1 ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ, ਜਲਦੀ ਮੇਰੇ ਕੋਲ ਆ;
ਜਦ ਮੈਂ ਤੈਨੂੰ ਪੁਕਾਰਾਂ ਤੂੰ ਮੇਰੀ ਆਵਾਜ਼ ਸੁਣ।
2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਧੂਪ ਵਾਂਗ ਪਹੁੰਚੇ;
ਮੇਰਾ ਹੱਥ ਚੁੱਕਣਾ ਸ਼ਾਮ ਦੇ ਬਲੀਦਾਨ ਵਰਗਾ ਹੋਵੇ।
3 ਹੇ ਯਾਹਵੇਹ, ਮੇਰੇ ਮੂੰਹ ਉੱਤੇ ਪਹਿਰਾ ਦੇ;
ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ਦੀ ਰਾਖੀ ਕਰ।
4 ਮੇਰਾ ਮਨ ਬਦੀ ਵੱਲ ਨਾ ਖਿੱਚੇ
ਤਾਂ ਜੋ ਮੈਂ ਬੁਰਿਆਈ ਵਿੱਚ ਭਾਗ ਲਵਾਂ।
ਉਨ੍ਹਾਂ ਦੇ ਨਾਲ ਜੋ ਦੁਸ਼ਟ ਹਨ;
ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਨਾ ਖਾਣ ਦੇ।
5 ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ;
ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ।
ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ,
ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।
6 ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ,
ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।
7 ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ,
ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।
8 ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ,
ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।
9 ਦੁਸ਼ਟਾਂ ਦੇ ਫੰਦਿਆਂ ਤੋਂ ਮੈਨੂੰ ਬਚਾ,
ਉਹਨਾਂ ਫੰਦਿਆਂ ਤੋਂ ਜੋ ਉਹਨਾਂ ਨੇ ਮੇਰੇ ਲਈ ਵਿਛਾਏ ਹਨ।
10 ਦੁਸ਼ਟਾਂ ਨੂੰ ਆਪਣੇ ਜਾਲ ਵਿੱਚ ਫਸਣ ਦੇ,
ਜਿਸ ਵੇਲੇ ਮੈਂ ਸੁਰੱਖਿਆ ਨਾਲ ਲੰਘ ਜਾਵਾਂ।