Publicidade

Salmos 68

ਦਾਵੀਦ ਦਾ ਜ਼ਬੂਰ।

1 ਪਰਮੇਸ਼ਵਰ ਉੱਠੇ, ਉਸਦੇ ਦੁਸ਼ਮਣ ਖਿੱਲਰ ਜਾਣ;

ਉਸ ਦੇ ਦੁਸ਼ਮਣ ਉਸ ਦੇ ਅੱਗੋਂ ਭੱਜ ਜਾਣ।

2 ਤੂੰ ਉਹਨਾਂ ਨੂੰ ਧੂੰਏਂ ਵਾਂਗੂੰ ਉੱਡਾ ਦੇਵੇ,

ਜਿਵੇਂ ਅੱਗ ਦੇ ਅੱਗੇ ਮੋਮ ਪਿਘਲ ਜਾਂਦੀ ਹੈ,

ਤਿਵੇਂ ਹੀ ਦੁਸ਼ਟ ਪਰਮੇਸ਼ਵਰ ਦੇ ਅੱਗੇ ਨਾਸ ਹੋ ਜਾਣ।

3 ਪਰ ਧਰਮੀ ਖੁਸ਼ ਹੋਣ

ਅਤੇ ਪਰਮੇਸ਼ਵਰ ਦੇ ਅੱਗੇ ਅਨੰਦ ਮਨਾਉਣ;

ਉਹ ਖੁਸ਼ ਅਤੇ ਅਨੰਦਿਤ ਰਹਿਣ।

4 ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,

ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;

ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।

5 ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ,

ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।

6 ਪਰਮੇਸ਼ਵਰ ਇਕੱਲਿਆਂ ਨੂੰ ਪਰਿਵਾਰਾਂ ਵਿੱਚ ਰੱਖਦਾ ਹੈ,

ਉਹ ਕੈਦੀਆਂ ਨੂੰ ਗਾਉਂਦੇ ਹੋਏ ਬਾਹਰ ਕੱਢਦਾ ਹੈ;

ਪਰ ਬਾਗ਼ੀ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਰਹਿੰਦੇ ਹਨ।

7 ਹੇ ਪਰਮੇਸ਼ਵਰ, ਜਦੋਂ ਤੂੰ ਆਪਣੇ ਲੋਕਾਂ ਦੇ ਅੱਗੇ ਨਿੱਕਲਿਆ,

ਜਦੋਂ ਤੂੰ ਉਜਾੜ ਵਿੱਚੋਂ ਲੰਘਿਆ,

8 ਧਰਤੀ ਕੰਬ ਉੱਠੀ, ਅਕਾਸ਼ ਤੋਂ ਮੀਂਹ ਪਿਆ,

ਪਰਮੇਸ਼ਵਰ ਦੇ ਸਾਹਮਣੇ, ਉਹ ਜੋ ਸੀਨਾਈ ਦਾ ਪਰਮੇਸ਼ਵਰ ਹੈ,

ਪਰਮੇਸ਼ਵਰ ਦੇ ਸਾਹਮਣੇ, ਜੋ ਇਸਰਾਏਲ ਦਾ ਪਰਮੇਸ਼ਵਰ ਹੈ।

9 ਹੇ ਪਰਮੇਸ਼ਵਰ, ਤੂੰ ਭਰਪੂਰ ਮੀਂਹ ਬਰਸਾਇਆ;

ਤੂੰ ਆਪਣੇ ਥੱਕੇ ਹੋਏ ਵਿਰਸੇ ਨੂੰ ਤਾਜ਼ਾ ਕੀਤਾ ਹੈ।

10 ਤੇਰੇ ਲੋਕ ਉਸ ਵਿੱਚ ਵੱਸ ਗਏ,

ਅਤੇ ਹੇ ਪਰਮੇਸ਼ਵਰ, ਤੂੰ ਆਪਣੀ ਕਿਰਪਾ ਨਾਲ ਗਰੀਬਾਂ ਨੂੰ ਬਹੁਤ ਦਿੱਤਾ।

11 ਯਾਹਵੇਹ ਬਚਨ ਦੀ ਘੋਸ਼ਣਾ ਕਰਦਾ ਹੈ,

ਅਤੇ ਔਰਤਾਂ ਜੋ ਇਸ ਦਾ ਐਲਾਨ ਕਰਦੀਆਂ ਹਨ ਇੱਕ ਸ਼ਕਤੀਸ਼ਾਲੀ ਦਲ ਹਨ:

12 "ਰਾਜੇ ਅਤੇ ਫ਼ੌਜਾਂ ਛੇਤੀ ਨਾਲ ਭੱਜ ਜਾਂਦੇ ਹਨ;

ਘਰ ਦੀਆਂ ਔਰਤਾਂ ਲੁੱਟ ਦੇ ਮਾਲ ਨੂੰ ਵੰਡਦੀਆਂ ਹਨ।

13 ਭਾਵੇਂ ਤੁਸੀਂ ਭੇਡਾਂ ਦੇ ਵਾੜਿਆ ਵਿੱਚ ਸੌਂਦੇ ਹੋ,

ਤਾਂ ਵੀ ਤੁਸੀਂ ਇਸ ਤਰ੍ਹਾਂ ਲੱਗਦੇ ਹੋ ਜਿਵੇਂ ਮੇਰੀ ਘੁੱਗੀ ਦੇ ਖੰਭਾਂ ਤੇ ਚਾਂਦੀ ਹੋਵੇ,

ਅਤੇ ਉਸਦੇ ਖੰਭ ਚਮਕਦੇ ਸੋਨੇ ਨਾਲ ਮੜ੍ਹੇ ਜਾਂਦੇ ਹਨ।"

14 ਜਦੋਂ ਸਰਵਸ਼ਕਤੀਮਾਨ ਨੇ ਰਾਜਿਆਂ ਨੂੰ ਧਰਤੀ ਵਿੱਚ ਖਿੰਡਾ ਦਿੱਤਾ,

ਇਹ ਜ਼ਾਲਮੋਨ ਪਰਬਤ ਉੱਤੇ ਬਰਫ਼ ਵਰਗਾ ਸੀ।

15 ਬਾਸ਼ਾਨ ਪਰਬਤ, ਸ਼ਾਨਦਾਰ ਪਹਾੜ,

ਬਾਸ਼ਾਨ ਪਰਬਤ, ਉੱਚਿਆਈਆ ਦਾ ਪਰਬਤ ਹੈ,

16 ਹੇ ਉੱਚੇ ਪਹਾੜ, ਤੁਸੀਂ ਈਰਖਾ ਨਾਲ ਉਸ ਪਹਾੜ ਵੱਲ ਕਿਉਂ ਦੇਖਦੇ ਹੋ,

ਜਿਸ ਨੂੰ ਪਰਮੇਸ਼ਵਰ ਨੇ ਰਾਜ ਕਰਨ ਲਈ ਚੁਣਿਆ ਹੈ,

ਜਿੱਥੇ ਯਾਹਵੇਹ ਆਪ ਸਦਾ ਲਈ ਵੱਸੇਗਾ?

17 ਪਰਮੇਸ਼ਵਰ ਦੇ ਰਥ ਦਸ ਹਜ਼ਾਰ

ਅਤੇ ਹਜ਼ਾਰੋਂ ਹਜ਼ਾਰ ਹਨ;

ਯਾਹਵੇਹ ਸੀਨਾਈ ਪਹਾੜ ਤੋਂ ਆਪਣੇ ਪਵਿੱਤਰ ਅਸਥਾਨ ਵਿੱਚ ਆਇਆ ਹੈ।

18 ਜਦੋਂ ਤੂੰ ਉਤਾਹ ਉਠਾਇਆ ਗਿਆ,

ਤੂੰ ਬਹੁਤ ਸਾਰੇ ਬੰਦੀਆਂ ਨੂੰ ਲਿਆ;

ਤੈਨੂੰ ਲੋਕਾਂ ਤੋਂ ਤੋਹਫ਼ੇ ਮਿਲੇ ਹਨ,

ਇੱਥੋਂ ਤੱਕ ਕਿ ਬਾਗ਼ੀਆਂ ਤੋਂ ਵੀ,

ਤਾਂ ਜੋ ਤੂੰ, ਹੇ ਯਾਹਵੇਹ ਪਰਮੇਸ਼ਵਰ, ਉੱਥੇ ਵੱਸੇ।

19 ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ,

ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।

20 ਸਾਡਾ ਪਰਮੇਸ਼ਵਰ ਬਚਾਉਣ ਵਾਲਾ ਪਰਮੇਸ਼ਵਰ ਹੈ।

ਸਰਬਸ਼ਕਤੀਮਾਨ ਯਾਹਵੇਹ ਮੌਤ ਤੋਂ ਬਚਾਉਂਦਾ ਹੈ।

21 ਯਕੀਨਨ ਹੀ ਪਰਮੇਸ਼ਵਰ ਆਪਣੇ ਦੁਸ਼ਮਣਾਂ ਦੇ ਸਿਰਾਂ ਨੂੰ ਕੁਚਲ ਦੇਵੇਗਾ,

ਉਹਨਾਂ ਦੇ ਵਾਲਾਂ ਵਾਲੇ ਤਾਜ ਜੋ ਆਪਣੇ ਪਾਪਾਂ ਵਿੱਚ ਚੱਲਦੇ ਹਨ।

22 ਯਾਹਵੇਹ ਆਖਦਾ ਹੈ, "ਮੈਂ ਉਹਨਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ।

ਮੈਂ ਉਹਨਾਂ ਨੂੰ ਸਮੁੰਦਰ ਦੀਆਂ ਡੁੰਘਿਆਈਆਂ ਵਿੱਚੋਂ ਮੋੜ ਲਿਆਵਾਂਗਾ,

23 ਤਾਂ ਜੋ ਤੁਹਾਡੇ ਪੈਰ ਤੁਹਾਡੇ ਦੁਸ਼ਮਣਾਂ ਦੇ ਲਹੂ ਵਿੱਚ ਡੋਬੇ,

ਅਤੇ ਤੁਹਾਡੇ ਕੁੱਤਿਆਂ ਦੀਆਂ ਜੀਭਾਂ ਵੀ ਰੱਜ ਜਾਣ।"

24 ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ,

ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।

25 ਗਾਇਕ ਸਭ ਤੋਂ ਅੱਗੇ ਹਨ, ਉਹਨਾਂ ਤੋਂ ਬਾਅਦ ਸੰਗੀਤਕਾਰ;

ਉਹਨਾਂ ਦੇ ਨਾਲ ਮੁਟਿਆਰਾਂ ਹਨ ਜੋ ਡਫਲੀ ਵਜਾਉਂਦੀਆਂ ਹਨ।

26 ਮਹਾਨ ਮੰਡਲੀ ਵਿੱਚ ਪਰਮੇਸ਼ਵਰ ਦੀ ਵਡਿਆਈ;

ਇਸਰਾਏਲ ਦੀ ਸਭਾ ਵਿੱਚ ਯਾਹਵੇਹ ਦੀ ਵਡਿਆਈ ਕਰੋ।

27 ਉੱਥੇ ਬਿਨਯਾਮੀਨ ਦਾ ਛੋਟਾ ਗੋਤ ਹੈ, ਜੋ ਉਹਨਾਂ ਦੀ ਅਗਵਾਈ ਕਰ ਰਿਹਾ ਹੈ,

ਉੱਥੇ ਯਹੂਦਾਹ ਦੇ ਸਰਦਾਰਾਂ ਦੀ ਵੱਡੀ ਭੀੜ,

ਉੱਥੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਸਰਦਾਰ ਹਨ।

28 ਹੇ ਪਰਮੇਸ਼ਵਰ, ਆਪਣੀ ਸ਼ਕਤੀ ਨੂੰ ਬੁਲਾ;

ਹੇ ਸਾਡੇ ਪਰਮੇਸ਼ਵਰ, ਸਾਨੂੰ ਆਪਣੀ ਤਾਕਤ ਦਿਖਾ, ਜਿਵੇਂ ਤੂੰ ਪਹਿਲਾਂ ਕੀਤਾ ਹੈ।

29 ਯੇਰੂਸ਼ਲੇਮ ਵਿੱਚ ਤੇਰੇ ਮੰਦਰ ਦੇ ਕਾਰਨ, ਰਾਜੇ ਤੇਰੇ ਲਈ ਭੇਟ ਲੈ ਕੇ ਆਉਣਗੇ।

30 ਕਾਨਿਆਂ ਦੇ ਵਿਚਕਾਰ ਜਾਨਵਰ ਨੂੰ ਝਿੜਕ,

ਨਾਲੇ ਕੌਮਾਂ ਦੇ ਵੱਛਿਆਂ ਵਿੱਚ ਬਲਦਾਂ ਦੇ ਝੁੰਡ ਨੂੰ।

ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਵਿੱਚ ਚਾਂਦੀ ਦੀਆਂ ਪੱਟੀਆਂ ਲਿਆਉਣ ਦਿਓ।

ਉਹਨਾਂ ਕੌਮਾਂ ਨੂੰ ਖਿੰਡਾ ਦਿਓ ਜਿਹੜੀਆਂ ਯੁੱਧ ਵਿੱਚ ਖੁਸ਼ ਹੁੰਦੀਆਂ ਹਨ।

31 ਮਿਸਰ ਤੋਂ ਰਾਜਦੂਤ ਆਉਣਗੇ;

ਕੂਸ਼ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦੇਵੇਗਾ।

32 ਹੇ ਧਰਤੀ ਦੀਓ ਰਾਜਧਾਨੀਓ, ਪਰਮੇਸ਼ਵਰ ਲਈ ਗਾਓ,

ਯਾਹਵੇਹ ਦੀ ਵਡਿਆਈ ਕਰੋ,

33 ਉਸ ਲਈ ਜਿਹੜਾ ਸ਼ੁਰੂ ਤੋਂ ਹੀ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ,

ਜੋ ਉੱਚੀ ਆਵਾਜ਼ ਨਾਲ ਗਰਜਦਾ ਹੈ।

34 ਪਰਮੇਸ਼ਵਰ ਦੀ ਸ਼ਕਤੀ ਦਾ ਪਰਚਾਰ ਕਰੋ,

ਜਿਸ ਦੀ ਮਹਿਮਾ ਇਸਰਾਏਲ ਉੱਤੇ ਹੈ,

ਜਿਸ ਦੀ ਸ਼ਕਤੀ ਅਕਾਸ਼ ਵਿੱਚ ਹੈ।

35 ਹੇ ਪਰਮੇਸ਼ਵਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਅਚਰਜ਼ ਹੈ;

ਇਸਰਾਏਲ ਦਾ ਪਰਮੇਸ਼ਵਰ ਆਪਣੇ ਲੋਕਾਂ ਨੂੰ ਸ਼ਕਤੀ ਅਤੇ ਬਲ ਦਿੰਦਾ ਹੈ।

ਪਰਮੇਸ਼ਵਰ ਦੀ ਵਡਿਆਈ ਹੋਵੇ!

Veja também

Publicidade
Bíblia Online Bíblia Online

Bíblia Online • Versão: 2026-06-16_18-40-07-