1 ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।
ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਅੱਤ ਮਹਾਨ ਹੈ!
ਤੂੰ ਇੱਜ਼ਤ ਅਤੇ ਵਡਿਆਈ ਨੂੰ ਪਹਿਨਿਆ ਹੋਇਆ ਹੈ।
2 ਤੂੰ ਚਾਨਣ ਨੂੰ ਪੁਸ਼ਾਕ ਵਾਂਗ ਪਹਿਨਿਆ ਹੋਇਆ ਹੈ;
ਤੂੰ ਅਕਾਸ਼ ਨੂੰ ਪੜਦੇ ਵਾਂਗ ਤਾਣਦਾ ਹੈ।
3 ਤੂੰ ਅਕਾਸ਼ ਦੇ ਪਾਣੀਆਂ ਉੱਤੇ ਚੁਬਾਰੇ ਬਣੇ ਹਨ।
ਬੱਦਲ ਤੇਰੇ ਰਥ ਹਨ
ਅਤੇ ਤੁਸੀਂ ਹਵਾ ਦੇ ਖੰਭਾਂ ਉੱਤੇ ਚੱਲਦੇ ਹੋ।
4 ਤੂੰ ਹਵਾਵਾਂ ਨੂੰ ਆਪਣੇ ਸੰਦੇਸ਼ਵਾਹਕ ਬਣਾਉਂਦਾ ਹੈ,
ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ।
5 ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ;
ਇਸਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।
6 ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ,
ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।
7 ਪਰ ਜਦੋਂ ਤੂੰ ਝਿੜਕਿਆ ਤਾਂ ਪਾਣੀ ਚਲਿਆ ਗਿਆ,
ਤੇਰੀ ਗਰਜ ਦੀ ਆਵਾਜ਼ ਨਾਲ ਉਹ ਉੱਡ ਗਏ।
8 ਜਦੋਂ ਪਹਾੜਾਂ ਦੀ ਉਚਾਈ ਵੱਧ ਗਈ,
ਤਦ ਵਾਦੀਆਂ ਡੂੰਘੀਆਂ ਹੋ ਗਈਆਂ,
ਬਿਲਕੁਲ ਉਸੇ ਥਾਂ ਤੇ ਜੋ ਤੁਹਾਡੀ ਯੋਜਨਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ।
9 ਤੂੰ ਉਹਨਾਂ ਦੀ ਇੱਕ ਹੱਦ ਠਹਿਰਾਈ ਤਾਂ ਜੋ ਉਹ ਅੱਗੇ ਨਾ ਲੰਘ ਸਕਣ;
ਅਤੇ ਨਾ ਹੀ ਦੁਬਾਰਾ ਧਰਤੀ ਨੂੰ ਢੱਕਣ।
10 ਤੁਹਾਡੀ ਹੀ ਸ਼ਕਤੀ ਦੇ ਕਾਰਨ ਵਾਦੀਆਂ ਵਿੱਚ ਚਸ਼ਮੇ ਫੁੱਟਦੇ ਹਨ;
ਇਹ ਪਹਾੜਾਂ ਦੇ ਵਿਚਕਾਰ ਵਗਦੇ ਹਨ।
11 ਇਨ੍ਹਾਂ ਤੋਂ ਜੰਗਲ ਦੇ ਹਰ ਜਾਨਵਰ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ,
ਜੰਗਲੀ ਗਧੇ ਵੀ ਆਪਣੀ ਪਿਆਸ ਬੁਝਾਉਂਦੇ ਹਨ।
12 ਉਹਨਾਂ ਦੇ ਕੰਢਿਆਂ ਉੱਤੇ ਅਕਾਸ਼ ਦੇ ਪੰਛੀ ਹਨ,
ਉਹਨਾਂ ਦੀ ਆਵਾਜ਼ ਟਹਿਣੀਆਂ ਦੇ ਵਿਚਕਾਰੋਂ ਆਉਂਦੀ ਹੈ।
13 ਉਹ ਆਪਣੇ ਉੱਚੇ ਸਥਾਨ ਤੋਂ ਪਹਾੜ ਨੂੰ ਸਿੰਜਦਾ ਹੈ,
ਧਰਤੀ ਤੇਰੇ ਪੈਦਾ ਕੀਤੇ ਫਲਾਂ ਨਾਲ ਰੱਜਦੀ ਹੈ।
14 ਉਹ ਪਸ਼ੂਆਂ ਲਈ ਘਾਹ
ਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ,
ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ:
15 ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ,
ਚਿਹਰੇ ਨੂੰ ਚਮਕਾਉਣ ਲਈ ਤੇਲ,
ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।
16 ਯਾਹਵੇਹ ਦੇ ਰੁੱਖ ਪਾਣੀ ਨਾਲ ਤ੍ਰਿਪਤ ਰਹਿੰਦੇ ਹਨ,
ਲਬਾਨੋਨ ਦੇ ਦਿਆਰ ਜੋ ਉਸ ਨੇ ਲਗਾਏ ਹਨ।
17 ਇਨ੍ਹਾਂ ਰੁੱਖਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ,
ਸਾਰਸ ਨੇ ਪਾਈਨ ਦੇ ਰੁੱਖ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ।
18 ਉੱਚੇ ਪਹਾੜ ਉੱਤੇ ਜੰਗਲੀ ਬੱਕਰੀਆਂ ਵੱਸਦੀਆਂ ਹਨ;
ਚੱਟਾਨਾਂ ਵਿੱਚ ਪਹਾੜੀ ਖਰਗੋਸ਼ ਪਨਾਹ ਲੈਦੇ ਹਨ।
19 ਤੁਸੀਂ ਰੁੱਤਾਂ ਦੇ ਲਈ ਚੰਦਰਮਾ ਨੂੂੰ ਬਣਾਇਆ ਹੈ,
ਅਤੇ ਸੂਰਜ ਜਾਣਦਾ ਹੈ ਕਿ ਕਦੋਂ ਡੁੱਬਣਾ ਹੈ।
20 ਤੂੰ ਹਨ੍ਹੇਰਾ ਕਰਦਾ ਹੈ ਅਤੇ ਰਾਤ ਹੋ ਜਾਂਦੀ ਹੈ,
ਤਦ ਸਾਰੇ ਜੰਗਲੀ ਜਾਨਵਰ ਘੁੰਮਣ ਨੂੰ ਨਿਕਲਦੇ ਹਨ।
21 ਤਕੜੇ ਸ਼ੇਰ ਆਪਣੇ ਸ਼ਿਕਾਰ ਲਈ ਗਰਜਦੇ ਹਨ,
ਉਹ ਪਰਮੇਸ਼ਵਰ ਤੋਂ ਆਪਣਾ ਭੋਜਨ ਭਾਲਦੇ ਹਨ।
22 ਸੂਰਜ ਚੜ੍ਹਨ ਨਾਲ ਉਹ ਚੁੱਪ-ਚਾਪ ਲੁਕ ਜਾਂਦੇ ਹਨ,
ਸੌਣ ਲਈ ਆਪੋ-ਆਪਣੇ ਡੇਰਿਆਂ ਨੂੰ ਮੁੜ ਜਾਂਦੇ ਹਨ।
23 ਇਸ ਸਮੇਂ ਮਨੁੱਖ ਆਪੋ-ਆਪਣੇ ਕੰਮਾਂ ਲਈ ਬਾਹਰ ਜਾਂਦੇ ਹਨ,
ਉਹ ਸ਼ਾਮ ਤੱਕ ਮਿਹਨਤ ਕਰਦੇ ਰਹਿੰਦੇ ਹਨ।
24 ਹੇ ਯਾਹਵੇਹ, ਤੇਰੇ ਕੰਮ ਬਹੁਤ ਸਾਰੇ ਹਨ,
ਤੁਸੀਂ ਉਹਨਾਂ ਸਾਰਿਆਂ ਨੂੰ ਆਪਣੇ ਅਦਭੁਤ ਗਿਆਨ ਵਿੱਚ ਬਣਾਇਆ ਹੈ;
ਸਾਰੀ ਧਰਤੀ ਤੇਰੇ ਰਚਾਏ ਹੋਏ ਜੀਵਾਂ ਨਾਲ ਭਰੀ ਹੋਈ ਹੈ।
25 ਇੱਕ ਪਾਸੇ ਸਮੁੰਦਰ ਹੈ ਜੋ ਚੌੜਾ ਅਤੇ ਡੂੰਘਾ ਹੈ,
ਉਸ ਵਿੱਚ ਅਣਗਿਣਤ ਜੀਵ-ਜੰਤੂ ਵੀ ਘੁੰਮਦੇ ਹਨ,
ਬਹੁਤ ਸਾਰੇ ਛੋਟੇ ਅਤੇ ਵੱਡੇ ਜੀਵ ਉਸ ਵਿੱਚ ਹਨ,
26 ਇਸ ਵਿੱਚ ਜਹਾਜ਼ ਆਉਂਦੇ ਅਤੇ ਜਾਂਦੇ ਹਨ,
ਨਾਲੇ ਇੱਕ ਵਿਸ਼ਾਲ ਜਾਨਵਰ ਲਿਵਯਾਥਾਨ ਹੈ, ਜਿਸ ਨੂੰ ਤੁਸੀਂ ਸਮੁੰਦਰ ਵਿੱਚ ਖੇਡਣ ਲਈ ਬਣਾਇਆ ਹੈ।
27 ਉਹ ਸਾਰੇ ਇਸ ਆਸ ਵਿੱਚ ਤੇਰੇ ਉੱਤੇ ਨਿਗਾਹ ਰੱਖਦੇ ਹਨ,
ਕਿ ਤੂੰ ਵੇਲੇ ਸਿਰ ਉਹਨਾਂ ਨੂੰ ਭੋਜਨ ਦੇਵੇ।
28 ਜਦੋਂ ਤੂੰ ਉਹਨਾਂ ਨੂੰ ਭੋਜਨ ਦਿੰਦਾ ਹੈ,
ਉਹ ਇਸਨੂੰ ਇਕੱਠਾ ਕਰਦੇ ਹਨ;
ਜਦੋਂ ਤੁਸੀਂ ਆਪਣੀ ਮੁੱਠੀ ਖੋਲ੍ਹਦੇ ਹੋ,
ਉਹ ਬਹੁਤ ਵਧੀਆ ਚੀਜ਼ਾਂ ਨਾਲ ਰੱਜ ਜਾਂਦੇ ਹਨ।
29 ਜਦੋਂ ਤੂੰ ਉਹਨਾਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ,
ਉਹ ਘਬਰਾ ਜਾਂਦੇ ਹਨ;
ਜਦੋਂ ਤੂੰ ਉਹਨਾਂ ਦੇ ਸਾਹ ਖੋਹ ਲੈਂਦੇ ਹੈ,
ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਅਤੇ ਉਹ ਉਸੇ ਮਿੱਟੀ ਵਿੱਚ ਮੁੜ ਜਾਂਦੇ ਹਨ।
30 ਜਦੋਂ ਤੂੰ ਆਪਣਾ ਆਤਮਾ ਭੇਜਦਾ ਹੈ,
ਉਹ ਉਤਪੰਨ ਹੋ ਜਾਂਦੇ ਹਨ,
ਉਸ ਸਮੇਂ ਤੂੰ ਧਰਤੀ ਨੂੰ ਨਵਾਂ ਬਣਾ ਦਿੰਦੇ ਹੈ।
31 ਯਾਹਵੇਹ ਦੀ ਮਹਿਮਾ ਸਦਾ ਲਈ ਹੋਵੇ,
ਯਾਹਵੇਹ ਆਪਣੇ ਕੰਮਾਂ ਤੋਂ ਅਨੰਦ ਹੁੰਦਾ ਹੈ।
32 ਜਦੋਂ ਉਹ ਧਰਤੀ ਵੱਲ ਵੇਖਦਾ ਹੈ ਅਤੇ ਉਹ ਕੰਬ ਉੱਠਦੀ ਹੈ,
ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਧੂੰਆਂ ਨਿਕਲਦਾ ਹੈ।
33 ਮੈਂ ਜੀਵਨ ਭਰ ਯਾਹਵੇਹ ਦੀ ਉਸਤਤ ਕਰਾਂਗਾ;
ਜਿੰਨਾ ਚਿਰ ਮੈਂ ਹਾਂ, ਮੈਂ ਆਪਣੇ ਪਰਮੇਸ਼ਵਰ ਲਈ ਭਜਨ ਗਾਵਾਂਗਾ।
34 ਮੇਰੀ ਭਗਤੀ ਉਸਨੂੰ ਪ੍ਰਸੰਨ ਕਰੇ,
ਕਿਉਂ ਜੋ ਮੈਂ ਯਾਹਵੇਹ ਵਿੱਚ ਮਗਨ ਰਹਾਂਗਾ।
35 ਪਾਪੀ ਧਰਤੀ ਤੋਂ ਨਾਸ ਹੋ ਜਾਣ,
ਦੁਸ਼ਟ ਮੁੜ ਨਾ ਵੇਖਣਗੇ।
ਹੇ ਮੇਰੀ ਜਾਨ, ਯਾਹਵੇਹ ਨੂੰ ਮੁਬਾਰਕ ਆਖ।
ਯਾਹਵੇਹ ਦੀ ਉਸਤਤ ਹੋਵੇ।