1 ਮੈਂ ਸਦਾ ਲਈ ਯਾਹਵੇਹ ਦੇ ਮਹਾਨ ਪਿਆਰ ਦਾ ਗੁਣਗਾਨ ਕਰਾਂਗਾ;
ਮੈਂ ਆਪਣੇ ਮੂੰਹ ਨਾਲ ਤੇਰੀ ਵਫ਼ਾਦਾਰੀ ਨੂੰ
ਸਾਰੀਆਂ ਪੀੜ੍ਹੀਆਂ ਤੱਕ ਦੱਸਾਂਗਾ।
2 ਮੈਂ ਐਲਾਨ ਕਰਾਂਗਾ ਕਿ ਤੇਰਾ ਪਿਆਰ ਸਦਾ ਲਈ ਕਾਇਮ ਹੈ,
ਕਿ ਤੂੰ ਆਪਣੀ ਵਫ਼ਾਦਾਰੀ ਸਵਰਗ ਵਿੱਚ ਹੀ ਸਥਾਪਿਤ ਕੀਤੀ ਹੈ।
3 ਤੂੰ ਆਖਿਆ, "ਮੈਂ ਆਪਣੇ ਚੁਣੇ ਹੋਏ ਨਾਲ ਇੱਕ ਨੇਮ ਬੰਨ੍ਹਿਆ ਹੈ,
ਮੈਂ ਆਪਣੇ ਸੇਵਕ ਦਾਵੀਦ ਨਾਲ ਸਹੁੰ ਖਾਧੀ ਹੈ,
4 ‘ਮੈਂ ਤੇਰੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾ
ਅਤੇ ਤੇਰੀ ਗੱਦੀ ਨੂੰ ਪੀੜ੍ਹੀ ਦਰ ਪੀੜ੍ਹੀ ਕਾਇਮ ਕਰਾਂਗਾ।’ "
5 ਹੇ ਯਾਹਵੇਹ, ਅਕਾਸ਼ ਤੇਰੇ ਅਚੰਭੇ ਕੰਮਾਂ ਦੀ ਉਸਤਤ ਕਰਦੇ ਹਨ,
ਪਵਿੱਤਰ ਲੋਕਾਂ ਦੀ ਸਭਾ ਵਿੱਚ ਤੇਰੀ ਵਫ਼ਾਦਾਰੀ ਦੀ ਉਸਤਤ ਕੀਤੀ ਜਾਂਦੀ ਹੈ।
6 ਕਿਉਂਕਿ ਉੱਪਰਲੇ ਅਕਾਸ਼ ਵਿੱਚ ਯਾਹਵੇਹ ਨਾਲ ਕੌਣ ਤੁਲਨਾ ਕਰ ਸਕਦਾ ਹੈ?
ਸਵਰਗੀ ਜੀਵਾਂ ਵਿੱਚ ਯਾਹਵੇਹ ਵਰਗਾ ਕੌਣ ਹੈ?
7 ਪਵਿੱਤਰ ਲੋਕਾਂ ਦੀ ਸਭਾ ਵਿੱਚ ਪਰਮੇਸ਼ਵਰ ਦਾ ਬਹੁਤ ਡਰ ਹੈ;
ਉਹ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨਾਲੋਂ ਵੱਧ ਸ਼ਾਨਦਾਰ ਹੈ।
8 ਹੇ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?
ਹੇ ਯਾਹਵੇਹ ਤੂੰ ਸ਼ਕਤੀਸ਼ਾਲੀ ਹੈ ਅਤੇ ਤੇਰੀ ਵਫ਼ਾਦਾਰੀ ਤੈਨੂੰ ਘੇਰੀ ਰੱਖਦੀ ਹੈ।
9 ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਰਾਜ ਕਰਦਾ ਹੈ,
ਜਦੋਂ ਇਸ ਦੀਆਂ ਲਹਿਰਾਂ ਉੱਪਰ ਉੱਠਦੀਆਂ ਹਨ, ਤੂੰ ਉਹਨਾਂ ਨੂੰ ਥੰਮ੍ਹਾ ਦਿੰਦਾ ਹੈ।
10 ਤੂੰ ਰਾਹਾਬ ਨੂੰ ਵੱਢੇ ਹੋਏ ਲੋਕਾਂ ਵਾਂਗ ਕੁਚਲਿਆ ਸੀ,
ਤੂੰ ਆਪਣੀ ਮਜ਼ਬੂਤ ਬਾਂਹ ਨਾਲ ਆਪਣੇ ਵੈਰੀਆਂ ਨੂੰ ਚੂਰ-ਚੂਰ ਕਰ ਦਿੱਤਾ।
11 ਅਕਾਸ਼ ਤੇਰਾ ਹੈ ਅਤੇ ਧਰਤੀ ਵੀ ਤੇਰੀ ਹੈ,
ਤੂੰ ਸੰਸਾਰ ਦੀ ਸਥਾਪਨਾ ਕੀਤੀ ਅਤੇ ਜੋ ਕੁਝ ਇਸ ਵਿੱਚ ਹੈ।
12 ਤੂੰ ਉੱਤਰ ਅਤੇ ਦੱਖਣ ਨੂੰ ਬਣਾਇਆ ਹੈ;
ਤਾਬੋਰ ਅਤੇ ਹਰਮੋਨ ਤੇਰੇ ਨਾਮ ਦੀ ਖੁਸ਼ੀ ਵਿੱਚ ਗਾਉਂਦੇ ਹਨ।
13 ਤੇਰੀ ਬਾਂਹ ਸ਼ਕਤੀ ਨਾਲ ਭਰਪੂਰ ਹੈ;
ਤੇਰਾ ਹੱਥ ਬਲਵਾਨ ਹੈ, ਤੇਰਾ ਸੱਜਾ ਹੱਥ ਉੱਚਾ ਹੈ।
14 ਧਰਮ ਅਤੇ ਨਿਆਂ ਤੇਰੇ ਸਿੰਘਾਸਣ ਦੀ ਨੀਂਹ ਹਨ,
ਪਿਆਰ ਅਤੇ ਵਫ਼ਾਦਾਰੀ ਤੁਹਾਡੇ ਅੱਗੇ ਚੱਲਦੀ ਹੈ।
15 ਹੇ ਯਾਹਵੇਹ ਧੰਨ ਹਨ ਉਹ ਜਿਨ੍ਹਾਂ ਨੇ ਤੇਰੀ ਵਡਿਆਈ ਕਰਨੀ ਸਿੱਖੀ,
ਜੋ ਤੇਰੀ ਹਜ਼ੂਰੀ ਵਿੱਚ ਚੱਲਦੇ ਹਨ।
16 ਉਹ ਦਿਨ ਭਰ ਤੇਰੇ ਨਾਮ ਵਿੱਚ ਆਨੰਦ ਕਰਦੇ ਹਨ;
ਉਹ ਤੇਰੀ ਧਾਰਮਿਕਤਾ ਦਾ ਜਸ਼ਨ ਮਨਾਉਂਦੇ ਹਨ।
17 ਕਿਉਂ ਜੋ ਤੂੰ ਉਹਨਾਂ ਦੀ ਮਹਿਮਾ ਅਤੇ ਸ਼ਕਤੀ ਹੈ,
ਅਤੇ ਆਪਣੀ ਕਿਰਪਾ ਨਾਲ ਤੂੰ ਸਾਡੇ ਸਿੰਗ ਨੂੰ ਉੱਚਾ ਕਰੇਂਗਾ।
18 ਸੱਚ-ਮੁੱਚ, ਸਾਡੀ ਢਾਲ ਯਾਹਵੇਹ ਹੈ,
ਇਸਰਾਏਲ ਦਾ ਪਵਿੱਤਰ ਪੁਰਖ ਸਾਡਾ ਰਾਜਾ ਹੈ।
19 ਬਹੁਤ ਸਮਾਂ ਪਹਿਲਾਂ ਤੂੰ ਦਰਸ਼ਨ ਵਿੱਚ ਗੱਲ ਕੀਤੀ ਸੀ,
ਤੂੰ ਆਪਣੇ ਵਫ਼ਾਦਾਰ ਲੋਕਾਂ ਨੂੰ ਕਿਹਾ:
"ਮੈਂ ਇੱਕ ਯੋਧੇ ਨੂੰ ਤਾਕਤ ਦਿੱਤੀ ਹੈ;
ਮੈਂ ਲੋਕਾਂ ਵਿੱਚੋਂ ਇੱਕ ਨੌਜਵਾਨ ਨੂੰ ਖੜਾ ਕੀਤਾ ਹੈ।
20 ਮੈਂ ਆਪਣੇ ਸੇਵਕ ਦਾਵੀਦ ਨੂੰ ਲੱਭਿਆ ਹੈ,
ਮੈਂ ਆਪਣੇ ਪਵਿੱਤਰ ਤੇਲ ਨਾਲ ਉਸ ਨੂੰ ਮਸਹ ਕੀਤਾ ਹੈ।
21 ਮੇਰਾ ਹੱਥ ਉਸ ਨੂੰ ਸੰਭਾਲੇਗਾ,
ਯਕੀਨਨ ਮੇਰੀ ਬਾਂਹ ਉਸ ਨੂੰ ਮਜ਼ਬੂਤ ਕਰੇਗੀ।
22 ਕੋਈ ਵੀ ਦੁਸ਼ਮਣ ਉਸਨੂੰ ਹਰਾ ਨਹੀਂ ਸਕੇਗਾ;
ਦੁਸ਼ਟ ਉਸ ਉੱਤੇ ਜ਼ੁਲਮ ਨਹੀਂ ਕਰੇਗਾ।
23 ਮੈਂ ਉਹ ਦੇ ਅੱਗੇ ਉਹ ਦੇ ਵੈਰੀਆਂ ਨੂੰ ਕੁਚਲ ਦਿਆਂਗਾ
ਅਤੇ ਉਹ ਦੇ ਵਿਰੋਧੀਆਂ ਨੂੰ ਮਾਰ ਦਿਆਂਗਾ।
24 ਮੇਰਾ ਵਫ਼ਾਦਾਰ ਪਿਆਰ ਉਹ ਦੇ ਨਾਲ ਰਹੇਗਾ,
ਅਤੇ ਮੇਰੇ ਨਾਮ ਦੁਆਰਾ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ।
25 ਮੈਂ ਉਹ ਦਾ ਹੱਥ ਸਮੁੰਦਰ ਉੱਤੇ,
ਉਹ ਦਾ ਸੱਜਾ ਹੱਥ ਦਰਿਆਵਾਂ ਉੱਤੇ ਰੱਖਾਂਗਾ।
26 ਉਹ ਮੈਨੂੰ ਪੁਕਾਰੇਗਾ, ‘ਤੂੰ ਮੇਰਾ ਪਿਤਾ ਹੈ,
ਮੇਰਾ ਪਰਮੇਸ਼ਵਰ, ਮੇਰਾ ਮੁਕਤੀਦਾਤਾ ਹੈ।’
27 ਮੈਂ ਉਸਨੂੰ ਆਪਣਾ ਜੇਠਾ ਪੁੱਤਰ,
ਅਤੇ ਧਰਤੀ ਦੇ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।
28 ਮੈਂ ਉਸ ਨਾਲ ਆਪਣਾ ਪਿਆਰ ਸਦਾ ਕਾਇਮ ਰੱਖਾਂਗਾ,
ਅਤੇ ਉਹ ਦੇ ਨਾਲ ਮੇਰਾ ਨੇਮ ਕਦੇ ਨਾ ਟੁੱਟੇਗਾ।
29 ਮੈਂ ਉਹ ਦੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾ,
ਅਤੇ ਉਸਦੀ ਰਾਜ ਗੱਦੀ ਨੂੰ ਵੀ ਕਾਇਮ ਰੱਖਾਂਗਾ ਜਦ ਤੱਕ ਅਕਾਸ਼ ਹੈ।
30 "ਜੇ ਉਹ ਦੇ ਪੁੱਤਰ ਮੇਰੀ ਬਿਵਸਥਾ ਨੂੰ ਤਿਆਗ ਦੇਣ
ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਨਾ ਕਰਨ,
31 ਜੇਕਰ ਉਹ ਮੇਰੀਆਂ ਬਿਧੀਆਂ ਨੂੰ ਤੋੜਨ
ਅਤੇ ਮੇਰੇ ਹੁਕਮਾਂ ਨੂੰ ਨਾ ਮੰਨਣ,
32 ਮੈਂ ਡੰਡੇ ਨਾਲ ਉਹਨਾਂ ਦੇ ਪਾਪਾਂ ਦੀ,
ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ।
33 ਪਰ ਮੈਂ ਉਸ ਨਾਲ ਆਪਣਾ ਪਿਆਰ ਘੱਟ ਨਹੀਂ ਕਰਾਂਗਾ,
ਅਤੇ ਨਾ ਕਦੇ ਮੈਂ ਆਪਣੀ ਵਫ਼ਾਦਾਰੀ ਘੱਟ ਕਰਾਂਗਾ।
34 ਮੈਂ ਆਪਣੇ ਨੇਮ ਨੂੰ ਨਹੀਂ ਤੋੜਗਾ,
ਅਤੇ ਨਾ ਹੀ ਮੈਂ ਆਪਣੇ ਬੁੱਲ੍ਹਾਂ ਦੇ ਸ਼ਬਦਾਂ ਨੂੰ ਬਦਲਾਂਗਾ।
35 ਇੱਕ ਵਾਰੀ, ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ
ਅਤੇ ਮੈਂ ਦਾਵੀਦ ਨਾਲ ਝੂਠ ਨਹੀਂ ਬੋਲਾਂਗਾ,
36 ਤਾਂ ਕਿ ਉਹ ਦਾ ਵੰਸ਼ ਸਦਾ ਕਾਇਮ ਰਹੇਗਾ
ਅਤੇ ਉਹ ਦਾ ਸਿੰਘਾਸਣ ਸੂਰਜ ਵਾਂਗ ਮੇਰੇ ਸਾਹਮਣੇ ਕਾਇਮ ਰਹੇਗਾ;
37 ਉਹ ਅਕਾਸ਼ ਵਿੱਚ ਵਫ਼ਾਦਾਰ ਗਵਾਹ,
ਅਤੇ ਚੰਦਰਮਾ ਵਾਂਗ ਸਦਾ ਲਈ ਕਾਇਮ ਰਹੇਗਾ।"
38 ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ,
ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।
39 ਤੂੰ ਆਪਣੇ ਨੇਮ ਨੂੰ ਆਪਣੇ ਸੇਵਕ ਨਾਲ ਤਿਆਗ ਦਿੱਤਾ ਹੈ,
ਅਤੇ ਉਹ ਦੇ ਤਾਜ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।
40 ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ,
ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।
41 ਸਾਰੇ ਜਿਹੜੇ ਲੰਘਦੇ ਹਨ ਉਸਨੂੰ ਲੁੱਟਦੇ ਹਨ,
ਉਹ ਆਪਣੇ ਗੁਆਂਢੀਆਂ ਦਾ ਮਜ਼ਾਕ ਬਣ ਗਿਆ ਹੈ।
42 ਤੂੰ ਉਸਦੇ ਦੇ ਵੈਰੀਆਂ ਦੇ ਸੱਜੇ ਹੱਥ ਨੂੰ ਉੱਚਾ ਕੀਤਾ ਹੈ;
ਤੂੰ ਉਸਦੇ ਸਾਰੇ ਵੈਰੀਆਂ ਨੂੰ ਆਨੰਦ ਕੀਤਾ ਹੈ।
43 ਸੱਚ-ਮੁੱਚ, ਤੁਸੀਂ ਉਹ ਦੀ ਤਲਵਾਰ ਦੀ ਧਾਰ ਨੂੰ ਮੋੜ ਲਿਆ ਹੈ,
ਅਤੇ ਲੜਾਈ ਵਿੱਚ ਉਸ ਦਾ ਸਾਥ ਨਹੀਂ ਦਿੱਤਾ।
44 ਤੂੰ ਉਸ ਦੀ ਸ਼ਾਨ ਨੂੰ ਖ਼ਤਮ ਕਰ ਦਿੱਤਾ ਹੈ,
ਅਤੇ ਉਹ ਦਾ ਸਿੰਘਾਸਣ ਜ਼ਮੀਨ ਉੱਤੇ ਸੁੱਟ ਦਿੱਤਾ ਹੈ।
45 ਤੂੰ ਉਸ ਦੀ ਜਵਾਨੀ ਦੇ ਦਿਨ ਘਟਾ ਦਿੱਤੇ ਹੈ,
ਤੂੰ ਉਸ ਨੂੰ ਸ਼ਰਮ ਦੀ ਚਾਦਰ ਨਾਲ ਢੱਕ ਲਿਆ ਹੈ।
46 ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਆਪਣੇ ਆਪ ਨੂੰ ਸਦਾ ਲਈ ਛੁਪਾਏਗਾ?
ਕਦੋਂ ਤੱਕ ਤੇਰਾ ਕ੍ਰੋਧ ਅੱਗ ਵਾਂਗ ਬਲਦਾ ਰਹੇਗਾ?
47 ਯਾਦ ਰੱਖ ਕਿ ਮੇਰਾ ਜੀਵਨ ਕਿੰਨਾ ਥੋੜਾ ਚਿਰ ਹੈ
ਤੂੰ ਸਾਰੀ ਮਨੁੱਖਤਾ ਨੂੰ ਵਿਅਰਥ ਲਈ ਬਣਾਇਆ ਹੈ!
48 ਕੌਣ ਜੀਵਤ ਰਹਿ ਸਕਦਾ ਹੈ ਅਤੇ ਮੌਤ ਨੂੰ ਨਹੀਂ ਵੇਖ ਸਕਦਾ,
ਜਾਂ ਕਬਰ ਦੇ ਜ਼ੋਰ ਤੋਂ ਕੌਣ ਬਚ ਸਕਦਾ ਹੈ?
49 ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ,
ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?
50 ਹੇ ਯਾਹਵੇਹ ਚੇਤੇ ਰੱਖ, ਕਿਵੇਂ ਤੁਹਾਡੇ ਸੇਵਕ ਦਾ ਮਜ਼ਾਕ ਉਡਾਇਆ ਗਿਆ ਹੈ,
ਮੈਂ ਕਿਵੇਂ ਆਪਣੇ ਦਿਲ ਵਿੱਚ ਸਾਰੀਆਂ ਕੌਮਾਂ ਦੇ ਤਾਹਨੇ ਝੱਲਦਾ ਹਾਂ,
51 ਹੇ ਯਾਹਵੇਹ, ਉਹ ਤਾਹਨੇ ਜਿਨ੍ਹਾਂ ਨਾਲ ਤੁਹਾਡੇ ਦੁਸ਼ਮਣ ਨੇ ਮਜ਼ਾਕ ਉਡਾਇਆ ਹੈ,
ਜਿਸ ਨਾਲ ਉਹਨਾਂ ਨੇ ਤੇਰੇ ਮਸਹ ਕੀਤੇ ਹੋਏ ਨੂੰ ਹਰ ਕਦਮ ਤੇ ਮਜ਼ਾਕ ਉਡਾਇਆ ਹੈ।
52 ਸਦਾ ਲਈ ਯਾਹਵੇਹ ਦੀ ਉਸਤਤ ਹੋਵੇ!
ਆਮੀਨ ਅਤੇ ਆਮੀਨ।