1 ਹੇ ਪਰਮੇਸ਼ਵਰ, ਕੌਮਾਂ ਨੇ ਤੁਹਾਡੀ ਵਿਰਾਸਤ ਉੱਤੇ ਹਮਲਾ ਕੀਤਾ ਹੈ;
ਉਹਨਾਂ ਨੇ ਤੁਹਾਡੇ ਪਵਿੱਤਰ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ,
ਉਹਨਾਂ ਨੇ ਯੇਰੂਸ਼ਲੇਮ ਨੂੰ ਮਲਬੇ ਵਿੱਚ ਢਾਹ ਦਿੱਤਾ ਹੈ।
2 ਉਹਨਾਂ ਨੇ ਤੁਹਾਡੇ ਸੇਵਕਾਂ ਦੀਆਂ ਲੋਥਾਂ ਨੂੰ
ਅਕਾਸ਼ ਦੇ ਪੰਛੀਆਂ ਲਈ ਭੋਜਨ,
ਤੁਹਾਡੇ ਆਪਣੇ ਲੋਕਾਂ ਦਾ ਮਾਸ ਜੰਗਲੀ ਜਾਨਵਰਾਂ ਲਈ ਛੱਡ ਦਿੱਤਾ ਹੈ।
3 ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇ
ਲਹੂ ਪਾਣੀ ਵਾਂਗ ਵਹਾ ਦਿੱਤਾ ਹੈ,
ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।
4 ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ,
ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਖੌਲ ਅਤੇ ਹਾਸਾ ਬਣ ਗਏ ਹਾਂ।
5 ਹੇ ਯਾਹਵੇਹ, ਕਿੰਨਾ ਚਿਰ? ਕੀ ਤੂੰ ਹਮੇਸ਼ਾ ਗੁੱਸੇ ਰਹੇਗਾ?
ਤੇਰੀ ਅਣਖ ਅੱਗ ਵਾਂਗ ਕਦੋਂ ਤੱਕ ਬਲਦੀ ਰਹੇਗੀ?
6 ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਵਹਾ
ਜੋ ਤੁਹਾਨੂੰ ਨਹੀਂ ਮੰਨਦੀਆਂ,
ਉਨ੍ਹਾਂ ਰਾਜਾਂ ਉੱਤੇ
ਜੋ ਤੁਹਾਡਾ ਨਾਮ ਨਹੀਂ ਲੈਂਦੇ।
7 ਕਿਉਂ ਜੋ ਉਹਨਾਂ ਨੇ ਯਾਕੋਬ ਦੇ ਲੋਕਾਂ ਨੂੰ ਖਾ ਲਿਆ
ਅਤੇ ਉਹ ਦੇ ਦੇਸ਼ ਨੂੰ ਉਜਾੜ ਦਿੱਤਾ।
8 ਪਿਛਲੀਆਂ ਪੀੜ੍ਹੀਆਂ ਦੇ ਪਾਪ ਸਾਡੇ ਵਿਰੁੱਧ ਨਾ ਰੱਖੋ;
ਤੇਰੀ ਦਯਾ ਸਾਨੂੰ ਮਿਲਣ ਲਈ ਜਲਦੀ ਆਵੇ,
ਕਿਉਂਕਿ ਸਾਨੂੰ ਬਹੁਤ ਲੋੜ ਹੈ।
9 ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ,
ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ।
ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ,
ਆਪਣੇ ਨਾਮ ਦੀ ਖ਼ਾਤਰ।
10 ਕੌਮਾਂ ਕਿਉਂ ਆਖਣ,
"ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?"
ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾ
ਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।
11 ਕੈਦੀਆਂ ਦੇ ਹਾਉਂਕੇ ਤੁਹਾਡੇ ਸਾਹਮਣੇ ਆਉਣ;
ਆਪਣੀ ਤਾਕਤਵਰ ਬਾਂਹ ਨਾਲ ਮਰਨ ਵਾਲਿਆ ਲੋਕਾਂ ਦੀ ਰੱਖਿਆ ਕਰੋ।
12 ਹੇ ਯਾਹਵੇਹ, ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ,
ਉਹਨਾਂ ਦੀ ਨਿੰਦਿਆ ਸੱਤ ਗੁਣਾ ਉਹਨਾਂ ਦੀ ਝੋਲੀ ਵਿੱਚ ਪਾ।
13 ਤਦ ਅਸੀਂ ਤੁਹਾਡੀ ਪਰਜਾ, ਤੁਹਾਡੇ ਚਰਾਗਾਹ ਦੀਆਂ ਭੇਡਾਂ,
ਸਦਾ ਲਈ ਤੁਹਾਡੀ ਉਸਤਤ ਕਰਾਂਗੇ।
ਪੀੜ੍ਹੀ ਦਰ ਪੀੜ੍ਹੀ
ਅਸੀਂ ਤੁਹਾਡੀ ਉਸਤਤ ਦਾ ਪ੍ਰਚਾਰ ਕਰਾਂਗੇ।