1 ਮੁਬਾਰਕ ਹੈ ਉਹ ਜਿਹੜਾ ਗਰੀਬ ਦਾ ਧਿਆਨ ਰੱਖਦਾ ਹੈ;
ਯਾਹਵੇਹ ਉਹਨਾਂ ਨੂੰ ਮੁਸੀਬਤ ਦੇ ਸਮੇਂ ਵਿੱਚ ਛੁਡਾਉਂਦਾ ਹੈ।
2 ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ ਅਤੇ ਉਸਨੂੰ ਬਰਕਰਾਰ ਰੱਖੇਗਾ,
ਉਹ ਧਰਤੀ ਉੱਤੇ ਮੁਬਾਰਕ ਹੋਣਗੇ,
ਉਹ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਹੀਂ ਕਰਦਾ।
3 ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈ
ਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।
4 ਮੈਂ ਕਿਹਾ, ਹੇ ਯਾਹਵੇਹ, "ਮੇਰੇ ਤੇ ਦਯਾ ਕਰੋ,
ਮੈਨੂੰ ਚੰਗਾ ਕਰੋ ਕਿਉਂ ਜੋ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।"
5 ਮੇਰੇ ਵੈਰੀ ਨਫ਼ਰਤ ਨਾਲ ਮੇਰੇ ਬਾਰੇ ਆਖਦੇ ਹਨ,
"ਉਹ ਕਦੋਂ ਮਰੇਗਾ ਅਤੇ ਉਸਦਾ ਨਾਮ ਕਦੋਂ ਨਸ਼ਟ ਹੋਵੇਗਾ?"
6 ਜਦੋਂ ਉਹਨਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ,
ਉਹ ਝੂਠ ਬੋਲਦਾ ਹੈ ਅਤੇ ਦਿਲੋਂ ਨਿੰਦਿਆ ਕਰਦਾ ਹੈ;
ਫਿਰ ਉਹ ਬਾਹਰ ਜਾਂਦਾ ਹੈ ਅਤੇ ਇਸ ਨੂੰ ਚਾਰੇ ਪਾਸੇ ਫੈਲਾਉਂਦਾ ਹੈ।
7 ਮੇਰੇ ਸਾਰੇ ਦੁਸ਼ਮਣ ਮੇਰੇ ਵਿਰੁੱਧ ਇੱਕਠੇ ਹੋ ਕੇ ਚੁਗ਼ਲੀ ਕਰਦੇ ਹਨ।
ਉਹ ਮੇਰੇ ਲਈ ਸਭ ਤੋਂ ਭੈੜੇ ਕੰਮ ਦੀ ਕਲਪਨਾ ਕਰਦੇ ਹਨ,
8 "ਉਹ ਆਖਦੇ ਹਨ, ਉਸ ਨੂੰ ਇੱਕ ਮਾੜੀ ਬਿਮਾਰੀ ਨੇ ਦੁੱਖੀ ਕੀਤਾ ਹੈ;
ਉਹ ਉਸ ਥਾਂ ਤੋਂ ਕਦੇ ਨਹੀਂ ਉੱਠੇਗਾ ਜਿੱਥੇ ਉਹ ਪਿਆ ਹੈ।"
9 ਇੱਥੋਂ ਤੱਕ ਕਿ ਮੇਰਾ ਨਜ਼ਦੀਕੀ ਮਿੱਤਰ,
ਜਿਸ ਉੱਤੇ ਮੈਂ ਭਰੋਸਾ ਕੀਤਾ,
ਇੱਕ ਜਿਸ ਨੇ ਮੇਰੇ ਨਾਲ ਰੋਟੀ ਖਾਧੀ,
ਉਹ ਮੇਰੇ ਵਿਰੁੱਧ ਹੋ ਗਿਆ ਹੈ।
10 ਹੇ ਯਾਹਵੇਹ, ਪਰ ਤੂੰ ਮੇਰੇ ਤੇ ਕਿਰਪਾ ਕਰਕੇ ਮੈਨੂੰ ਖੜਾ ਕਰ;
ਤਾਂ ਜੋ ਮੈਂ ਉਹਨਾਂ ਦਾ ਬਦਲਾ ਦੇ ਸਕਾਂ।
11 ਮੈਂ ਜਾਣਦਾ ਹਾਂ ਕਿ ਤੂੰ ਮੇਰੇ ਉੱਤੇ ਪ੍ਰਸੰਨ ਹੈ,
ਕਿਉਂਕਿ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਨਹੀਂ ਪਾਉਂਦਾ।
12 ਮੇਰੀ ਖਰਿਆਈ ਦੇ ਕਾਰਨ ਤੁਸੀਂ ਮੈਨੂੰ ਸੰਭਾਲਦੇ ਹੋ
ਅਤੇ ਮੈਨੂੰ ਸਦਾ ਲਈ ਆਪਣੀ ਹਜ਼ੂਰੀ ਵਿੱਚ ਰੱਖਦਾ ਹੈ।
13 ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,
ਆਦ ਤੋਂ ਅੰਤ ਤੱਕ।
ਆਮੀਨ ਅਤੇ ਆਮੀਨ।