Publicidade

Salmos 22

ਸੰਗੀਤ ਦੇ ਨਿਰਦੇਸ਼ਕ ਲਈ। "ਸਵੇਰ ਦੀ ਤ੍ਰੇਲ ਵਾਂਗ" ਦੀ ਧੁਨ ਤੇ ਅਧਾਰਿਤ। ਦਾਵੀਦ ਦਾ ਇੱਕ ਜ਼ਬੂਰ।

1 ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?

ਤੂੰ ਮੈਨੂੰ ਬਚਾਉਣ ਤੋਂ ਇੰਨਾ ਦੂਰ ਕਿਉਂ ਹੈ,

ਮੇਰੇ ਦੁੱਖ ਦੇ ਰੋਣ ਤੋਂ ਕਿਉਂ ਦੂਰ ਰਹਿੰਦਾ ਹੈ?

2 ਹੇ ਮੇਰੇ ਪਰਮੇਸ਼ਵਰ, ਮੈਂ ਦਿਨ ਨੂੰ ਪੁਕਾਰਦਾ ਹਾਂ, ਪਰ ਤੂੰ ਉੱਤਰ ਨਹੀਂ ਦਿੰਦਾ,

ਅਤੇ ਰਾਤ ਨੂੰ ਵੀ ਪੁਕਾਰਦਾ ਹਾਂ, ਪਰ ਮੈਨੂੰ ਚੈਨ ਨਹੀਂ ਮਿਲਦਾ।

3 ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ;

ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।

4 ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਰੱਖਿਆ;

ਉਹਨਾਂ ਨੇ ਭਰੋਸਾ ਕੀਤਾ ਅਤੇ ਤੂੰ ਉਹਨਾਂ ਨੂੰ ਛੁਡਾਇਆ।

5 ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਬਚਾਏ ਗਏ;

ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਸ਼ਰਮਿੰਦੇ ਨਾ ਹੋਏ।

6 ਪਰ ਮੈਂ ਇੱਕ ਕੀੜਾ ਹਾਂ, ਮੈਂ ਆਦਮੀ ਨਹੀਂ ਹਾਂ,

ਹਰ ਕਿਸੇ ਦੁਆਰਾ ਨਿੰਦਿਆਂ ਜਾਂਦਾ ਹਾਂ ਅਤੇ ਲੋਕਾਂ ਦੁਆਰਾ ਤੁੱਛ ਜਾਣਿਆ ਜਾਂਦਾ ਹੈ।

7 ਸਾਰੇ ਜੋ ਮੈਨੂੰ ਦੇਖਦੇ ਹਨ, ਮੇਰਾ ਮਜ਼ਾਕ ਉਡਾਉਂਦੇ ਹਨ;

ਉਹ ਸਿਰ ਹਿਲਾ ਕੇ, ਬੇਇੱਜ਼ਤੀ ਕਰਦੇ ਹਨ।

8 ਉਹ ਕਹਿੰਦੇ ਹਨ, "ਉਹ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ,

ਯਾਹਵੇਹ ਉਸ ਨੂੰ ਬਚਾਵੇ।

ਉਹ ਉਸ ਨੂੰ ਛੁਡਾਵੇ,

ਕਿਉਂਕਿ ਉਹ ਉਸ ਵਿੱਚ ਪ੍ਰਸੰਨ ਹੈ।"

9 ਫਿਰ ਵੀ ਤੂੰ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ;

ਤੂੰ ਮੈਨੂੰ ਮੇਰੀ ਮਾਂ ਦੀ ਛਾਤੀ ਉੱਤੇ ਵੀ ਭਰੋਸਾ ਦਵਾਇਆ

10 ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਸੁੱਟਿਆ ਹੈ;

ਮੇਰੀ ਮਾਂ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ।

11 ਮੈਥੋਂ ਦੂਰ ਨਾ ਹੋਈ,

ਕਿਉਂਕਿ ਮੁਸੀਬਤ ਨੇੜੇ ਹੈ

ਅਤੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।

12 ਕਈ ਬਲਦਾਂ ਨੇ ਮੈਨੂੰ ਘੇਰ ਲਿਆ ਹੈ;

ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ।

13 ਗਰਜਦੇ ਸ਼ੇਰ ਵਾਂਗੂੰ ਜਿਹੜੇ ਆਪਣੇ ਸ਼ਿਕਾਰ ਨੂੰ ਪਾੜਦੇ ਹਨ

ਆਪਣੇ ਮੂੰਹ ਮੇਰੇ ਵਿਰੁੱਧ ਖੋਲ੍ਹਦੇ ਹਨ।

14 ਮੈਂ ਪਾਣੀ ਵਾਂਗੂੰ ਵਹਾਇਆ ਗਿਆ ਹਾਂ,

ਅਤੇ ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਬਾਹਰ ਹੋ ਗਈਆਂ ਹਨ।

ਮੇਰਾ ਦਿਲ ਮੋਮ ਬਣ ਗਿਆ ਹੈ;

ਇਹ ਮੇਰੇ ਅੰਦਰ ਪਿਘਲ ਗਿਆ ਹੈ।

15 ਮੇਰਾ ਮੂੰਹ ਘੜੇ ਵਾਂਗ ਸੁੱਕ ਗਿਆ ਹੈ,

ਅਤੇ ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ;

ਤੂੰ ਮੈਨੂੰ ਮੌਤ ਦੀ ਮਿੱਟੀ ਵਿੱਚ ਪਾ ਦਿੱਤਾ।

16 ਕੁੱਤੇ ਮੈਨੂੰ ਘੇਰਦੇ ਹਨ,

ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ;

ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।

17 ਮੇਰੀਆਂ ਸਾਰੀਆਂ ਹੱਡੀਆ ਦਿਸਣ ਲੱਗ ਪਈਆ ਹਨ;

ਲੋਕ ਮੈਨੂੰ ਦੇਖਦੇ ਹਨ ਅਤੇ ਖੁਸ਼ ਹੁੰਦੇ ਹਨ।

18 ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ

ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।

19 ਹੇ ਯਾਹਵੇਹ ਪਰ ਤੂੰ, ਮੇਰੇ ਤੋਂ ਦੂਰ ਨਾ ਹੋਈ।

ਤੂੰ ਮੇਰੀ ਤਾਕਤ ਹੈ; ਮੇਰੀ ਮਦਦ ਕਰਨ ਲਈ ਜਲਦੀ ਆਓ।

20 ਮੈਨੂੰ ਤਲਵਾਰ ਤੋਂ ਬਚਾ,

ਮੇਰੀ ਕੀਮਤੀ ਜਾਨ ਕੁੱਤਿਆਂ ਦੇ ਵੱਸ ਤੋਂ ਛੁਡਾ।

21 ਮੈਨੂੰ ਸ਼ੇਰਾਂ ਦੇ ਮੂੰਹ ਤੋਂ ਬਚਾਓ;

ਮੈਨੂੰ ਜੰਗਲੀ ਬਲਦਾਂ ਦੇ ਸਿੰਗਾਂ ਤੋਂ ਬਚਾ।

22 ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ;

ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।

23 ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ!

ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ!

ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!

24 ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ;

ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ

ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।

25 ਤੇਰੇ ਵੱਲੋਂ ਮਹਾਨ ਸਭਾ ਵਿੱਚ ਮੇਰੀ ਉਸਤਤ ਦਾ ਵਿਸ਼ਾ ਆਉਂਦਾ ਹੈ;

ਤੇਰੇ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

26 ਗਰੀਬ ਖਾ ਕੇ ਰੱਜ ਜਾਣਗੇ;

ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹ ਉਸ ਦੀ ਉਸਤਤ ਕਰਨਗੇ,

ਤੁਹਾਡੇ ਦਿਲ ਸਦਾ ਜਿਉਂਦੇ ਰਹਿਣ!

27 ਧਰਤੀ ਦੀਆਂ ਸਾਰੀਆਂ ਕੌਮਾਂ ਯਾਹਵੇਹ ਨੂੰ ਯਾਦ ਕਰਨਗੇ ਅਤੇ ਉਸ ਵੱਲ ਮੁੜਨਗੇ, ਅਤੇ ਕੌਮਾਂ ਦੇ ਸਾਰੇ ਪਰਿਵਾਰ ਉਸ ਦੇ ਅੱਗੇ ਮੱਥਾ ਟੇਕਣਗੇ,

28 ਕਿਉਂਕਿ ਰਾਜ ਯਾਹਵੇਹ ਦਾ ਹੈ ਅਤੇ ਉਹ ਕੌਮਾਂ ਉੱਤੇ ਰਾਜ ਕਰਦਾ ਹੈ।

29 ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ;

ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ,

ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।

30 ਉੱਤਰਾਧਿਕਾਰੀ ਉਸ ਦੀ ਸੇਵਾ ਕਰਨਗੇ;

ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਹਵੇਹ ਬਾਰੇ ਦੱਸਿਆ ਜਾਵੇਗਾ।

31 ਉਹ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਨਗੇ,

ਇੱਕ ਅਣਜੰਮੇ ਲੋਕਾਂ ਨੂੰ ਐਲਾਨ ਕਰਨਗੇ:

ਉਸਨੇ ਇਹ ਕੀਤਾ ਹੈ!

Veja também

Publicidade
Bíblia Online Bíblia Online

Bíblia Online • Versão: 2026-06-16_18-40-07-