1 ਯਾਹਵੇਹ ਦੀ ਉਸਤਤ ਕਰੋ।
ਸਵਰਗ ਤੋਂ ਯਾਹਵੇਹ ਦੀ ਉਸਤਤ ਕਰੋ;
ਉੱਪਰਲੀਆਂ ਉਚਾਈਆਂ ਵਿੱਚ ਉਸਦੀ ਉਸਤਤ ਕਰੋ।
2 ਹੇ ਉਸਦੇ ਸਾਰੇ ਦੂਤੋਂ, ਉਸਦੀ ਉਸਤਤ ਕਰੋ।
ਹੇ ਸਵਰਗ ਦੀਆ ਸਾਰੀਆਂ ਸੈਨਾਂ ਉਸਦੀ ਉਸਤਤ ਕਰੋ।
3 ਸੂਰਜ ਅਤੇ ਚੰਦ, ਉਸਦੀ ਉਸਤਤ ਕਰੋ;
ਹੇ ਸਾਰੇ ਚਮਕਦੇ ਤਾਰੇ, ਉਸਦੀ ਉਸਤਤ ਕਰੋ।
4 ਹੇ ਸਭ ਤੋਂ ਉੱਚੇ ਅਕਾਸ਼
ਅਤੇ ਤੁਸੀਂ ਅਕਾਸ਼ਾਂ ਦੇ ਉੱਪਰਲੇ ਪਾਣੀਓ ਉਸਦੀ ਉਸਤਤ ਕਰੋ।
5 ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ,
ਕਿਉਂਕਿ ਉਹ ਉਸ ਦੇ ਹੁਕਮ ਨਾਲ ਬਣਾਏ ਗਏ ਸਨ,
6 ਅਤੇ ਉਸ ਨੇ ਉਨ੍ਹਾਂ ਨੂੰ ਸਦਾ ਲਈ ਕਾਇਮ ਕੀਤਾ,
ਉਸਨੇ ਇੱਕ ਹੁਕਮ ਜਾਰੀ ਕੀਤਾ ਜਿਹੜਾ ਸਦਾ ਅਟੱਲ ਹੈ।
7 ਹੇ ਮਹਾਨ ਸਮੁੰਦਰੀ ਜੀਵੋ ਅਤੇ ਸਮੁੰਦਰ ਦੀ
ਸਾਰੀਓ ਡੁੰਘਿਆਈਓ,
ਧਰਤੀ ਤੋਂ ਯਾਹਵੇਹ ਦੀ ਉਸਤਤ ਕਰੋ,
8 ਬਿਜਲੀ ਅਤੇ ਗੜੇ, ਬਰਫ਼ ਅਤੇ ਬੱਦਲ
ਤੂਫ਼ਾਨੀ ਹਵਾਵਾਂ ਜੋ ਉਸਦਾ ਹੁਕਮ ਪੂਰਾ ਕਰਦੀਆਂ ਹਨ।
9 ਹੇ ਪਹਾੜ ਅਤੇ ਸਾਰੇ ਪਰਬਤ,
ਫਲਦਾਰ ਰੁੱਖ ਅਤੇ ਸਾਰੇ ਦਿਆਰ,
10 ਜੰਗਲੀ ਜਾਨਵਰ ਅਤੇ ਸਾਰੇ ਡੰਗਰ,
ਛੋਟੇ ਜੀਵ ਅਤੇ ਉੱਡਦੇ ਪੰਛੀ,
11 ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ,
ਹੇ ਸਰਦਾਰੋ ਅਤੇ ਧਰਤੀ ਦੇ ਸਾਰੇ ਹਾਕਮੋ,
12 ਨੌਜਵਾਨ ਅਤੇ ਕੁਵਾਰੀਆਂ,
ਬੁੱਢੇ ਅਤੇ ਬੱਚੇ।
13 ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ,
ਕਿਉਂਕਿ ਸਿਰਫ ਉਸਦਾ ਨਾਮ ਮਹਾਨ ਹੈ।
ਉਹ ਦਾ ਪਰਤਾਪ ਧਰਤੀ ਅਤੇ ਅਕਾਸ਼ ਦੇ ਉੱਪਰ ਹੈ।
14 ਅਤੇ ਉਸ ਨੇ ਆਪਣੇ ਲੋਕਾਂ ਲਈ ਇੱਕ ਸਿੰਗ ਉੱਚਾ ਕੀਤਾ ਹੈ,
ਆਪਣੇ ਸਾਰੇ ਵਫ਼ਾਦਾਰ ਸੇਵਕਾਂ, ਇਸਰਾਏਲ ਦੇ ਲੋਕਾਂ ਦੀ ਉਸਤਤ ਲਈ, ਜੋ ਉਹ ਦੇ ਦਿਲ ਦੇ ਨੇੜੇ ਹਨ।
ਯਾਹਵੇਹ ਦੀ ਉਸਤਤ ਕਰੋ।