1 ਹੇ ਸਾਰੇ ਲੋਕੋ, ਇਹ ਸੁਣੋ;
ਹੇ ਸਾਰੇ ਸੰਸਾਰ ਦੇ ਵਾਸੀਓ ਕੰਨ ਲਗਾ ਕੇ ਸੁਣੋ।
2 ਦੋਵੇਂ ਨੀਵੇਂ ਜਾਂ ਉੱਚੇ,
ਅਮੀਰ ਜਾਂ ਗਰੀਬ ਸੁਣਨ,
3 ਮੇਰਾ ਮੂੰਹ ਬੁੱਧ ਦੀਆਂ ਗੱਲਾਂ ਬੋਲੇਗਾ;
ਮੇਰੇ ਮਨ ਦਾ ਸਿਮਰਨ ਤੁਹਾਨੂੰ ਸਮਝ ਦੇਵੇਗਾ।
4 ਮੈਂ ਆਪਣਾ ਕੰਨ ਇੱਕ ਕਹਾਵਤ ਵੱਲ ਲਗਾਵਾਂਗਾ;
ਰਬਾਬ ਨਾਲ ਮੈਂ ਆਪਣੀ ਬੁਝਾਰਤ ਨੂੰ ਸਮਝਾਵਾਂਗਾ।
5 ਜਦੋਂ ਬੁਰੇ ਦਿਨ ਆਉਣ ਤਾਂ ਮੈਂ ਕਿਉਂ ਡਰਾਂ,
ਜਦੋਂ ਦੁਸ਼ਟ ਧੋਖੇਬਾਜ਼ ਮੈਨੂੰ ਘੇਰ ਲੈਣ
6 ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ
ਅਤੇ ਆਪਣੇ ਬਹੁਤ ਧਨੀ ਹੋਣ ਉੱਤੇ ਸ਼ੇਖੀ ਮਾਰਦੇ ਹਨ?
7 ਕੋਈ ਵੀ ਦੂਜੇ ਦੀ ਜਾਨ ਨਹੀਂ ਛੁਡਾ ਸਕਦਾ
ਅਤੇ ਨਾ ਹੀ ਪਰਮੇਸ਼ਵਰ ਨੂੰ ਉਹਨਾਂ ਲਈ ਰਿਹਾਈ ਦੀ ਕੀਮਤ ਦੇ ਸਕਦਾ ਹੈ
8 ਇੱਕ ਜੀਵਨ ਦੀ ਰਿਹਾਈ ਦੀ ਕੀਮਤ ਮਹਿੰਗੀ ਹੈ,
ਕੋਈ ਭੁਗਤਾਨ ਕਦੇ ਵੀ ਕਾਫ਼ੀ ਨਹੀਂ ਹੈ,
9 ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿਣ
ਅਤੇ ਨਾਸ ਨਾ ਹੋਣ।
10 ਕਿਉਂਕਿ ਸਾਰੇ ਵੇਖ ਸਕਦੇ ਹਨ ਕਿ ਬੁੱਧਵਾਨ ਮਰਦੇ ਹਨ,
ਮੂਰਖ ਅਤੇ ਨਾਸਮਝ ਵੀ ਨਾਸ ਹੁੰਦੇ ਹਨ,
ਆਪਣੀ ਦੌਲਤ ਦੂਜਿਆਂ ਲਈ ਛੱਡ ਦਿੰਦੇ ਹਨ।
11 ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ,
ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ,
ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।
12 ਪਰ ਆਦਮੀ ਆਦਰ ਵਿੱਚ ਨਹੀਂ ਟਿਕੇਂਗਾ;
ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।
13 ਇਹ ਉਹਨਾਂ ਦੀ ਮੂਰਖਤਾ ਹੈ ਜੋ ਆਪਣੇ ਆਪ ਵਿੱਚ ਭਰੋਸਾ ਰੱਖਦੇ ਹਨ,
ਅਤੇ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਦੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਨ।
14 ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ;
ਮੌਤ ਉਹਨਾਂ ਦਾ ਚਰਵਾਹਾ ਹੋਵੇਗੀ
ਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ।
ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ,
ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।
15 ਪਰ ਪਰਮੇਸ਼ਵਰ ਮੈਨੂੰ ਪਤਾਲ ਦੀ ਮੌਤ ਤੋਂ ਛੁਟਕਾਰਾ ਦੇਵੇਗਾ;
ਉਹ ਮੈਨੂੰ ਜ਼ਰੂਰ ਆਪਣੇ ਕੋਲ ਲੈ ਜਾਵੇਗਾ।
16 ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ,
ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;
17 ਕਿਉਂਕਿ ਜਦੋਂ ਉਹ ਮਰਨਗੇ ਤਾਂ ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਜਾਣਗੇ,
ਉਹਨਾਂ ਦੀ ਸ਼ਾਨ ਉਹਨਾਂ ਦੇ ਨਾਲ ਕਬਰ ਵਿੱਚ ਨਹੀਂ ਉਤਰੇਗੀ।
18 ਭਾਵੇਂ ਜਿਉਂਦੇ ਜੀ ਉਹ ਆਪਣੇ ਆਪ ਨੂੰ ਮੁਬਾਰਕ ਮੰਨਦੇ ਹਨ
ਅਤੇ ਲੋਕ ਤੁਹਾਡੀ ਵਡਿਆਈ ਕਰਦੇ ਹਨ ਜਦੋਂ ਤੁਸੀਂ ਖੁਸ਼ਹਾਲ ਹੁੰਦੇ ਹੋ,
19 ਉਹ ਉਹਨਾਂ ਨਾਲ ਰਲ ਜਾਣਗੇ ਜੋ ਉਹਨਾਂ ਤੋਂ ਪਹਿਲਾਂ ਚਲੇ ਗਏ ਹਨ,
ਜੋ ਮੁੜ ਕੇ ਜੀਵਨ ਦੀ ਰੋਸ਼ਨੀ ਨਹੀਂ ਦੇਖ ਸਕਣਗੇ।
20 ਜਿਨ੍ਹਾਂ ਲੋਕਾਂ ਕੋਲ ਧਨ ਹੈ ਪਰ ਸਮਝ ਨਹੀਂ ਹੈ
ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।