1 ਸਾਰੀ ਧਰਤੀ, ਪਰਮੇਸ਼ਵਰ ਲਈ ਜੈਕਾਰਾ ਗਜਾਓ!
2 ਉਸ ਦੇ ਨਾਮ ਦੀ ਮਹਿਮਾ ਗਾਓ;
ਉਸਦੀ ਮਹਿਮਾ ਦੀ ਉਸਤਤ ਕਰੋ।
3 ਪਰਮੇਸ਼ਵਰ ਨੂੰ ਆਖੋ, "ਤੇਰੇ ਕੰਮ ਕਿੰਨੇ ਸ਼ਾਨਦਾਰ ਹਨ!
ਤੇਰੀ ਸ਼ਕਤੀ ਇੰਨੀ ਮਹਾਨ ਹੈ
ਕਿ ਤੇਰੇ ਦੁਸ਼ਮਣ ਤੇਰੇ ਅੱਗੇ ਹਿਚਕ ਕੇ ਆਉਂਦੇ ਹਨ।
4 ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ;
ਉਹ ਤੇਰੀ ਮਹਿਮਾ ਗਾਉਂਦੇ ਹਨ,
ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।"
5 ਆਓ ਅਤੇ ਵੇਖੋ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ,
ਮਨੁੱਖਜਾਤੀ ਲਈ ਉਸਦੇ ਸ਼ਾਨਦਾਰ ਕੰਮ!
6 ਉਸ ਨੇ ਸਮੁੰਦਰ ਨੂੰ ਸੁੱਕੀ ਧਰਤੀ ਵਿੱਚ ਬਦਲ ਦਿੱਤਾ,
ਉਹ ਪੈਦਲ ਪਾਣੀਆਂ ਵਿੱਚੋਂ ਦੀ ਲੰਘੇ,
ਆਓ, ਅਸੀਂ ਉਸ ਵਿੱਚ ਅਨੰਦ ਕਰੀਏ।
7 ਉਹ ਆਪਣੀ ਸ਼ਕਤੀ ਨਾਲ ਸਦਾ ਲਈ ਰਾਜ ਕਰਦਾ ਹੈ,
ਉਸ ਦੀਆਂ ਅੱਖਾਂ ਕੌਮਾਂ ਨੂੰ ਵੇਖਦੀਆਂ ਹਨ,
ਬਗਾਵਤ ਕਰਨ ਵਾਲੇ ਉਸਦੇ ਵਿਰੁੱਧ ਸਿਰ ਨਾ ਚੁੱਕਣਗੇ।
8 ਹੇ ਸਾਰੇ ਲੋਕੋ, ਸਾਡੇ ਪਰਮੇਸ਼ਵਰ ਦੀ ਵਡਿਆਈ ਕਰੋ,
ਉਸਦੀ ਉਸਤਤ ਦੀ ਆਵਾਜ਼ ਸੁਣਾਈ ਦੇਵੇ;
9 ਉਸ ਨੇ ਸਾਡੀਆਂ ਜਾਨਾਂ ਦੀ ਰੱਖਿਆ ਕੀਤੀ ਹੈ
ਅਤੇ ਸਾਡੇ ਪੈਰ ਤਿਲਕਣ ਤੋਂ ਬਚਾਏ ਹਨ।
10 ਹੇ ਪਰਮੇਸ਼ਵਰ, ਤੂੰ ਸਾਨੂੰ ਪਰਖਿਆ;
ਤੁਸੀਂ ਸਾਨੂੰ ਚਾਂਦੀ ਵਾਂਗ ਸ਼ੁੱਧ ਕੀਤਾ ਹੈ।
11 ਤੁਸੀਂ ਸਾਨੂੰ ਕੈਦ ਵਿੱਚ ਲਿਆਇਆ
ਅਤੇ ਸਾਡੀ ਪਿੱਠ ਉੱਤੇ ਬੋਝ ਪਾ ਦਿੱਤਾ।
12 ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਤੇ ਚੜ੍ਹਾ ਦਿੱਤਾ;
ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ,
ਪਰ ਤੂੰ ਸਾਨੂੰ ਬਹੁਤਾਤ ਦੇ ਸਥਾਨ ਵਿੱਚ ਲੈ ਆਇਆ।
13 ਮੈਂ ਹੋਮ ਦੀਆਂ ਭੇਟਾਂ ਲੈ ਕੇ ਤੇਰੀ ਹੈਕਲ ਵਿੱਚ ਆਵਾਂਗਾ
ਅਤੇ ਤੇਰੇ ਅੱਗੇ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ,
14 ਮੇਰੇ ਬੁੱਲ੍ਹਾਂ ਨੇ ਸੁੱਖਣਾ ਸੁੱਖੀ ਅਤੇ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ
ਮੇਰਾ ਮੂੰਹ ਬੋਲਿਆ।
15 ਮੈਂ ਤੁਹਾਡੇ ਲਈ ਮੋਟੇ ਜਾਨਵਰ
ਅਤੇ ਭੇਡੂਆਂ ਦੀ ਭੇਟ ਚੜ੍ਹਾਵਾਂਗਾ;
ਮੈਂ ਬਲਦ ਅਤੇ ਬੱਕਰੀਆਂ ਚੜ੍ਹਾਵਾਂਗਾ।
16 ਆਓ ਅਤੇ ਸੁਣੋ, ਤੁਸੀਂ ਸਾਰੇ ਜਿਹੜੇ ਪਰਮੇਸ਼ਵਰ ਤੋਂ ਡਰਦੇ ਹੋ;
ਮੈਂ ਤੁਹਾਨੂੰ ਦੱਸਾਂ ਕਿ ਉਸਨੇ ਮੇਰੇ ਲਈ ਕੀ ਕੀਤਾ ਹੈ।
17 ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ;
ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।
18 ਜੇ ਮੈਂ ਆਪਣੇ ਦਿਲ ਵਿੱਚ ਪਾਪ ਰੱਖਦਾ,
ਤਾਂ ਯਾਹਵੇਹ ਨੇ ਮੇਰੀ ਸੁਣੀ ਨਾ ਹੁੰਦੀ;
19 ਪਰ ਪਰਮੇਸ਼ਵਰ ਨੇ ਜ਼ਰੂਰ ਸੁਣਿਆ ਹੈ
ਅਤੇ ਮੇਰੀ ਪ੍ਰਾਰਥਨਾ ਸੁਣੀ ਹੈ।
20 ਪਰਮੇਸ਼ਵਰ ਦੀ ਵਡਿਆਈ ਹੋਵੇ,
ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ
ਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!