Publicidade

Salmos 119

א ਆਲੇਫ

1 ਮੁਬਾਰਕ ਹਨ ਉਹ ਜਿਨ੍ਹਾਂ ਦੇ ਜੀਵਨ ਨਿਰਦੋਸ਼ ਹਨ,

ਜਿਹੜੇ ਯਾਹਵੇਹ ਦੀ ਬਿਵਸਥਾ ਅਨੁਸਾਰ ਚਲਦੇ ਹਨ।

2 ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ,

ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।

3 ਉਹ ਕੋਈ ਗਲਤ ਕੰਮ ਨਹੀਂ ਕਰਦੇ,

ਪਰ ਯਾਹਵੇਹ ਦੀਆਂ ਰਾਹਾਂ ਤੇ ਚਲਦੇ ਹਨ।

4 ਹੇ ਯਾਹਵੇਹ, ਤੂੰ ਸਾਨੂੰ ਆਪਣੇ ਨਿਯਮ ਦਿੱਤੇ,

ਕਿ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ।

5 ਕਾਸ਼, ਕਿ ਮੇਰੀ ਚਾਲ ਤੇਰੇ ਨਿਯਮਾਂ ਦੀ

ਪਾਲਣਾ ਕਰਨ ਲਈ ਪੱਕੀ ਹੋਵੇ!

6 ਫਿਰ ਜਦੋਂ ਮੈਂ ਤੇਰੇ ਸਾਰੇ ਆਦੇਸ਼ਾਂ ਤੇ ਵਿਚਾਰ ਕਰਾਂਗਾ,

ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

7 ਜਦੋਂ ਮੈਂ ਤੇਰੇ ਧਰਮੀ ਨਿਯਮਾਂ ਉੱਤੇ ਧਿਆਨ ਕਰਾਂਗਾ,

ਤਾਂ ਮੈਂ ਸਿੱਧੇ ਦਿਲ ਨਾਲ ਤੇਰੀ ਉਸਤਤ ਕਰਾਂਗਾ।

8 ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ;

ਮੈਨੂੰ ਪੂਰੀ ਤਰ੍ਹਾਂ ਤਿਆਗ ਨਾ ਦੇਣਾ।

ב ਬੈਥ

9 ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?

ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।

10 ਮੈਂ ਤੈਨੂੰ ਆਪਣੇ ਪੂਰੇ ਦਿਲ ਨਾਲ ਭਾਲਦਾ ਹਾਂ;

ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇ।

11 ਮੈਂ ਤੇਰੇ ਬਚਨ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਹੈ,

ਤਾਂ ਜੋ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ।

12 ਯਾਹਵੇਹ, ਤੇਰੀ ਉਸਤਤ ਹੋਵੇ;

ਮੈਨੂੰ ਆਪਣੇ ਹੁਕਮ ਸਿਖਾ।

13 ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਸਾਰੇ ਨਿਯਮਾਂ ਨੂੰ ਦੱਸਦਾ ਹਾਂ,

ਜੋ ਤੇਰੇ ਮੂੰਹ ਤੋਂ ਆਉਂਦੇ ਹਨ।

14 ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਖੁਸ਼ ਹਾਂ,

ਜਿਵੇਂ ਕਿ ਇਨਸਾਨ ਬਹੁਤ ਵੱਡੀ ਦੌਲਤ ਵਿੱਚ ਖੁਸ਼ ਹੁੰਦਾ ਹੈ।

15 ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਦਾ ਹਾਂ,

ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਦਾ ਹਾਂ।

16 ਮੈਂ ਤੇਰੇ ਫ਼ਰਮਾਨਾਂ ਵਿੱਚ ਖੁਸ਼ ਹਾਂ;

ਮੈਂ ਤੇਰੇ ਵਚਨਾਂ ਦੀ ਬੇਪਰਵਾਹੀ ਨਹੀਂ ਕਰਾਂਗਾ।

ג ਗਿਮੇਲ

17 ਆਪਣੇ ਸੇਵਕ ਦਾ ਭਲਾ ਕਰ, ਜਦੋਂ ਕਿ ਮੈਂ ਜੀਉਂਦਾ ਹਾਂ,

ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।

18 ਮੇਰੀਆਂ ਅੱਖਾਂ ਖੋਲ੍ਹ,

ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ।

19 ਮੈਂ ਧਰਤੀ ਤੇ ਇੱਕ ਅਜਨਬੀ ਹਾਂ;

ਆਪਣੇ ਹੁਕਮਾਂ ਨੂੰ ਮੇਰੇ ਤੋਂ ਨਾ ਲੁਕਾ।

20 ਮੇਰੀ ਆਤਮਾ ਹਰ ਵੇਲੇ,

ਤੇਰੇ ਹੁਕਮਾਂ ਦੀ ਤਾਂਘ ਨਾਲ ਭਰੀ ਹੋਈ ਹੈ।

21 ਤੂੰ ਘਮੰਡੀ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸਰਾਪੇ ਹੋਏ ਹਨ,

ਉਹਨਾਂ ਨੂੰ ਜਿਹੜੇ ਤੇਰੇ ਆਦੇਸ਼ਾਂ ਤੋਂ ਭਟਕਦੇ ਹਨ।

22 ਉਹਨਾਂ ਦੀ ਬੇਇੱਜ਼ਤੀ ਅਤੇ ਨਫ਼ਰਤ ਮੇਰੇ ਤੋਂ ਦੂਰ ਕਰ,

ਕਿਉਂਕਿ ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹਾਂ।

23 ਭਾਵੇਂ ਹਾਕਮ ਇਕੱਠੇ ਬੈਠ ਕੇ ਮੇਰੀ ਨਿੰਦਿਆ ਕਰਦੇ ਹਨ,

ਮੈਂ ਤੇਰਾ ਸੇਵਕ ਤੇਰੇ ਹੁਕਮਾਂ ਤੇ ਚੱਲਾਗਾਂ।

24 ਤੇਰੀਆਂ ਬਿਧੀਆਂ ਮੇਰੀ ਖੁਸ਼ੀ ਹਨ;

ਉਹ ਮੇਰੇ ਸਲਾਹਕਾਰ ਹਨ।

ד ਦਾਲੇਥ

25 ਮੇਰੀ ਜਾਨ ਮਿੱਟੀ ਵਿੱਚ ਮਿਲ ਗਈ ਹੈ;

ਆਪਣੇ ਵਾਅਦੇ ਅਨੁਸਾਰ ਮੇਰੇ ਵਿੱਚ ਨਵਾਂ ਜੀਵਨ ਭਰ।

26 ਜਦੋਂ ਮੈਂ ਤੇਰੇ ਸਾਹਮਣੇ ਆਪਣੀ ਚਾਲ-ਚਲਣ ਨੂੰ ਵਰਣਨ ਕੀਤਾ, ਤਾਂ ਤੂੰ ਮੈਨੂੰ ਉੱਤਰ ਦਿੱਤਾ।

ਹੇ ਯਾਹਵੇਹ, ਹੁਣ ਮੈਨੂੰ ਆਪਣੀਆਂ ਬਿਧੀਆਂ ਸਿਖਾ।

27 ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ,

ਤਾਂ ਜੋ ਮੈਂ ਤੇਰੇ ਅਚਰਜ਼ ਕੰਮਾਂ ਦਾ ਧਿਆਨ ਕਰਾਂ।

28 ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ;

ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।

29 ਮੈਨੂੰ ਝੂਠੇ ਰਾਹ ਤੋਂ ਦੂਰ ਰੱਖ;

ਅਤੇ ਆਪਣੀ ਕਿਰਪਾ ਨਾਲ, ਮੈਨੂੰ ਆਪਣੀ ਬਿਵਸਥਾ ਸਿਖਾ।

30 ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ।

ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।

31 ਹੇ ਯਾਹਵੇਹ, ਮੈਂ ਤੇਰੀਆਂ ਬਿਧੀਆਂ ਨੂੰ ਮਜ਼ਬੂਤੀ ਨਾਲ ਫੜਿਆ ਹੈ;

ਮੈਨੂੰ ਸ਼ਰਮਿੰਦਾ ਨਾ ਹੋਣ ਦੇ।

32 ਤੂੰ ਮੇਰੇ ਦਿਲ ਵਿੱਚ ਹੌਂਸਲਾ ਪਾਇਆ ਹੈ,

ਤਾਂ ਮੈਂ ਹੁਣ ਤੇਰੇ ਹੁਕਮਾਂ ਦੇ ਰਾਹ ਉੱਤੇ ਤੁਰਦਾ ਹਾਂ।

ה ਹੇ

33 ਹੇ ਯਾਹਵੇਹ, ਮੈਨੂੰ ਆਪਣੀਆਂ ਬਿਧੀਆਂ ਦੀ ਪਾਲਣਾ ਕਰਨੀ ਸਿਖਾ,

ਤਾਂ ਜੋ ਮੈਂ ਸਾਰੀ ਉਮਰ ਉਹਨਾਂ ਦੀ ਪਾਲਨਾ ਕਰਾਂ।

34 ਮੈਨੂੰ ਉਹ ਸਮਝ ਬਖ਼ਸ਼ ਜਿਸ ਨਾਲ ਮੈਂ ਤੇਰੀ ਬਿਵਸਥਾ ਨੂੰ ਮਨ

ਅਤੇ ਪੂਰੇ ਦਿਲ ਨਾਲ ਉਸਦੀ ਪਾਲਨਾ ਕਰਾਂ।

35 ਆਪਣੇ ਹੁਕਮਾਂ ਦੇ ਰਾਹ ਵਿੱਚ ਮੇਰੀ ਅਗਵਾਈ ਕਰ,

ਕਿਉਂ ਜੋ ਇਨ੍ਹਾਂ ਵਿੱਚ ਮੇਰਾ ਆਨੰਦ ਹੈ।

36 ਮੇਰੇ ਦਿਲ ਨੂੰ ਆਪਣੀਆਂ ਬਿਧੀਆਂ ਵੱਲ ਮੋੜ,

ਨਾ ਕਿ ਸੁਆਰਥੀ ਲੋਭ ਵੱਲ।

37 ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ;

ਅਰਥਹੀਣ ਗੱਲਾਂ ਤੋਂ ਮੇਰੀ ਰੁਚੀ ਦੂਰ ਕਰ।

38 ਆਪਣੇ ਸੇਵਕ ਨਾਲ ਕੀਤਾ ਹੋਇਆ ਇਕਰਾਰ ਪੂਰਾ ਕਰ,

ਤਾਂ ਜੋ ਮੇਰੀ ਸ਼ਰਧਾ ਸਦਾ ਲਈ ਰਹੇ।

39 ਉਸ ਸ਼ਰਮਿੰਦਗੀ ਨੂੰ ਮੇਰੇ ਤੋਂ ਦੂਰ ਰੱਖੋ, ਜਿਸ ਉੱਤੇ ਮੈਨੂੰ ਡਰ ਹੈ,

ਕਿਉਂ ਜੋ ਤੁਹਾਡੇ ਨਿਯਮ ਪੂਰੇ ਹਨ।

40 ਤੇਰੀਆਂ ਸਿੱਖਿਆਵਾਂ ਲਈ ਮੇਰੀ ਤਾਂਘ ਕਿੰਨੀ ਤੀਬਰ ਹੈ!

ਆਪਣੀ ਧਾਰਮਿਕਤਾ ਦੁਆਰਾ ਮੇਰੇ ਵਿੱਚ ਨਵਾਂ ਜੀਵਨ ਭਰੋ।

ו ਵਾਵ

41 ਹੇ ਯਾਹਵੇਹ, ਤੇਰਾ ਅਟੁੱਟ ਪਿਆਰ ਮੇਰੇ ਉੱਤੇ ਪ੍ਰਗਟ ਹੋਵੇ,

ਅਤੇ ਤੇਰੀ ਮੁਕਤੀ ਤੇਰੇ ਬਚਨ ਦੇ ਅਨੁਸਾਰ;

42 ਤਾਂ ਮੈਂ ਉਸ ਨੂੰ ਉੱਤਰ ਦੇ ਸਕਦਾ ਹਾਂ ਜੋ ਮੈਨੂੰ ਤਾਅਨੇ ਮਾਰਦਾ ਹੈ,

ਕਿਉਂ ਜੋ ਮੈਨੂੰ ਤੇਰੇ ਬਚਨ ਉੱਤੇ ਭਰੋਸਾ ਹੈ।

43 ਕਦੇ ਵੀ ਮੇਰੇ ਮੂੰਹੋਂ ਆਪਣਾ ਸੱਚਾ ਬਚਨ ਨਾ ਖੋਹ,

ਕਿਉਂ ਜੋ ਮੈਂ ਤੁਹਾਡੀਆਂ ਬਿਧੀਆਂ ਉੱਤੇ ਆਸ ਰੱਖੀ ਹੈ।

44 ਮੈਂ ਤੇਰੀ ਬਿਵਸਥਾ ਦੀ ਪਾਲਣਾ ਸਦਾ ਤੱਕ ਕਰਾਂਗਾ।

45 ਮੈਂ ਅਜ਼ਾਦੀ ਵਿੱਚ ਫਿਰਦਾ ਰਹਾਂਗਾ,

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਭਾਲਿਆ ਹੈ।

46 ਮੈਂ ਰਾਜਿਆਂ ਦੇ ਸਾਹਮਣੇ ਤੇਰੀਆਂ ਬਿਧੀਆਂ ਬਾਰੇ ਦੱਸਾਂਗਾ,

ਅਤੇ ਸ਼ਰਮਿੰਦਾ ਨਹੀਂ ਹੋਵਾਂਗਾ,

47 ਮੈਂ ਤੇਰੇ ਹੁਕਮਾਂ ਵਿੱਚ ਪ੍ਰਸੰਨ ਹਾਂ,

ਕਿਉਂਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ।

48 ਮੈਂ ਤੇਰੇ ਹੁਕਮਾਂ ਲਈ ਜੋ ਮੈਨੂੰ ਪਿਆਰੇ ਹਨ,

ਤਾਂ ਜੋ ਮੈਂ ਤੇਰੇ ਹੁਕਮਾਂ ਦਾ ਧਿਆਨ ਕਰਾਂ।

ז ਜ਼ਯੀਨ

49 ਆਪਣੇ ਸੇਵਕ ਲਈ ਆਪਣਾ ਬਚਨ ਚੇਤੇ ਰੱਖ,

ਜਿਸ ਦੇ ਉੱਤੇ ਤੂੰ ਮੈਨੂੰ ਆਸ ਦਿੱਤੀ ਹੈ।

50 ਮੇਰੇ ਦੁੱਖ ਵਿੱਚ ਮੇਰਾ ਦਿਲਾਸਾ ਇਹ ਹੈ:

ਕਿ ਤੇਰਾ ਵਾਅਦਾ ਮੇਰੀ ਜਾਨ ਦੀ ਰੱਖਿਆ ਕਰਦਾ ਹੈ।

51 ਹੰਕਾਰੀ ਬੇਰਹਿਮੀ ਨਾਲ ਮੇਰਾ ਮਜ਼ਾਕ ਉਡਾਉਂਦੇ ਹਨ,

ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਹੀਂ ਹੋਇਆ।

52 ਹੇ ਯਾਹਵੇਹ, ਮੈਂ ਤੇਰੇ ਪੁਰਾਣੇ ਕਾਨੂੰਨਾਂ ਨੂੰ ਯਾਦ ਕਰਦਾ ਹਾਂ,

ਅਤੇ ਮੈਨੂੰ ਉਹਨਾਂ ਵਿੱਚੋਂ ਦਿਲਾਸਾ ਮਿਲਦਾ ਹੈ।

53 ਦੁਸ਼ਟਾਂ ਦੇ ਕਾਰਨ, ਜਿਨ੍ਹਾਂ ਨੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਹੈ,

ਮੇਰਾ ਗੁੱਸਾ ਭੱਖ ਉੱਠਿਆ ਹੈ।

54 ਜਿੱਥੇ ਵੀ ਮੈਂ ਠਹਿਰਾ,

ਤੇਰੀਆਂ ਬਿਧੀਆਂ ਮੇਰੇ ਗੀਤ ਦਾ ਵਿਸ਼ਾ ਹਨ।

55 ਹੇ ਯਾਹਵੇਹ, ਮੈਂ ਰਾਤ ਨੂੰ ਤੈਨੂੰ ਯਾਦ ਕਰਦਾ ਹਾਂ,

ਤਾਂ ਜੋ ਮੈਂ ਤੇਰੀ ਬਿਵਸਥਾ ਦੀ ਪਾਲਣਾ ਕਰਾਂ।

56 ਇਹ ਮੇਰਾ ਅਭਿਆਸ ਰਿਹਾ ਹੈ:

ਮੈਂ ਤੇਰੇ ਹੁਕਮਾਂ ਨੂੰ ਮੰਨਦਾ ਹਾਂ।

ח ਖ਼ੇਥ

57 ਹੇ ਯਾਹਵੇਹ ਤੂੰ ਮੇਰੇ ਹਿੱਸਾ ਹੈ;

ਮੈਂ ਤੇਰੇ ਬਚਨਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ।

58 ਮੈਂ ਆਪਣੇ ਪੂਰੇ ਦਿਲ ਨਾਲ ਤੇਰੇ ਚਿਹਰੇ ਨੂੰ ਭਾਲਿਆ ਹੈ,

ਆਪਣੇ ਵਾਅਦੇ ਅਨੁਸਾਰ ਮੇਰੇ ਉੱਤੇ ਕਿਰਪਾ ਕਰ।

59 ਮੈਂ ਆਪਣੇ ਰਾਹਾਂ ਨੂੰ ਸਮਝਿਆ

ਅਤੇ ਮੈਂ ਤੇਰੀਆਂ ਬਿਧੀਆਂ ਵੱਲ ਆਪਣੇ ਕਦਮ ਫੇਰ ਲਏ ਹਨ।

60 ਮੈਂ ਤੇਰੇ ਹੁਕਮਾਂ ਨੂੰ ਮੰਨਣ ਵਿੱਚ ਦੇਰੀ ਨਹੀਂ

ਬਲਕਿ ਜਲਦੀ ਕਰਾਂਗਾ।

61 ਭਾਵੇਂ ਦੁਸ਼ਟ ਮੈਨੂੰ ਰੱਸੀਆਂ ਨਾਲ ਬੰਨ੍ਹਣ,

ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

62 ਰਾਤ ਨੂੰ ਮੈਂ ਤੁਹਾਡੇ ਧਰਮ ਦੇ ਨਿਯਮਾਂ ਲਈ

ਅਤੇ ਤੁਹਾਡਾ ਧੰਨਵਾਦ ਕਰਨ ਲਈ ਉੱਠਦਾ ਹਾਂ।

63 ਮੈਂ ਉਹਨਾਂ ਸਭਨਾਂ ਦਾ ਮਿੱਤਰ ਹਾਂ ਜੋ ਤੇਰੇ ਤੋਂ ਡਰਦੇ ਹਨ,

ਉਹਨਾਂ ਸਭਨਾਂ ਦਾ ਜੋ ਤੇਰੇ ਹੁਕਮਾਂ ਨੂੰ ਮੰਨਦੇ ਹਨ।

64 ਹੇ ਯਾਹਵੇਹ, ਧਰਤੀ ਤੇਰੇ ਦਯਾ ਨਾਲ ਭਰੀ ਹੋਈ ਹੈ;

ਮੈਨੂੰ ਆਪਣੇ ਹੁਕਮ ਸਿਖਾ।

ט ਟੇਥ

65 ਹੇ ਯਾਹਵੇਹ, ਆਪਣੇ ਬਚਨ ਅਨੁਸਾਰ

ਆਪਣੇ ਸੇਵਕ ਦਾ ਭਲਾ ਕਰ।

66 ਮੈਨੂੰ ਗਿਆਨ ਅਤੇ ਚੰਗੇ ਨਿਆਂ ਦੀ ਸਿੱਖਿਆ ਦੇ,

ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਭਰੋਸਾ ਰੱਖਦਾ ਹਾਂ।

67 ਮੈਂ ਦੁਖੀ ਹੋਣ ਤੋਂ ਪਹਿਲਾਂ ਕੁਰਾਹੇ ਪਿਆ ਸੀ,

ਪਰ ਹੁਣ ਮੈਂ ਤੇਰੇ ਬਚਨ ਨੂੰ ਮੰਨਦਾ ਹਾਂ।

68 ਤੂੰ ਭਲਾ ਹੈ ਅਤੇ ਭਲਿਆਈ ਕਰਦਾ ਹੈ,

ਮੈਨੂੰ ਆਪਣੇ ਹੁਕਮ ਸਿਖਾ।

69 ਭਾਵੇਂ ਹੰਕਾਰੀ ਲੋਕਾਂ ਨੇ ਮੇਰੇ ਵਿਰੁੱਧ ਝੂਠ ਬੋਲਿਆ ਹੈ,

ਮੈਂ ਤੇਰੇ ਹੁਕਮਾਂ ਨੂੰ ਪੂਰੇ ਦਿਲ ਨਾਲ ਮੰਨਦਾ ਹਾਂ।

70 ਉਹਨਾਂ ਦੇ ਮਨ ਮੋਟੇ ਅਤੇ ਕਠੋਰ ਹਨ,

ਪਰ ਮੈਂ ਤੇਰੀ ਬਿਵਸਥਾ ਵਿੱਚ ਪ੍ਰਸੰਨ ਹਾਂ।

71 ਮੇਰੇ ਲਈ ਦੁਖੀ ਹੋਣਾ ਚੰਗਾ ਸੀ

ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ।

72 ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਚਾਂਦੀ

ਅਤੇ ਸੋਨੇ ਦੇ ਹਜ਼ਾਰਾਂ ਸਿੱਕਿਆਂ ਨਾਲੋਂ ਵੱਧ ਕੀਮਤੀ ਹੈ।

י ਯੋਧ

73 ਤੇਰੇ ਹੱਥਾਂ ਨੇ ਮੈਨੂੰ ਰਚਿਆ ਅਤੇ ਮੈਨੂੰ ਬਣਾਇਆ;

ਮੈਨੂੰ ਤੇਰੇ ਹੁਕਮਾਂ ਨੂੰ ਸਿੱਖਣ ਦੀ ਸਮਝ ਪ੍ਰਦਾਨ ਕਰ।

74 ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ,

ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

75 ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ,

ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।

76 ਤੇਰਾ ਅਟੁੱਟ ਪਿਆਰ ਮੇਰੇ ਲਈ ਦਿਲਾਸਾ ਹੋਵੇ,

ਆਪਣੇ ਸੇਵਕ ਨਾਲ ਕੀਤੇ ਵਾਅਦੇ ਅਨੁਸਾਰ।

77 ਤੇਰੀ ਦਯਾ ਮੇਰੇ ਉੱਤੇ ਆਵੇ ਤਾਂ ਜੋ ਮੈਂ ਜੀਵਾਂ,

ਕਿਉਂ ਜੋ ਤੇਰੀ ਬਿਵਸਥਾ ਮੇਰੀ ਪ੍ਰਸੰਨਤਾ ਹੈ।

78 ਜੋ ਹੰਕਾਰੀ ਮੇਰੇ ਨਾਲ ਬਿਨਾਂ ਕਾਰਨ ਬੇਇਨਸਾਫ਼ੀ ਕਰਨ, ਉਹ ਸ਼ਰਮਿੰਦਾ ਹੋਵੇ;

ਪਰ ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਾਂਗਾ।

79 ਜਿਹੜੇ ਤੇਰਾ ਡਰ ਮੰਨਦੇ ਹਨ ਉਹ ਮੇਰੇ ਵੱਲ ਮੁੜਨ,

ਉਹ ਜਿਹੜੇ ਤੇਰੀਆਂ ਬਿਧੀਆਂ ਨੂੰ ਸਮਝਦੇ ਹਨ।

80 ਮੈਂ ਪੂਰੇ ਦਿਲ ਨਾਲ ਤੇਰੇ ਹੁਕਮਾਂ ਦੀ ਪਾਲਣਾ ਕਰਾਂ,

ਤਾਂ ਜੋ ਮੈਂ ਸ਼ਰਮਿੰਦਾ ਨਾ ਹੋਵਾਂ।

כ ਕਾਫ਼

81 ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ,

ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

82 ਤੇਰਾ ਵਾਅਦਾ ਪੂਰਾ ਹੋਣ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ;

ਮੈਂ ਆਖਦਾ ਹਾਂ, "ਤੂੰ ਮੈਨੂੰ ਕਦੋਂ ਦਿਲਾਸਾ ਦੇਵੇਗਾ?"

83 ਭਾਵੇਂ ਮੈਂ ਧੂੰਏਂ ਵਿੱਚ ਮਸ਼ਕ ਵਰਗਾ ਹਾਂ,

ਤਾਂ ਵੀ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਦਾ।

84 ਤੇਰੇ ਸੇਵਕ ਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ?

ਤੂੰ ਮੇਰੇ ਸਤਾਉਣ ਵਾਲਿਆਂ ਨੂੰ ਕਦੋਂ ਸਜ਼ਾ ਦੇਵੇਗਾ?

85 ਹੰਕਾਰੀ ਮੈਨੂੰ ਫਸਾਉਣ ਲਈ ਟੋਏ ਪੁੱਟਦੇ ਹਨ,

ਅਤੇ ਉਹ ਤੇਰੀ ਬਿਵਸਥਾ ਦੇ ਉਲਟ ਹਨ।

86 ਤੇਰੇ ਸਾਰੇ ਹੁਕਮ ਭਰੋਸੇਯੋਗ ਹਨ;

ਮੇਰੀ ਸਹਾਇਤਾ ਕਰੋ, ਕਿਉਂਕਿ ਮੈਨੂੰ ਬਿਨਾਂ ਕਾਰਨ ਸਤਾਇਆ ਜਾ ਰਿਹਾ ਹੈ।

87 ਉਹਨਾਂ ਨੇ ਮੈਨੂੰ ਧਰਤੀ ਤੋਂ ਲਗਭਗ ਮਿਟਾ ਦਿੱਤਾ,

ਪਰ ਮੈਂ ਤੇਰੇ ਹੁਕਮਾਂ ਨੂੰ ਨਹੀਂ ਛੱਡਿਆ।

88 ਆਪਣੇ ਅਟੱਲ ਪ੍ਰੇਮ ਵਿੱਚ ਮੇਰੀ ਜਾਨ ਦੀ ਰੱਖਿਆ ਕਰ,

ਤਾਂ ਜੋ ਮੈਂ ਤੇਰੇ ਮੂੰਹ ਦੀਆਂ ਬਿਧੀਆਂ ਦੀ ਪਾਲਣਾ ਕਰਾਂ।

ל ਲਾਮੇਧ

89 ਹੇ ਯਾਹਵੇਹ, ਤੇਰਾ ਬਚਨ ਸਦਾ ਤੱਕ ਹੈ,

ਅਤੇ ਸਵਰਗ ਵਿੱਚ ਸਥਿਰ ਹੈ।

90 ਤੇਰੀ ਵਫ਼ਾਦਾਰੀ ਪੀੜ੍ਹੀਆਂ ਤੱਕ ਬਣੀ ਰਹੇਗੀ;

ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਇਹ ਸਦਾ ਸਥਿਰ ਰਹੇਗੀ।

91 ਤੇਰੀਆਂ ਬਿਧੀਆਂ ਅੱਜ ਤੱਕ ਕਾਇਮ ਹਨ,

ਕਿਉਂ ਜੋ ਸਭ ਚੀਜ਼ਾਂ ਤੁਹਾਡੀ ਹੀ ਸੇਵਾ ਕਰਦੀਆਂ ਹਨ।

92 ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ,

ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।

93 ਮੈਂ ਤੇਰੇ ਉਪਦੇਸ਼ਾਂ ਨੂੰ ਕਦੇ ਨਹੀਂ ਭੁੱਲਾਂਗਾ,

ਕਿਉਂ ਜੋ ਤੁਸੀਂ ਉਹਨਾਂ ਦੁਆਰਾ ਮੇਰੀ ਜਾਨ ਦੀ ਰੱਖਿਆ ਕੀਤੀ ਹੈ।

94 ਮੈਨੂੰ ਬਚਾ, ਕਿਉਂ ਜੋ ਮੈਂ ਤੇਰਾ ਹਾਂ,

ਮੈਂ ਤੇਰੇ ਉਪਦੇਸ਼ਾਂ ਦੀ ਖੋਜ ਕੀਤੀ ਹੈ।

95 ਦੁਸ਼ਟ ਮੈਨੂੰ ਨਾਸ ਕਰਨ ਦੀ ਉਡੀਕ ਵਿੱਚ ਹਨ,

ਪਰ ਮੈਂ ਤੇਰੀਆਂ ਬਿਧੀਆਂ ਦਾ ਵਿਚਾਰ ਕਰਾਂਗਾ।

96 ਮੈਂ ਹਰ ਸੰਪੂਰਨਤਾ ਲਈ ਇੱਕ ਸੀਮਾ ਵੇਖਦਾ ਹਾਂ,

ਪਰ ਤੇਰੇ ਹੁਕਮ ਬੇਅੰਤ ਹਨ।

מ ਮੇਮ

97 ਮੈਨੂੰ ਤੇਰੇ ਨਿਯਮ ਕਿੰਨੇ ਪਿਆਰੇ ਹਨ!

ਮੈਂ ਸਾਰਾ ਦਿਨ ਇਸਦਾ ਸਿਮਰਨ ਕਰਦਾ ਹਾਂ।

98 ਤੇਰੇ ਆਦੇਸ਼ ਹਮੇਸ਼ਾ ਮੇਰੇ ਨਾਲ ਹੁੰਦੇ ਹਨ

ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਸਿਆਣਾ ਬਣਾਉਂਦੇ ਹਨ।

99 ਮੈਨੂੰ ਮੇਰੇ ਸਾਰੇ ਗੁਰੂਆਂ ਨਾਲੋਂ ਵਧੇਰੀ ਸਮਝ ਹੈ,

ਕਿਉਂਕਿ ਮੈਂ ਤੇਰੇ ਨਿਯਮਾਂ ਦਾ ਸਿਮਰਨ ਕਰਦਾ ਹਾਂ।

100 ਮੈਨੂੰ ਬਜ਼ੁਰਗਾਂ ਨਾਲੋਂ ਵਧੇਰੀ ਸਮਝ ਹੈ,

ਕਿਉਂਕਿ ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਦਾ ਹਾਂ।

101 ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਸਤੇ ਤੋਂ ਰੋਕ ਰੱਖਿਆ ਹੈ,

ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।

102 ਮੈਂ ਤੇਰੇ ਨਿਯਮਾਂ ਤੋਂ ਨਹੀਂ ਹਟਿਆ,

ਤੂੰ ਖੁਦ ਮੈਨੂੰ ਸਿਖਾਇਆ ਹੈ।

103 ਤੇਰੇ ਸ਼ਬਦ ਮੇਰੇ ਤਾਲੂ ਕਿੰਨੇ ਮਿੱਠੇ ਲੱਗਦੇ ਹਨ,

ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!

104 ਮੈਂ ਤੇਰੇ ਆਦੇਸ਼ਾਂ ਤੋਂ ਸਮਝ ਪ੍ਰਾਪਤ ਕਰਦਾ ਹਾਂ;

ਇਸ ਲਈ ਮੈਂ ਹਰ ਗਲਤ ਮਾਰਗ ਨੂੰ ਨਫ਼ਰਤ ਕਰਦਾ ਹਾਂ।

נ ਨੂਨ

105 ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ,

ਅਤੇ ਮੇਰੇ ਮਾਰਗ ਦੇ ਲਈ ਚਾਨਣ ਹਨ।

106 ਮੈਂ ਸਹੁੰ ਖਾਧੀ ਹੈ ਅਤੇ ਪੱਕਾ ਕੀਤਾ ਹੈ,

ਕਿ ਮੈਂ ਤੇਰੇ ਧਰਮੀ ਨਿਯਮਾਂ ਦੀ ਪਾਲਣਾ ਕਰਾਂਗਾ।

107 ਮੈਂ ਬਹੁਤ ਦੁੱਖ ਝੱਲੇ ਹਨ;

ਹੇ ਯਾਹਵੇਹ, ਮੇਰੇ ਜੀਵਨ ਦੀ ਆਪਣੇ ਬਚਨਾ ਦੇ ਅਨੁਸਾਰ ਰੱਖਿਆ ਕਰ।

108 ਯਾਹਵੇਹ, ਮੇਰੇ ਮੂੰਹ ਦੀ ਉਸਤਤ ਨੂੰ ਸਵੀਕਾਰ ਕਰੋ,

ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।

109 ਭਾਵੇਂ ਮੈਂ ਲਗਾਤਾਰ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈਂਦਾ ਹਾਂ,

ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

110 ਦੁਸ਼ਟਾਂ ਨੇ ਮੇਰੇ ਲਈ ਫਾਹੀ ਲਾ ਕੇ ਰੱਖੀ ਹੈ,

ਪਰ ਮੈਂ ਤੇਰੇ ਹੁਕਮਾਂ ਤੋਂ ਭਟਕਿਆ ਨਹੀਂ।

111 ਤੇਰੀਆਂ ਬਿਧੀਆਂ ਸਦਾ ਲਈ ਮੇਰੀ ਵਿਰਾਸਤ ਹਨ,

ਉਹ ਮੇਰੇ ਦਿਲ ਦੀ ਖੁਸ਼ੀ ਹਨ।

112 ਮੇਰਾ ਮਨ ਤੇਰੇ ਹੁਕਮਾਂ ਨੂੰ ਮੰਨਣ ਲਈ

ਅੰਤ ਤੱਕ ਤਿਆਰ ਹੈ।

ס ਸਾਮੇਖ

113 ਮੈਂ ਦੋਗਲੇ ਲੋਕਾਂ ਨੂੰ ਨਫ਼ਰਤ ਕਰਦਾ ਹਾਂ,

ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।

114 ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ।

ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

115 ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ,

ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!

116 ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂ

ਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।

117 ਮੈਨੂੰ ਸੰਭਾਲ ਤਾਂ ਮੈਂ ਛੁਡਾਇਆ ਜਾਵਾਂਗਾ।

ਮੈਂ ਤੇਰੇ ਹੁਕਮਾਂ ਤੇ ਹਮੇਸ਼ਾ ਧਿਆਨ ਲਗਾਵਾਂਗਾ।

118 ਤੂੰ ਉਹਨਾਂ ਸਾਰਿਆਂ ਨੂੰ ਰੱਦ ਕਰਦਾ ਹੈ ਜੋ ਤੇਰੇ ਹੁਕਮਾਂ ਤੋਂ ਭਟਕਦੇ ਹਨ,

ਕਿਉਂ ਜੋ ਉਹਨਾਂ ਦੇ ਭੁਲੇਖੇ ਨਾਸ ਹੋ ਜਾਂਦੇ ਹਨ।

119 ਤੂੰ ਸਾਰੇ ਦੁਸ਼ਟਾਂ ਨੂੰ ਕੂੜੇ ਵਾਂਗ ਸੁੱਟ ਦਿੰਦਾ ਹੈ,

ਇਸ ਲਈ ਮੈਂ ਤੇਰੀਆਂ ਬਿਧੀਆਂ ਨੂੰ ਪਿਆਰ ਕਰਦਾ ਹਾਂ।

120 ਮੇਰਾ ਸਰੀਰ ਤੇਰੇ ਡਰ ਨਾਲ ਕੰਬਦਾ ਹੈ,

ਮੈਂ ਤੇਰੇ ਕਾਨੂੰਨਾਂ ਤੋਂ ਡਰਦਾ ਹਾਂ।

ע ਆਇਨ

121 ਮੈਂ ਉਹ ਕੀਤਾ ਹੈ ਜੋ ਧਰਮੀ ਅਤੇ ਸਹੀ ਹੈ,

ਮੈਨੂੰ ਮੇਰੇ ਜ਼ਾਲਮਾਂ ਦੇ ਹੱਥ ਨਾ ਦੇ।

122 ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ;

ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।

123 ਤੇਰੀ ਮੁਕਤੀ ਦੀ ਉਡੀਕ ਵਿੱਚ,

ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।

124 ਆਪਣੇ ਸੇਵਕ ਨਾਲ ਆਪਣੇ ਪ੍ਰੇਮ ਨਾਲ ਵਰਤ

ਅਤੇ ਮੈਨੂੰ ਆਪਣੇ ਹੁਕਮ ਸਿਖਾ।

125 ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਦੇਹ

ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਮਝ ਸਕਾਂ।

126 ਇਹ ਸਮਾਂ ਯਾਹਵੇਹ ਦੇ ਕੰਮ ਦਾ ਹੈ,

ਤੇਰਾ ਕਾਨੂੰਨ ਤੋੜਿਆ ਜਾ ਰਿਹਾ ਹੈ।

127 ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਸੋਨੇ ਨਾਲੋਂ,

ਸ਼ੁੱਧ ਸੋਨੇ ਨਾਲੋਂ ਵੱਧ ਪਿਆਰ ਕਰਦਾ ਹਾਂ,

128 ਅਤੇ ਕਿਉਂਕਿ ਮੈਂ ਤੇਰੇ ਸਾਰੇ ਹੁਕਮਾਂ ਨੂੰ ਸਹੀ ਸਮਝਦਾ ਹਾਂ,

ਮੈਂ ਹਰ ਗਲਤ ਰਾਹ ਨੂੰ ਨਫ਼ਰਤ ਕਰਦਾ ਹਾਂ।

פ ਪੇ

129 ਤੇਰੀਆਂ ਬਿਧੀਆਂ ਸ਼ਾਨਦਾਰ ਹਨ;

ਇਸ ਲਈ ਮੈਂ ਉਹਨਾਂ ਦੀ ਪਾਲਣਾ ਕਰਦਾ ਹਾਂ।

130 ਤੇਰੇ ਬਚਨਾਂ ਦੇ ਖੁੱਲ੍ਹਣ ਨਾਲ ਚਾਨਣ ਹੁੰਦਾ ਹੈ;

ਇਹ ਸਧਾਰਨ ਲੋਕਾਂ ਨੂੰ ਸਮਝ ਦਿੰਦਾ ਹੈ।

131 ਮੈਂ ਆਪਣਾ ਮੂੰਹ ਖੋਲ੍ਹਦਾ ਹਾਂ,

ਅਤੇ ਤੇਰੇ ਹੁਕਮਾਂ ਨੂੰ ਤਰਸਦਾ ਹਾਂ।

132 ਮੇਰੀ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ,

ਜਿਵੇਂ ਤੂੰ ਆਪਣੇ ਨਾਲ ਪਿਆਰ ਕਰਨ ਵਾਲਿਆ ਨਾਲ ਕਰਦਾ ਹੈ।

133 ਤੂੰ ਮੇਰੇ ਕਦਮਾਂ ਨੂੰ ਆਪਣੇ ਬਚਨਾਂ ਅਨੁਸਾਰ ਸਥਿਰ ਕਰਦੇ,

ਤਾਂ ਕਿ ਕੋਈ ਪਾਪ ਮੇਰੇ ਉੱਤੇ ਰਾਜ ਨਾ ਕਰੇ।

134 ਮੈਨੂੰ ਮਨੁੱਖਾਂ ਦੇ ਜ਼ੁਲਮ ਤੋਂ ਛੁਟਕਾਰਾ ਦੇ,

ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਮੰਨਾਂ।

135 ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ

ਅਤੇ ਮੈਨੂੰ ਆਪਣੇ ਹੁਕਮ ਸਿਖਾ।

136 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨ,

ਕਿਉਂ ਜੋ ਉਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ।

צ ਸਾਧੇ

137 ਹੇ ਯਾਹਵੇਹ, ਤੂੰ ਧਰਮੀ ਹੈ,

ਅਤੇ ਤੇਰੇ ਨਿਆਂ ਸਿੱਧੇ ਹਨ।

138 ਜਿਹੜੀਆਂ ਬਿਧੀਆਂ ਤੂੰ ਦਿੱਤੀਆਂ ਹਨ ਉਹ ਧਰਮੀ ਹਨ;

ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ।

139 ਮੇਰੀ ਅਣਖ ਨੇ ਮੈਨੂੰ ਥਕਾ ਦਿੱਤਾ,

ਕਿਉਂ ਜੋ ਮੇਰੇ ਵੈਰੀ ਤੇਰੇ ਬਚਨਾਂ ਨੂੰ ਅਣਦੇਖਿਆ ਕਰਦੇ ਹਨ।

140 ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ,

ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।

141 ਭਾਵੇਂ ਮੈਂ ਨੀਵਾਂ ਅਤੇ ਤੁੱਛ ਹਾਂ,

ਮੈਂ ਤੇਰੇ ਉਪਦੇਸ਼ਾਂ ਨੂੰ ਨਹੀਂ ਭੁੱਲਦਾ।

142 ਤੇਰੀ ਧਾਰਮਿਕਤਾ ਸਦੀਪਕ ਹੈ

ਅਤੇ ਤੇਰੀ ਬਿਵਸਥਾ ਸੱਚੀ ਹੈ।

143 ਮੇਰੇ ਉੱਤੇ ਮੁਸੀਬਤ ਅਤੇ ਬਿਪਤਾ ਆਈ ਹੈ,

ਪਰ ਤੇਰੇ ਹੁਕਮ ਮੈਨੂੰ ਆਨੰਦ ਦਿੰਦੇ ਹਨ।

144 ਤੇਰੀਆਂ ਬਿਧੀਆਂ ਸਦਾ ਧਰਮੀ ਹਨ;

ਮੈਨੂੰ ਸਮਝ ਦਿਓ ਕਿ ਮੈਂ ਜੀਵਾਂ।

ק ਕੌਫ਼

145 ਮੈਂ ਆਪਣੇ ਪੂਰੇ ਦਿਲ ਨਾਲ ਪੁਕਾਰਦਾ ਹਾਂ; ਹੇ ਯਾਹਵੇਹ, ਮੈਨੂੰ ਉੱਤਰ ਦਿਓ,

ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ।

146 ਮੈਂ ਤੈਨੂੰ ਪੁਕਾਰਦਾ ਹਾਂ; ਮੈਨੂੰ ਬਚਾ,

ਅਤੇ ਮੈਂ ਤੇਰੀਆਂ ਬਿਧੀਆਂ ਨੂੰ ਸੰਭਾਲ ਰੱਖਿਆ।

147 ਮੈਂ ਸਵੇਰ ਤੋਂ ਪਹਿਲਾਂ ਉੱਠਦਾ ਹਾਂ ਅਤੇ ਮਦਦ ਲਈ ਪੁਕਾਰਦਾ ਹਾਂ।

ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

148 ਰਾਤ ਦੇ ਪਹਿਰਾਂ ਵਿੱਚ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ,

ਤਾਂ ਜੋ ਮੈਂ ਤੇਰੇ ਵਾਅਦਿਆਂ ਦਾ ਧਿਆਨ ਕਰਾਂ।

149 ਆਪਣੇ ਪ੍ਰੇਮ ਦੇ ਅਨੁਸਾਰ ਮੇਰੀ ਆਵਾਜ਼ ਸੁਣ;

ਹੇ ਯਾਹਵੇਹ, ਆਪਣੇ ਕਾਨੂੰਨਾਂ ਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

150 ਬੁਰੀਆਂ ਜੁਗਤਾਂ ਘੜਨ ਵਾਲੇ ਨੇੜੇ ਹਨ,

ਪਰ ਤੇਰੀ ਬਿਵਸਥਾ ਤੋਂ ਦੂਰ ਹਨ।

151 ਹੇ ਯਾਹਵੇਹ, ਫਿਰ ਵੀ ਤੂੰ ਨੇੜੇ ਹੈ,

ਅਤੇ ਤੇਰੇ ਸਾਰੇ ਹੁਕਮ ਸੱਚੇ ਹਨ।

152 ਬਹੁਤ ਸਮਾਂ ਪਹਿਲਾਂ ਮੈਂ ਤੇਰੀਆਂ ਬਿਧੀਆਂ ਤੋਂ ਸਿੱਖਿਆ,

ਕਿ ਤੂੰ ਉਹਨਾਂ ਨੂੰ ਸਦਾ ਲਈ ਕਾਇਮ ਕੀਤਾ ਹੈ।

ר ਰੇਛ

153 ਮੇਰੇ ਦੁੱਖਾਂ ਨੂੰ ਵੇਖ ਅਤੇ ਮੈਨੂੰ ਬਚਾ,

ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਿਆ।

154 ਮੇਰੇ ਪੱਖ ਦੀ ਰੱਖਿਆ ਕਰ ਅਤੇ ਮੈਨੂੰ ਛੁਟਕਾਰਾ ਦੇ;

ਆਪਣੇ ਵਾਅਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

155 ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈ,

ਕਿਉਂ ਜੋ ਉਹ ਤੇਰੇ ਹੁਕਮਾਂ ਨੂੰ ਨਹੀਂ ਭਾਲਦੇ।

156 ਹੇ ਯਾਹਵੇਹ, ਤੇਰੀਆਂ ਰਹਿਮਤਾਂ, ਮਹਾਂਨ ਹਨ;

ਆਪਣੇ ਨਿਯਮਾਂ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

157 ਬਹੁਤ ਸਾਰੇ ਵੈਰੀ ਹਨ ਜੋ ਮੈਨੂੰ ਸਤਾਉਂਦੇ ਹਨ,

ਪਰ ਮੈਂ ਤੇਰੀਆਂ ਬਿਧੀਆਂ ਤੋਂ ਨਹੀਂ ਮੁੜਿਆ।

158 ਮੈਂ ਵਿਸ਼ਵਾਸਹੀਣਾਂ ਨੂੰ ਨਫ਼ਰਤ ਨਾਲ ਵੇਖਦਾ ਹਾਂ,

ਕਿਉਂ ਜੋ ਓਹ ਤੇਰੇ ਬਚਨ ਨੂੰ ਨਹੀਂ ਮੰਨਦੇ।

159 ਵੇਖ, ਮੈਂ ਤੇਰੇ ਉਪਦੇਸ਼ਾਂ ਨੂੰ ਕਿੰਨਾ ਪਿਆਰ ਕਰਦਾ ਹਾਂ;

ਹੇ ਯਾਹਵੇਹ, ਆਪਣੇ ਪਿਆਰ ਦੇ ਅਨੁਸਾਰ ਮੇਰੇ ਜੀਵਨ ਦੀ ਰੱਖਿਆ ਕਰ,

160 ਤੇਰੇ ਬਚਨ ਸੱਚੇ ਹਨ;

ਤੇਰੇ ਸਾਰੇ ਧਰਮੀ ਨਿਯਮ ਸਦੀਪਕ ਤੱਕ ਹਨ।

ש ਸ਼ਿਨ

161 ਹਾਕਮ ਮੈਨੂੰ ਬਿਨਾਂ ਕਾਰਨ ਸਤਾਉਂਦੇ ਹਨ,

ਪਰ ਤੇਰੇ ਬਚਨ ਤੋਂ ਮੇਰਾ ਦਿਲ ਕੰਬਦਾ ਹੈ।

162 ਮੈਂ ਤੇਰੇ ਬਚਨਾਂ ਵਿੱਚ ਆਨੰਦ ਹਾਂ,

ਉਸ ਮਨੁੱਖ ਵਾਂਗ ਜਿਹ ਨੂੰ ਵੱਡੀ ਲੁੱਟ ਲੱਭਦੀ ਹੈ।

163 ਮੈਂ ਝੂਠ ਨਾਲ ਨਫ਼ਰਤ ਅਤੇ ਵੈਰ ਕਰਦਾ ਹਾਂ

ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।

164 ਮੈਂ ਦਿਨ ਵਿੱਚ ਸੱਤ ਵਾਰ

ਤੇਰੇ ਧਰਮੀ ਨਿਯਮਾਂ ਲਈ ਤੇਰੀ ਉਸਤਤ ਕਰਦਾ ਹਾਂ।

165 ਜਿਹੜੇ ਤੇਰੀ ਬਿਵਸਥਾ ਨੂੰ ਪਿਆਰ ਕਰਦੇ ਹਨ, ਉਹਨਾਂ ਨੂੰ ਵੱਡੀ ਸ਼ਾਂਤੀ ਮਿਲਦੀ ਹੈ,

ਅਤੇ ਕੋਈ ਚੀਜ਼ ਉਹਨਾਂ ਨੂੰ ਠੋਕਰ ਨਹੀਂ ਦੇ ਸਕਦੀ।

166 ਹੇ ਯਾਹਵੇਹ, ਮੈਂ ਤੇਰੀ ਮੁਕਤੀ ਦੀ ਉਡੀਕ ਕਰਦਾ ਹਾਂ,

ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ।

167 ਮੈਂ ਤੇਰੀਆਂ ਬਿਧੀਆਂ ਨੂੰ ਮੰਨਦਾ ਹਾਂ,

ਕਿਉਂ ਜੋ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ।

168 ਮੈਂ ਤੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦਾ ਹਾਂ,

ਕਿਉਂ ਜੋ ਤੂੰ ਮੇਰੇ ਸਾਰੇ ਰਾਹਾਂ ਨੂੰ ਜਾਣਦਾ ਹੈ।

ת ਤਾਵ

169 ਹੇ ਯਾਹਵੇਹ, ਮੇਰੀ ਦੁਹਾਈ ਤੇਰੇ ਤੱਕ ਪਹੁੰਚੇ;

ਮੈਨੂੰ ਆਪਣੇ ਬਚਨ ਅਨੁਸਾਰ ਸਮਝ ਦੇ।

170 ਮੇਰੀ ਬੇਨਤੀ ਤੇਰੇ ਹਜ਼ੂਰ ਪਹੁੰਚੇ;

ਆਪਣੇ ਵਾਅਦੇ ਅਨੁਸਾਰ ਮੈਨੂੰ ਛੁਡਾ।

171 ਮੇਰੇ ਬੁੱਲ੍ਹ ਉਸਤਤ ਨਾਲ ਭਰ ਜਾਣ,

ਕਿਉਂ ਜੋ ਤੂੰ ਮੈਨੂੰ ਆਪਣੇ ਹੁਕਮ ਸਿਖਾਉਂਦਾ ਹੈ।

172 ਮੇਰੀ ਜੀਭ ਤੇਰਾ ਸ਼ਬਦ ਗਾਵੇ,

ਕਿਉਂ ਜੋ ਤੇਰੇ ਸਾਰੇ ਹੁਕਮ ਧਰਮੀ ਹਨ।

173 ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ,

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਚੁਣਿਆ ਹੈ।

174 ਹੇ ਯਾਹਵੇਹ, ਮੈਂ ਤੇਰੀ ਮੁਕਤੀ ਲਈ ਤਰਸਦਾ ਹਾਂ,

ਅਤੇ ਤੇਰੀ ਬਿਵਸਥਾ ਮੈਨੂੰ ਪ੍ਰਸੰਨ ਕਰਦੀ ਹੈ।

175 ਮੈਨੂੰ ਜੀਉਣ ਦੇ ਤਾਂ ਜੋ ਮੈਂ ਤੇਰੀ ਉਸਤਤ ਕਰਾਂ,

ਅਤੇ ਤੇਰੀ ਬਿਵਸਥਾ ਮੇਰੀ ਸਹਾਇਤਾ ਕਰੇ।

176 ਮੈਂ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ,

ਆਪਣੇ ਸੇਵਕ ਨੂੰ ਭਾਲ,

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਿਆ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-