Publicidade

Salmos 33

1 ਹੇ ਧਰਮੀਓ, ਯਾਹਵੇਹ ਲਈ ਖੁਸ਼ੀ ਨਾਲ ਗਾਓ;

ਨੇਕ ਲੋਕਾਂ ਲਈ ਉਸਦੀ ਵਡਿਆਈ ਕਰਨੀ ਫੱਬਦੀ ਹੈ।

2 ਸਿਤਾਰ ਵਜਾ ਕੇ ਯਾਹਵੇਹ ਦੀ ਵਡਿਆਈ ਕਰੋ;

ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਉਸਦੀ ਉਸਤਤ ਗਾਓ।

3 ਉਸ ਲਈ ਇੱਕ ਨਵਾਂ ਗੀਤ ਗਾਓ;

ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।

4 ਕਿਉਂਕਿ ਯਾਹਵੇਹ ਦਾ ਬਚਨ ਸਹੀ ਅਤੇ ਸੱਚਾ ਹੈ;

ਉਹ ਹਰ ਕੰਮ ਵਿੱਚ ਵਫ਼ਾਦਾਰ ਹੈ।

5 ਯਾਹਵੇਹ ਧਾਰਮਿਕਤਾ ਅਤੇ ਨਿਆਂ ਨੂੰ ਪਿਆਰ ਕਰਦਾ ਹੈ;

ਧਰਤੀ ਉਸਦੇ ਅਟੁੱਟ ਪਿਆਰ ਨਾਲ ਭਰੀ ਹੋਈ ਹੈ।

6 ਯਾਹਵੇਹ ਦੇ ਬਚਨ ਨਾਲ ਸਵਰਗ ਰਚੇ ਗਏ,

ਉਹਨਾਂ ਦੀ ਸਾਰੀ ਰਚਨਾ ਉਸਦੇ ਮੂੰਹ ਦੇ ਸਾਹ ਨਾਲ ਕੀਤੀ ਗਈ।

7 ਉਹ ਸਮੁੰਦਰ ਦੇ ਪਾਣੀਆਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਦਾ ਹੈ;

ਉਹ ਡੂੰਘੇ ਸਮੁੰਦਰਾਂ ਨੂੰ ਭੰਡਾਰਾਂ ਵਿੱਚ ਰੱਖਦਾ ਹੈ।

8 ਹੇ ਸਾਰੀ ਧਰਤੀ ਯਾਹਵੇਹ ਤੋਂ ਡਰ;

ਦੁਨੀਆਂ ਦੇ ਸਾਰੇ ਲੋਕ ਉਸ ਦਾ ਆਦਰ ਕਰਨ।

9 ਕਿਉਂਕਿ ਜੋ ਉਸ ਨੇ ਬੋਲਿਆ, ਅਤੇ ਉਹ ਹੋ ਗਿਆ;

ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ।

10 ਯਾਹਵੇਹ ਕੌਮਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦਾ ਹੈ;

ਉਹ ਲੋਕਾਂ ਦੇ ਉਦੇਸ਼ਾਂ ਨੂੰ ਨਿਸ਼ਫਲ ਕਰਦਾ ਹੈ।

11 ਪਰ ਯਾਹਵੇਹ ਦੀਆਂ ਯੋਜਨਾਵਾਂ ਸਦਾ ਲਈ ਕਾਇਮ ਰਹਿੰਦੀਆਂ ਹਨ,

ਉਸ ਦੇ ਮਨ ਦੇ ਉਦੇਸ਼ ਪੀੜ੍ਹੀਓ ਪੀੜ੍ਹੀ ਬਣੇ ਰਹਿੰਦੇ ਹਨ।

12 ਧੰਨ ਹੈ ਉਹ ਕੌਮ ਜਿਸ ਦਾ ਪਰਮੇਸ਼ਵਰ ਯਾਹਵੇਹ ਹੈ,

ਉਹ ਲੋਕ ਜਿਨ੍ਹਾਂ ਨੂੰ ਉਸਨੇ ਆਪਣੀ ਵਿਰਾਸਤ ਲਈ ਚੁਣਿਆ ਹੈ।

13 ਸਵਰਗ ਤੋਂ ਯਾਹਵੇਹ ਹੇਠਾਂ ਵੇਖਦਾ ਹੈ

ਅਤੇ ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ;

14 ਉਹ ਆਪਣੇ ਨਿਵਾਸ ਸਥਾਨ ਤੋਂ

ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਨੂੰ ਵੇਖਦਾ ਹੈ

15 ਉਹ ਜੋ ਸਾਰਿਆਂ ਦੇ ਦਿਲਾਂ ਨੂੰ ਬਣਾਉਂਦਾ ਹੈ,

ਜੋ ਉਹਨਾਂ ਦੇ ਹਰ ਕੰਮ ਨੂੰ ਸਮਝਦਾ ਹੈ।

16 ਫੌਜ ਦੇ ਵਾਧੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ;

ਕੋਈ ਵੀ ਯੋਧਾ ਆਪਣੀ ਵੱਡੀ ਤਾਕਤ ਨਾਲ ਨਹੀਂ ਬਚਦਾ।

17 ਬਚਾਓ ਦੇ ਲਈ ਘੋੜਾ ਤਾਂ ਵਿਅਰਥ ਉਮੀਦ ਹੈ;

ਆਪਣੀ ਸਾਰੀ ਵੱਡੀ ਤਾਕਤ ਦੇ ਬਾਵਜੂਦ ਵੀ ਇਹ ਬਚਾ ਨਹੀਂ ਸਕਦਾ।

18 ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ,

ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,

19 ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇ

ਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।

20 ਅਸੀਂ ਯਾਹਵੇਹ ਦੀ ਉਮੀਦ ਵਿੱਚ ਉਡੀਕ ਕਰਦੇ ਹਾਂ;

ਉਹ ਸਾਡੀ ਸਹਾਇਤਾ ਅਤੇ ਸਾਡੀ ਢਾਲ ਹੈ।

21 ਉਸ ਵਿੱਚ ਸਾਡੇ ਮਨ ਅਨੰਦ ਕਰਦੇ ਹਨ,

ਕਿਉਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਦੇ ਹਾਂ।

22 ਹੇ ਯਾਹਵੇਹ ਤੁਹਾਡਾ ਅਟੁੱਟ ਪਿਆਰ ਸਾਡੇ ਨਾਲ ਹੋਵੇ,

ਜਿਵੇਂ ਅਸੀਂ ਤੁਹਾਡੇ ਵਿੱਚ ਆਸ ਰੱਖਦੇ ਹਾਂ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-