1 ਹੇ ਮੇਰੇ ਪਰਮੇਸ਼ਵਰ, ਮੇਰੀ ਰੱਖਿਆ ਕਰ,
ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।
2 ਮੈਂ ਯਾਹਵੇਹ ਨੂੰ ਆਖਦਾ ਹਾਂ, "ਤੂੰ ਮੇਰਾ ਯਾਹਵੇਹ ਹੈ;
ਤੇਰੇ ਤੋਂ ਬਿਨ੍ਹਾਂ ਮੇਰੇ ਲਈ ਕੋਈ ਵੀ ਚੀਜ਼ ਚੰਗੀ ਨਹੀਂ ਹੈ।"
3 ਮੈਂ ਉਹਨਾਂ ਪਵਿੱਤਰ ਲੋਕਾਂ ਬਾਰੇ ਆਖਦਾ ਹਾਂ, ਜੋ ਧਰਤੀ ਉੱਤੇ ਹਨ,
"ਉਹ ਨੇਕ ਹਨ ਜਿਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ।"
4 ਜਿਹੜੇ ਹੋਰ ਦੇਵਤਿਆਂ ਦੇ ਮਗਰ ਭੱਜਦੇ ਹਨ, ਉਹ ਹੋਰ ਵੀ ਦੁੱਖ ਭੋਗਣਗੇ।
ਮੈਂ ਇਹੋ ਜਿਹੇ ਦੇਵਤਿਆਂ ਲਈ ਲਹੂ ਦੀਆਂ ਭੇਟਾਂ ਨਹੀਂ ਡੋਲ੍ਹਾਂਗਾ, ਨਾ ਮੈਂ ਆਪਣੇ ਬੁੱਲ੍ਹਾਂ ਉੱਤੇ ਉਹਨਾਂ ਦੇ ਨਾਮ ਲਵਾਂਗਾ।
5 ਹੇ ਯਾਹਵੇਹ, ਕੇਵਲ ਤੂੰ ਹੀ ਮੇਰੀ ਵਿਰਾਸਤ ਅਤੇ ਮੇਰੇ ਪਿਆਲਾ ਦਾ ਭਾਗ ਹੈ;
ਤੂੰ ਮੇਰੀ ਸੁਰੱਖਿਆ ਕਰਦਾ ਹੈ।
6 ਸੀਮਾ ਰੇਖਾਵਾਂ ਮੇਰੇ ਲਈ ਸੁਹਾਵਣੇ ਸਥਾਨਾਂ ਵਿੱਚ ਡਿੱਗ ਗਈਆਂ ਹਨ;
ਯਕੀਨਨ ਮੇਰੇ ਕੋਲ ਇੱਕ ਅਨੰਦਦਾਇਕ ਵਿਰਸਾ ਹੈ।
7 ਮੈਂ ਯਾਹਵੇਹ ਦੀ ਮਹਿਮਾ ਕਰਾਂਗਾ, ਜੋ ਮੈਨੂੰ ਸਲਾਹ ਦਿੰਦਾ ਹੈ;
ਰਾਤ ਨੂੰ ਵੀ ਮੇਰਾ ਦਿਲ ਮੈਨੂੰ ਸਿਖਾਉਂਦਾ ਹੈ।
8 ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ।
ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।
9 ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ।
ਮੇਰਾ ਸਰੀਰ ਵੀ ਸੁਰੱਖਿਅਤ ਰਹੇਗਾ,
10 ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ
ਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਪੁਰਖ ਨੂੰ ਸੜਨ ਦੇਵੇਂਗਾ।
11 ਤੂੰ ਮੈਨੂੰ ਜ਼ਿੰਦਗੀ ਦਾ ਰਸਤਾ ਦੱਸਦਾ ਹੈ;
ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਨਾਲ ਭਰ ਦੇਵੇਗਾ,
ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ।