1 ਮੈਂ ਧੀਰਜ ਨਾਲ ਯਾਹਵੇਹ ਦੀ ਉਡੀਕ ਕੀਤੀ;
ਉਹ ਮੇਰੇ ਵੱਲ ਮੁੜਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
2 ਉਸ ਨੇ ਮੈਨੂੰ ਭਿਆਨਕ ਟੋਏ, ਚਿੱਕੜ ਅਤੇ ਦਲਦਲ ਵਿੱਚੋਂ ਬਾਹਰ ਕੱਢਿਆ;
ਉਸ ਨੇ ਚੱਟਾਨ ਉੱਤੇ ਮੇਰੇ ਪੈਰਾਂ ਨੂੰ ਰੱਖਿਆ
ਅਤੇ ਮੈਨੂੰ ਖੜ੍ਹਨ ਲਈ ਪੱਕਾ ਥਾਂ ਦਿੱਤਾ ਹੈ।
3 ਉਸ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ,
ਸਾਡੇ ਪਰਮੇਸ਼ਵਰ ਦੀ ਵਡਿਆਈ ਦਾ ਭਜਨ।
ਬਹੁਤ ਸਾਰੇ ਯਾਹਵੇਹ ਨੂੰ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਭਰੋਸਾ ਰੱਖਣਗੇ।
4 ਧੰਨ ਹੈ ਉਹ
ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ,
ਜੋ ਉਹਨਾਂ ਹੰਕਾਰੀਆਂ ਵੱਲ ਨਹੀਂ ਵੇਖਦਾ,
ਜਿਹੜੇ ਝੂਠੇ ਦੇਵਤਿਆਂ ਵੱਲ ਮੁੜਦੇ ਹਨ।
5 ਹੇ ਯਾਹਵੇਹ ਮੇਰੇ ਪਰਮੇਸ਼ਵਰ,
ਤੂੰ ਬਹੁਤ ਸਾਰੇ ਅਚੰਭੇ ਕੰਮ ਕੀਤੇ ਹਨ,
ਬਹੁਤ ਸਾਰੀਆਂ ਚੀਜ਼ਾਂ ਦੀਆਂ ਤੂੰ ਸਾਡੇ ਲਈ ਯੋਜਨਾਵਾਂ ਬਣਾਈਆਂ ਹਨ।
ਕੋਈ ਵੀ ਤੁਹਾਡੇ ਨਾਲ ਤੁਲਨਾ ਨਹੀਂ ਕਰ ਸਕਦਾ;
ਜੇ ਮੈਂ ਤੇਰੇ ਕੰਮਾਂ ਬਾਰੇ ਬੋਲਾਂ ਅਤੇ ਤੇਰੇ ਕੰਮਾਂ ਬਾਰੇ ਦੱਸਾਂ,
ਤਾਂ ਬਹੁਤ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
6 ਬਲੀਦਾਨ ਅਤੇ ਪਾਪ ਦੀ ਭੇਟ ਨੂੰ ਤੂੰ ਨਾ ਚਾਹਿਆ
ਪਰ ਤੂੰ ਮੇਰੇ ਕੰਨ ਖੋਲ੍ਹ ਦਿੱਤੇ ਹਨ
ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦੀ ਤੈਨੂੰ ਲੋੜ ਨਹੀਂ ਹੈ।
7 ਫਿਰ ਮੈਂ ਆਖਿਆ, "ਮੈਂ ਇੱਥੇ ਹਾਂ, ਮੈਂ ਆ ਗਿਆ ਹਾਂ,
ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ।
8 ਹੇ ਮੇਰੇ ਪਰਮੇਸ਼ਵਰ, ਮੈਂ ਤੇਰੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ;
ਤੇਰੀ ਬਿਵਸਥਾ ਮੇਰੇ ਦਿਲ ਵਿੱਚ ਹੈ।"
9 ਮੈਂ ਮਹਾਂ-ਸਭਾ ਵਿੱਚ ਤੇਰੇ ਬਚਾਉਣ ਵਾਲੇ ਕੰਮਾਂ ਦਾ ਐਲਾਨ ਕਰਦਾ ਹਾਂ;
ਹੇ ਯਾਹਵੇਹ, ਜਿਵੇਂ ਤੂੰ ਜਾਣਦਾ ਹੈ,
ਮੈਂ ਆਪਣੇ ਬੁੱਲ੍ਹਾਂ ਨੂੰ ਬੰਦ ਨਹੀਂ ਰੱਖਦਾ।
10 ਮੈਂ ਤੇਰੀ ਧਾਰਮਿਕਤਾ ਨੂੰ ਆਪਣੇ ਦਿਲ ਵਿੱਚ ਨਹੀਂ ਛੁਪਾਉਂਦਾ;
ਮੈਂ ਤੇਰੀ ਵਫ਼ਾਦਾਰੀ ਅਤੇ ਤੇਰੇ ਬਚਾਉਣ ਵਾਲੀ ਸਹਾਇਤਾ ਬਾਰੇ ਗੱਲ ਕਰਦਾ ਹਾਂ।
ਮੈਂ ਤੇਰੇ ਪਿਆਰ ਅਤੇ ਤੇਰੀ ਵਫ਼ਾਦਾਰੀ ਨੂੰ ਵੱਡੀ ਸਭਾ ਤੋਂ
ਨਹੀਂ ਲੁਕਾਉਂਦਾ।
11 ਯਾਹਵੇਹ, ਆਪਣੀ ਰਹਿਮਤ ਨੂੰ ਮੇਰੇ ਤੋਂ ਨਾ ਰੋਕ;
ਤੇਰਾ ਪਿਆਰ ਅਤੇ ਵਫ਼ਾਦਾਰੀ ਹਮੇਸ਼ਾ ਮੇਰੀ ਰੱਖਿਆ ਕਰੇ।
12 ਅਣਗਿਣਤ ਮੁਸੀਬਤਾਂ ਨੇ ਮੈਨੂੰ ਘੇਰ ਲਿਆ;
ਮੇਰੇ ਪਾਪਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਮੈਂ ਵੇਖ ਨਹੀਂ ਸਕਦਾ।
ਉਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
ਅਤੇ ਮੇਰਾ ਦਿਲ ਟੁੱਟ ਗਿਆ ਹੈ।
13 ਹੇ ਯਾਹਵੇਹ, ਕਿਰਪਾ ਕਰਕੇ ਮੈਨੂੰ ਬਚਾ;
ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਜਲਦੀ ਆ।
14 ਉਹ ਸਾਰੇ ਜੋ ਮੇਰੀ ਜਾਨ ਲੈਣਾ ਚਾਹੁੰਦੇ ਹਨ
ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ;
ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ
ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।
15 ਉਹ ਸਾਰੇ ਜਿਹੜੇ ਮੈਨੂੰ ਆਖਣ, "ਆਹਾ! ਆਹਾ!"
ਉਹ ਆਪਣੀ ਹੀ ਸ਼ਰਮ ਨੂੰ ਵੇਖ ਕੇ ਘਬਰਾ ਜਾਣ।
16 ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ
ਤੇਰੇ ਵਿੱਚ ਖੁਸ਼ ਹੋਣ ਅਤੇ ਅਨੰਦ ਕਰਨ;
ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ,
"ਯਾਹਵੇਹ ਮਹਾਨ ਹੈ!"
17 ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ;
ਤਾਂ ਵੀ ਯਾਹਵੇਹ ਮੇਰੀ ਚਿੰਤਾਂ ਕਰਦਾ ਹੈ।
ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ।
ਤੂੰ ਮੇਰਾ ਪਰਮੇਸ਼ਵਰ ਹੈ, ਦੇਰ ਨਾ ਕਰ।