1 ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ,
ਦਯਾ ਦੇ ਕਾਰਨ ਮੇਰੀ ਪੁਕਾਰ ਸੁਣ;
ਤੇਰੀ ਵਫ਼ਾਦਾਰੀ ਅਤੇ ਧਾਰਮਿਕਤਾ ਵਿੱਚ
ਮੈਨੂੰ ਉੱਤਰ ਦੇ।
2 ਆਪਣੇ ਦਾਸ ਨੂੰ ਨਿਆਂ ਵਿੱਚ ਨਾ ਲਿਆ,
ਕਿਉਂ ਜੋ ਤੇਰੇ ਅੱਗੇ ਕੋਈ ਧਰਮੀ ਨਹੀਂ ਹੈ।
3 ਵੈਰੀ ਮੇਰਾ ਪਿੱਛਾ ਕਰਦਾ ਹੈ,
ਉਹ ਮੈਨੂੰ ਜ਼ਮੀਨ ਉੱਤੇ ਕੁਚਲਦਾ ਹੈ।
ਉਹ ਮੈਨੂੰ ਹਨੇਰੇ ਵਿੱਚ ਵਸਾਉਦਾ ਹੈ,
ਜ਼ਿਆਦਾ ਸਮੇਂ ਦੇ ਮਰੇ ਹੋਏ ਮੁਰਦਿਆਂ ਵਾਂਗੂੰ।
4 ਇਸ ਲਈ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੋ ਜਾਂਦਾ ਹੈ,
ਮੇਰੇ ਅੰਦਰ ਮੇਰਾ ਦਿਲ ਦੁਖੀ ਹੈ।
5 ਮੈਨੂੰ ਪੁਰਾਣੇ ਦਿਨ ਯਾਦ ਹਨ;
ਮੈਂ ਤੇਰੇ ਸਾਰੇ ਕੰਮਾਂ ਦਾ ਧਿਆਨ ਕਰਦਾ ਹਾਂ
ਅਤੇ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਵਿਚਾਰ ਕਰਦਾ ਹਾਂ।
6 ਮੈਂ ਤੁਹਾਡੇ ਵੱਲ ਆਪਣੇ ਹੱਥ ਫੈਲਾਏ;
ਮੈਂ ਸੁੱਕੀ ਜ਼ਮੀਨ ਵਾਂਗ ਤੇਰੇ ਲਈ ਪਿਆਸਾ ਹਾਂ।
7 ਹੇ ਯਾਹਵੇਹ, ਮੈਨੂੰ ਜਲਦੀ ਉੱਤਰ ਦੇ;
ਮੇਰੀ ਆਤਮਾ ਅਸਫ਼ਲ ਹੋ ਜਾਂਦੀ ਹੈ।
ਆਪਣਾ ਮੂੰਹ ਮੈਥੋਂ ਨਾ ਲੁਕਾ
ਨਹੀਂ ਤਾਂ ਮੈਂ ਉਹਨਾਂ ਵਰਗਾ ਹੋ ਜਾਵਾਂਗਾ ਜਿਹੜੇ ਕਬਰ ਵਿੱਚ ਚਲੇ ਜਾਂਦੇ ਹਨ।
8 ਸਵੇਰ ਮੇਰੇ ਲਈ ਤੇਰੇ ਅਟੱਲ ਪਿਆਰ ਦਾ ਬਚਨ ਲਿਆਵੇ,
ਕਿਉਂ ਜੋ ਮੈਂ ਤੇਰੇ ਉੱਤੇ ਆਪਣਾ ਭਰੋਸਾ ਰੱਖਿਆ ਹੈ।
ਮੈਨੂੰ ਉਹ ਰਾਹ ਵਿਖਾ ਜਿਸ ਤੇ ਮੈਂ ਚੱਲ ਸਕਾ,
ਕਿਉਂ ਜੋ ਮੈਂ ਆਪਣੀ ਜਾਨ ਤੈਨੂੰ ਸੌਂਪਦਾ ਹਾਂ।
9 ਹੇ ਯਾਹਵੇਹ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ,
ਕਿਉਂਕਿ ਮੈਂ ਆਪਣੇ ਆਪ ਨੂੰ ਤੇਰੇ ਵਿੱਚ ਛੁਪਾਇਆ ਹੋਇਆ ਹੈ।
10 ਮੈਨੂੰ ਤੇਰੀ ਇੱਛਾ ਪੂਰੀ ਕਰਨੀ ਸਿਖਾ,
ਕਿਉਂ ਜੋ ਤੂੰ ਮੇਰਾ ਪਰਮੇਸ਼ਵਰ ਹੈ।
ਤੁਹਾਡੀ ਚੰਗੀ ਆਤਮਾ
ਪੱਧਰੀ ਜ਼ਮੀਨ ਤੇ ਮੇਰੀ ਅਗਵਾਈ ਕਰੇ।
11 ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਮੇਰੀ ਜਾਨ ਦੀ ਰੱਖਿਆ ਕਰ;
ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ।
12 ਤੇਰੇ ਅਟੱਲ ਪਿਆਰ ਵਿੱਚ ਮੇਰੇ ਵੈਰੀਆਂ ਨੂੰ ਚੁੱਪ ਕਰਾ,
ਮੇਰੇ ਸਾਰੇ ਦੁਸ਼ਮਣਾਂ ਨੂੰ ਨਸ਼ਟ ਕਰ,
ਕਿਉਂ ਜੋ ਮੈਂ ਤੇਰਾ ਸੇਵਕ ਹਾਂ।