਪਣੀ ਸ਼ਾਨ ਨੂੰ ਵੈਰੀਆਂ ਦੇ ਹੱਥਾਂ ਵਿੱਚ।
62 ਉਸ ਨੇ ਆਪਣੇ ਲੋਕਾਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ;
ਉਹ ਆਪਣੀ ਵਿਰਾਸਤ ਨਾਲ ਕ੍ਰੋਧਵਾਨ ਹੋਇਆ।
63 ਅੱਗ ਨੇ ਉਹਨਾਂ ਦੇ ਜੁਆਨਾਂ ਨੂੰ ਭਸਮ ਕਰ ਦਿੱਤਾ,
ਅਤੇ ਉਹਨਾਂ ਦੀਆਂ ਮੁਟਿਆਰਾਂ ਦੇ ਵਿਆਹ ਦੇ ਗੀਤ ਨਹੀਂ ਗਾਏ ਗਏ।
64 ਉਹਨਾਂ ਦੇ ਜਾਜਕ ਤਲਵਾਰ ਨਾਲ ਵੱਢੇ ਗਏ,
ਅਤੇ ਉਹਨਾਂ ਦੀਆਂ ਵਿਧਵਾਵਾਂ ਰੋ ਨਾ ਸਕੀਆਂ।
65 ਤਦ ਯਾਹਵੇਹ ਜਿਵੇਂ ਨੀਂਦ ਤੋਂ ਜਾਗਿਆ,
ਜਿਵੇਂ ਇੱਕ ਯੋਧਾ ਦਾਖਰਸ ਦੀ ਮੂਰਖਤਾ ਤੋਂ ਜਾਗਦਾ ਹੈ।
66 ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ;
ਉਸ ਨੇ ਉਹਨਾਂ ਨੂੰ ਸਦਾ ਲਈ ਸ਼ਰਮਿੰਦਾ ਕਰ ਕੀਤਾ।
67 ਤਦ ਉਸ ਨੇ ਯੋਸੇਫ਼ ਦੀ ਅੰਸ ਦਾ ਤਿਆਗ ਕਰ ਦਿੱਤਾ,
ਉਹ ਨੇ ਇਫ਼ਰਾਈਮ ਦੇ ਗੋਤ ਨੂੰ ਨਾ ਚੁਣਿਆ।
68 ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,
ਸੀਯੋਨ ਪਰਬਤ, ਜਿਸ ਨੂੰ ਉਹ ਪਿਆਰ ਕਰਦਾ ਸੀ।
69 ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ,
ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।
70 ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆ
ਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।
71 ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇ
ਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ,
ਇਸਰਾਏਲ ਜੋ ਉਸ ਦੀ ਵਿਰਾਸਤ।
72 ਅਤੇ ਦਾਵੀਦ ਨੇ ਦਿਲ ਦੀ ਖਰਿਆਈ ਨਾਲ ਉਹਨਾਂ ਦੀ ਚਰਵਾਹੀ ਕੀਤੀ।
ਉਸ ਨੇ ਹੁਨਰਮੰਦ ਹੱਥਾਂ ਨਾਲ ਉਹਨਾਂ ਦੀ ਅਗਵਾਈ ਕੀਤੀ।