1 ਯਾਹਵੇਹ ਦੀ ਉਸਤਤ ਕਰੋ।
ਮੈਂ ਆਪਣੇ ਸਾਰੇ ਦਿਲ ਨਾਲ,
ਨੇਕ ਲੋਕਾਂ ਦੀ ਸਭਾ ਵਿੱਚ ਯਾਹਵੇਹ ਦੀ ਉਸਤਤ ਕਰਾਂਗਾ।
2 ਯਾਹਵੇਹ ਦੇ ਕੰਮ ਮਹਾਨ ਹਨ;
ਉਨ੍ਹਾਂ ਸਾਰਿਆਂ ਨੂੰ ਜੋ ਉਸ ਵਿੱਚ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।
3 ਉਹ ਦੇ ਕੰਮ ਪ੍ਰਤਾਪਵਾਨ ਅਤੇ ਸ਼ਾਨਦਾਰ ਹਨ,
ਅਤੇ ਉਹ ਦਾ ਧਰਮ ਸਦਾ ਕਾਇਮ ਰਹੇਗਾ।
4 ਉਸ ਨੇ ਆਪਣੇ ਅਚਰਜ ਕੰਮਾਂ ਨੂੰ ਯਾਦਗਾਰ ਬਣਾਇਆ ਹੈ।
ਯਾਹਵੇਹ ਮਿਹਰਬਾਨ ਅਤੇ ਦਿਆਲੂ ਹੈ।
5 ਉਹ ਆਪਣੇ ਡਰਨ ਵਾਲਿਆਂ ਨੂੰ ਭੋਜਨ ਦਿੰਦਾ ਹੈ,
ਉਹ ਆਪਣੇ ਨੇਮ ਨੂੰ ਸਦਾ ਲਈ ਯਾਦ ਰੱਖਦਾ ਹੈ।
6 ਉਸ ਨੇ ਆਪਣੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸ਼ਕਤੀ ਵਿਖਾਈ,
ਉਹਨਾਂ ਨੂੰ ਹੋਰਨਾਂ ਕੌਮਾਂ ਦੀਆਂ ਜ਼ਮੀਨਾਂ ਦਿੱਤੀਆਂ।
7 ਉਹ ਦੇ ਹੱਥਾਂ ਦੇ ਕੰਮ ਵਫ਼ਾਦਾਰ ਅਤੇ ਧਰਮੀ ਹਨ,
ਉਸਦੇ ਸਾਰੇ ਉਪਦੇਸ਼ ਭਰੋਸੇਯੋਗ ਹਨ।
8 ਉਹ ਸਦਾ ਅਤੇ ਸਦਾ ਲਈ ਕਾਇਮ ਹਨ,
ਜੋ ਵਫ਼ਾਦਾਰੀ ਅਤੇ ਨੇਕ ਦਿਲ ਨਾਲ ਕੀਤੇ ਗਏ ਹਨ।
9 ਉਸ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ;
ਉਸ ਨੇ ਆਪਣਾ ਨੇਮ ਸਦਾ ਲਈ ਠਹਿਰਾਇਆ
ਉਹ ਦਾ ਨਾਮ ਪਵਿੱਤਰ ਅਤੇ ਸ਼ਾਨਦਾਰ ਹੈ।
10 ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ;
ਸਾਰੇ ਜਿਹੜੇ ਉਸ ਦੇ ਉਪਦੇਸ਼ਾਂ ਨੂੰ ਮੰਨਦੇ ਹਨ ਚੰਗੀ ਸਮਝ ਰੱਖਦੇ ਹਨ।
ਉਸਦੀ ਉਸਤਤ ਸਦਾ ਤੱਕ ਬਣੀ ਰਹੇਗੀ।