1 ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਬੋਲਿਆ ਹੈ,
ਅਤੇ ਸੂਰਜ ਦੇ ਚੜਦੇ ਤੋਂ ਉਹ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।
2 ਸੀਯੋਨ ਤੋਂ ਸੁੰਦਰਤਾ ਵਿੱਚ ਸੰਪੂਰਨ,
ਪਰਮੇਸ਼ਵਰ ਚਮਕਦਾ ਹੈ।
3 ਸਾਡਾ ਪਰਮੇਸ਼ਵਰ ਆਉਂਦਾ ਹੈ
ਅਤੇ ਚੁੱਪ ਨਹੀਂ ਰਹੇਗਾ;
ਅੱਗ ਉਸ ਦੇ ਅੱਗੇ ਭਸਮ ਕਰਦੀ ਹੈ,
ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।
4 ਉਹ ਅਕਾਸ਼ ਨੂੰ ਉੱਪਰ ਪੁਕਾਰਦਾ ਹੈ,
ਅਤੇ ਧਰਤੀ ਨੂੰ ਵੀ ਤਾਂ ਜੋ ਉਹ ਆਪਣੇ ਲੋਕਾਂ ਦਾ ਨਿਆਂ ਕਰੇ:
5 "ਇਨ੍ਹਾਂ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਾ ਕਰੋ,
ਜਿਨ੍ਹਾਂ ਨੇ ਬਲੀਦਾਨ ਦੇ ਕੇ ਮੇਰੇ ਨਾਲ ਨੇਮ ਬੰਨ੍ਹੀ ਸੀ।"
6 ਅਤੇ ਸਵਰਗ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਦੇ ਹਨ,
ਕਿਉਂ ਜੋ ਉਹ ਨਿਆਂ ਦਾ ਪਰਮੇਸ਼ਵਰ ਹੈ।
7 "ਮੇਰੇ ਲੋਕੋ, ਸੁਣੋ ਅਤੇ ਮੈਂ ਬੋਲਾਂਗਾ;
ਹੇ ਇਸਰਾਏਲ, ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ:
ਮੈਂ ਪਰਮੇਸ਼ਵਰ, ਤੁਹਾਡਾ ਪਰਮੇਸ਼ਵਰ ਹਾਂ।
8 ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ,
ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।
9 ਮੈਨੂੰ ਤੇਰੀ ਖੁਰਲੀ ਤੋਂ ਕਿਸੇ ਬਲਦ ਦੀ ਲੋੜ ਨਹੀਂ,
ਨਾ ਤੇਰੇ ਵਾੜਿਆਂ ਤੋਂ ਬੱਕਰੀਆਂ।
10 ਕਿਉਂ ਜੋ ਜੰਗਲ ਦਾ ਹਰ ਜਾਨਵਰ ਮੇਰਾ ਹੈ,
ਅਤੇ ਨਾਲੇ ਹਜ਼ਾਰਾਂ ਪਹਾੜਾਂ ਦੇ ਉੱਤੇ ਪਸ਼ੂ।
11 ਮੈਂ ਪਹਾੜਾਂ ਦੇ ਹਰ ਪੰਛੀ ਨੂੰ ਜਾਣਦਾ ਹਾਂ,
ਅਤੇ ਖੇਤਾਂ ਦੇ ਕੀੜੇ ਮੇਰੇ ਹਨ।
12 ਜੇਕਰ ਮੈਂ ਭੁੱਖਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਦੱਸਦਾ,
ਕਿਉਂਕਿ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਉਹ ਸਭ ਮੇਰਾ ਹੈ।
13 ਕੀ ਮੈਂ ਬਲਦਾਂ ਦਾ ਮਾਸ ਖਾਂਦਾ ਹਾਂ
ਜਾਂ ਬੱਕਰੀਆਂ ਦਾ ਲਹੂ ਪੀਂਦਾ ਹਾਂ?
14 "ਪਰਮੇਸ਼ਵਰ ਨੂੰ ਧੰਨਵਾਦ ਦੀਆਂ ਭੇਟਾਂ ਚੜ੍ਹਾਓ,
ਅੱਤ ਮਹਾਨ ਲਈ ਆਪਣੀਆਂ ਸੁੱਖਣਾ ਪੂਰੀਆਂ ਕਰ,
15 ਅਤੇ ਮੁਸੀਬਤ ਦੇ ਦਿਨ ਮੈਨੂੰ ਪੁਕਾਰ;
ਮੈਂ ਤੈਨੂੰ ਛੁਡਾਵਾਂਗਾ, ਅਤੇ ਤੂੰ ਮੇਰਾ ਆਦਰ ਕਰੇਂਗਾ।"
16 ਪਰ ਦੁਸ਼ਟ ਵਿਅਕਤੀ ਨੂੰ ਪਰਮੇਸ਼ਵਰ ਆਖਦਾ ਹੈ:
"ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਮੇਰੇ ਕਾਨੂੰਨਾਂ ਨੂੰ ਸੁਣੋ
ਜਾਂ ਮੇਰੇ ਨੇਮ ਨੂੰ ਆਪਣੇ ਬੁੱਲ੍ਹਾਂ ਉੱਤੇ ਲਓ?
17 ਤੁਸੀਂ ਮੇਰੀ ਸਿੱਖਿਆ ਤੋਂ ਨਫ਼ਰਤ ਕਰਦੇ ਹੋ
ਅਤੇ ਮੇਰੀਆਂ ਗੱਲਾਂ ਨੂੰ ਆਪਣੇ ਪਿੱਛੇ ਸੁੱਟ ਦਿੰਦੇ ਹੋ।
18 ਜਦੋਂ ਤੁਸੀਂ ਚੋਰ ਨੂੰ ਵੇਖਦੇ ਹੋ, ਤੁਸੀਂ ਉਹ ਦੇ ਨਾਲ ਰਲ ਜਾਂਦੇ ਹੋ।
ਤੁਸੀਂ ਵਿਭਚਾਰੀਆਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋ।
19 ਤੂੰ ਆਪਣਾ ਮੂੰਹ ਬੁਰਿਆਈ ਲਈ ਵਰਤਦਾ ਹੈ
ਅਤੇ ਆਪਣੀ ਜੀਭ ਨੂੰ ਛਲ ਲਈ ਵਰਤਦਾ ਹੈ।
20 ਤੁਸੀਂ ਬੈਠ ਕੇ ਆਪਣੇ ਭਰਾ ਦੇ ਵਿਰੁੱਧ ਗਵਾਹੀ ਦਿੰਦੇ ਹੋ
ਅਤੇ ਆਪਣੀ ਮਾਂ ਦੇ ਪੁੱਤਰ ਦੀ ਨਿੰਦਿਆ ਕਰਦੇ ਹੋ।
21 ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਅਤੇ ਮੈਂ ਚੁੱਪ ਰਿਹਾ,
ਤੁਸੀਂ ਸੋਚਿਆ ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ।
ਪਰ ਹੁਣ ਮੈਂ ਤੁਹਾਨੂੰ ਦੋਸ਼ੀ ਠਹਿਰਾਉਂਦਾ ਹਾਂ
ਅਤੇ ਤੁਹਾਡੇ ਸਾਹਮਣੇ ਆਪਣੇ ਦੋਸ਼ ਰੱਖਦਾ ਹਾਂ।
22 "ਤੁਸੀਂ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹੋ, ਇਸ ਵੱਲ ਧਿਆਨ ਦਿਓ,
ਨਹੀਂ ਤਾਂ ਮੈਂ ਤੁਹਾਡੇ ਟੁਕੜੇ-ਟੁਕੜੇ ਕਰ ਦਿਆਂਗਾ, ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ:
23 ਜਿਹੜੇ ਧੰਨਵਾਦ ਦੀਆਂ ਭੇਟਾਂ ਚੜ੍ਹਾਉਂਦੇ ਹਨ, ਉਹ ਮੇਰਾ ਆਦਰ ਕਰਦੇ ਹਨ,
ਅਤੇ ਮੈਂ ਨਿਰਦੋਸ਼ਾਂ ਨੂੰ ਆਪਣੀ ਮੁਕਤੀ ਦਿਖਾਵਾਂਗਾ।"