Publicidade

Salmos 36

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਜੋ ਯਾਹਵੇਹ ਦਾ ਸੇਵਕ ਹੈ।

1 ਮੇਰੇ ਮਨ ਵਿੱਚ ਪਰਮੇਸ਼ਵਰ ਵੱਲੋਂ

ਦੁਸ਼ਟਾਂ ਦੇ ਪਾਪਾਂ ਬਾਰੇ ਇੱਕ ਸੰਦੇਸ਼ ਹੈ:

ਉਹਨਾਂ ਦੀਆਂ ਅੱਖਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।

2 ਆਪਣੀਆਂ ਨਜ਼ਰਾਂ ਵਿੱਚ ਉਹ ਆਪਣੇ ਆਪ ਦੀ ਚਾਪਲੂਸੀ ਕਰਦੇ ਹਨ,

ਜਿਸ ਕਾਰਨ ਉਹ ਨਾ ਤੇ ਆਪਣਾ ਪਾਪ ਵੇਖ ਪਾਂਉਦੇ ਹਨ ਅਤੇ ਨਾ ਹੀ ਉਸ ਨਾਲ ਨਫ਼ਰਤ ਕਰ ਪਾਂਉਦੇ ਹਨ।

3 ਉਹਨਾਂ ਦੇ ਮੂੰਹ ਦੇ ਸ਼ਬਦ ਬੁਰਾਈ ਅਤੇ ਧੋਖੇਬਾਜ਼ੀ ਦੇ ਹਨ;

ਉਹ ਸਮਝਦਾਰੀ ਨਾਲ ਕੰਮ ਕਰਨ ਜਾਂ ਚੰਗੇ ਕੰਮ ਕਰਨ ਵਿੱਚ ਅਸਫ਼ਲ ਰਹਿੰਦੇ ਹਨ।

4 ਆਪਣੇ ਬਿਸਤਰੇ ਉੱਤੇ ਵੀ ਉਹ ਬੁਰਾਈ ਦੀ ਸਾਜ਼ਿਸ਼ ਰਚਦੇ ਹਨ;

ਉਹ ਆਪਣੇ ਆਪ ਨੂੰ ਇੱਕ ਪਾਪੀ ਰਾਹ ਲਈ ਸੌਂਪ ਦਿੰਦੇ ਹਨ

ਅਤੇ ਜੋ ਗਲਤ ਹੈ ਉਸਨੂੰ ਰੱਦ ਨਹੀਂ ਕਰਦੇ।

5 ਹੇ ਯਾਹਵੇਹ, ਤੇਰਾ ਪਿਆਰ ਸਵਰਗ ਤੱਕ ਪਹੁੰਚਦਾ ਹੈ,

ਤੇਰੀ ਵਫ਼ਾਦਾਰੀ ਅਕਾਸ਼ ਤੱਕ।

6 ਤੇਰੀ ਧਾਰਮਿਕਤਾ ਉੱਚੇ ਪਹਾੜਾਂ ਵਰਗੀ ਹੈ,

ਤੇਰਾ ਨਿਆਂ ਡੂੰਘਿਆਈਆਂ ਵਰਗਾ ਹੈ।

ਯਾਹਵੇਹ, ਤੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰਦਾ ਹੈ।

7 ਹੇ ਪਰਮੇਸ਼ਵਰ, ਤੇਰਾ ਅਟੱਲ ਪਿਆਰ ਕਿੰਨਾ ਅਨਮੋਲ ਹੈ!

ਲੋਕ ਤੇਰੇ ਖੰਭਾਂ ਦੇ ਪਰਛਾਵੇਂ ਵਿੱਚ ਪਨਾਹ ਲੈਂਦੇ ਹਨ।

8 ਉਹ ਤੇਰੇ ਘਰ ਦੀ ਬਹੁਤਾਤ ਉੱਤੇ ਦਾਵਤ ਕਰਦੇ ਹਨ;

ਤੂੰ ਉਹਨਾਂ ਨੂੰ ਆਪਣੇ ਅਨੰਦ ਦੀ ਨਦੀ ਵਿੱਚੋਂ ਪਿਲਾਉਂਦਾ ਹੈ।

9 ਕਿਉਂਕਿ ਤੇਰੇ ਨਾਲ ਜੀਵਨ ਦਾ ਚਸ਼ਮਾ ਹੈ;

ਤੇਰੀ ਰੋਸ਼ਨੀ ਵਿੱਚ ਅਸੀਂ ਰੋਸ਼ਨੀ ਦੇਖਦੇ ਹਾਂ।

10 ਜਿਹੜੇ ਤੈਨੂੰ ਜਾਣਦੇ ਹਨ ਉਹਨਾਂ ਨਾਲ ਆਪਣਾ ਪਿਆਰ ਜਾਰੀ ਰੱਖ,

ਆਪਣੀ ਧਾਰਮਿਕਤਾ ਸੱਚੇ ਦਿਲ ਵਾਲੇ ਲੋਕਾਂ ਉੱਤੇ ਵਧਾਈ ਜਾ।

11 ਹੰਕਾਰੀ ਦਾ ਪੈਰ ਮੇਰੇ ਵਿਰੁੱਧ ਨਾ ਆਵੇ,

ਨਾ ਹੀ ਦੁਸ਼ਟ ਦਾ ਹੱਥ ਮੈਨੂੰ ਦੂਰ ਭਜਾਵੇ।

12 ਵੇਖ, ਕੁਕਰਮੀ ਦਾ ਅੰਤ ਹੋ ਚੁੱਕਿਆ ਹੈ,

ਉਹ ਹੇਠਾਂ ਸੁੱਟੇ ਗਏ, ਹੁਣ ਉਹ ਉੱਠਣ ਦੇ ਯੋਗ ਨਹੀਂ ਹਨ!

Veja também

Publicidade
Bíblia Online Bíblia Online

Bíblia Online • Versão: 2026-06-16_18-40-07-