1 ਹੇ ਯਾਹਵੇਹ, ਤੂੰ ਜੋ ਮੇਰੀ ਤਾਕਤ ਹੈ, ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ।
2 ਯਾਹਵੇਹ ਮੇਰੀ ਚੱਟਾਨ, ਮੇਰਾ ਛੁਡਾਉਣ ਵਾਲਾ ਹੈ ਅਤੇ ਮੇਰਾ ਮੁਕਤੀਦਾਤਾ ਹੈ;
ਮੇਰਾ ਪਰਮੇਸ਼ਵਰ ਮੇਰੀ ਚੱਟਾਨ ਹੈ, ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,
ਮੇਰੀ ਢਾਲ ਅਤੇ ਮੇਰੀ ਮੁਕਤੀ ਦਾ ਸਿੰਗ, ਅਤੇ ਮੇਰਾ ਗੜ੍ਹ ਹੈ।
3 ਮੈਂ ਯਾਹਵੇਹ ਨੂੰ ਪੁਕਾਰਿਆ, ਜੋ ਉਸਤਤ ਦੇ ਯੋਗ ਹੈ,
ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾਵਾਂਗਾ।
4 ਮੌਤ ਦੀਆਂ ਡੋਰੀਆਂ ਨੇ ਮੈਨੂੰ ਫਸਾ ਲਿਆ;
ਵਿਨਾਸ਼ ਦੇ ਹੜ੍ਹਾ ਨੇ ਮੈਨੂੰ ਡਰਾਇਆ।
5 ਕਬਰ ਦੀਆਂ ਰੱਸੀਆਂ ਮੇਰੇ ਦੁਆਲੇ ਹੋਈਆਂ ਹਨ;
ਮੌਤ ਦੇ ਫੰਦੇ ਮੇਰੇ ਚਾਰ-ਚੁਫੇਰੇ ਹਨ।
6 ਆਪਣੀ ਬਿਪਤਾ ਵਿੱਚ ਮੈਂ ਯਾਹਵੇਹ ਨੂੰ ਪੁਕਾਰਿਆ;
ਮੈਂ ਮਦਦ ਲਈ ਆਪਣੇ ਪਰਮੇਸ਼ਵਰ ਨੂੰ ਦੁਹਾਈ ਦਿੱਤੀ।
ਉਸ ਨੇ ਆਪਣੇ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ।
ਮੇਰੀ ਪੁਕਾਰ ਉਸ ਦੇ ਅੱਗੇ, ਸਗੋਂ ਉਸਦੇ ਕੰਨਾਂ ਤੱਕ ਪਹੁੰਚੀ।
7 ਧਰਤੀ ਕੰਬ ਗਈ ਅਤੇ ਥਰ-ਥਰਾਈ,
ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ;
ਉਹ ਕੰਬ ਗਈਆਂ ਕਿਉਂਕਿ ਉਹ ਗੁੱਸੇ ਵਿੱਚ ਸੀ।
8 ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਉੱਠਿਆ;
ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ,
ਉਸ ਵਿੱਚੋਂ ਬਲਦੇ ਕੋਲੇ ਨਿਕਲੇ।
9 ਉਸਨੇ ਸਵਰਗ ਨੂੰ ਝੁਕਾਇਆ ਅਤੇ ਹੇਠਾਂ ਉੱਤਰ ਆਇਆ;
ਅਤੇ ਉਸਦੇ ਪੈਰਾਂ ਹੇਠ ਕਾਲੇ ਬੱਦਲ ਸਨ।
10 ਉਹ ਕਰੂਬੀਆਂ ਉੱਤੇ ਸਵਾਰ ਹੋ ਕੇ ਉੱਡ ਗਿਆ;
ਉਹ ਪੌਣ ਦੇ ਖੰਭਾ ਉੱਤੇ ਵੇਖਿਆ ਗਿਆ।
11 ਉਸ ਨੇ ਹਨੇਰੇ ਨੂੰ ਆਪਣਾ ਢੱਕਣ, ਆਪਣੇ ਆਲੇ-ਦੁਆਲੇ ਨੂੰ ਆਪਣੀ ਛੱਤ ਬਣਾਇਆ ਹੈ,
ਅਕਾਸ਼ ਦੇ ਹਨੇਰੇ ਮੀਂਹ ਦੇ ਬੱਦਲਾਂ ਨੂੰ ਬਣਾਇਆ।
12 ਉਸ ਦੀ ਮੌਜੂਦਗੀ ਦੀ ਚਮਕ ਨਾਲ ਬੱਦਲ,
ਗੜੇ ਅਤੇ ਬਿਜਲੀ ਦੀਆਂ ਲਪਟਾਂ ਵੱਧ ਰਹੀਆਂ ਸਨ।
13 ਯਾਹਵੇਹ ਸਵਰਗ ਤੋਂ ਗਰਜਿਆ;
ਅੱਤ ਮਹਾਨ ਦੀ ਆਵਾਜ਼ ਗੂੰਜ ਉੱਠੀ।
14 ਉਸਨੇ ਆਪਣੇ ਤੀਰ ਚਲਾਏ ਅਤੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ,
ਬਿਜਲੀ ਦੀਆਂ ਵੱਡੀਆਂ ਲਿਸ਼ਕਾ ਨਾਲ ਉਸਨੇ ਉਹਨਾਂ ਨੂੰ ਉਲਝਾ ਦਿੱਤਾ।
15 ਹੇ ਯਾਹਵੇਹ, ਤੇਰੀ ਝਿੜਕ ਨਾਲ
ਅਤੇ ਤੇਰੇ ਨਾਸਾਂ ਵਿੱਚੋਂ ਸਾਹ ਦੇ ਝੋਕੇ ਦੇ ਕਾਰਨ
ਸਮੁੰਦਰ ਦੀਆਂ ਸਤਹ ਦਿੱਸਣ ਲੱਗ ਪਈਆਂ
ਅਤੇ ਧਰਤੀ ਦੀਆਂ ਨੀਹਾਂ ਖੁੱਲ ਗਈਆ ਹਨ।
16 ਉਸ ਨੇ ਸਵਰਗ ਤੋਂ ਆਪਣਾ ਹੱਥ ਵਧਾ ਕੇ ਮੈਨੂੰ ਫੜ ਲਿਆ;
ਉਸ ਨੇ ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢਿਆ।
17 ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਦੁਸ਼ਮਣ ਤੋਂ,
ਮੇਰੇ ਨਾਲ ਘਿਣ ਕਰਨ ਵਾਲੇ ਅਤੇ ਜੋ ਮੇਰੇ ਤੋਂ ਬਹੁਤ ਬਲਵਾਨ ਸਨ, ਮੈਨੂੰ ਉਹਨਾਂ ਤੋਂ ਛੁਡਾਇਆ।
18 ਉਨ੍ਹਾਂ ਨੇ ਮੇਰੀ ਬਿਪਤਾ ਦੇ ਦਿਨ ਮੇਰਾ ਸਾਹਮਣਾ ਕੀਤਾ,
ਪਰ ਯਾਹਵੇਹ ਮੇਰਾ ਸਹਾਰਾ ਸੀ।
19 ਉਸਨੇ ਮੈਨੂੰ ਇੱਕ ਵਿਸ਼ਾਲ ਜਗ੍ਹਾ ਵਿੱਚ ਪਹੁੰਚਾਇਆ;
ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ।
20 ਯਾਹਵੇਹ ਨੇ ਮੇਰੇ ਨਾਲ ਮੇਰੀ ਧਾਰਮਿਕਤਾ ਦੇ ਅਨੁਸਾਰ ਵਿਹਾਰ ਕੀਤਾ ਹੈ;
ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਉਸ ਨੇ ਮੈਨੂੰ ਇਨਾਮ ਦਿੱਤਾ ਹੈ।
21 ਕਿਉਂਕਿ ਮੈਂ ਯਾਹਵੇਹ ਦੇ ਮਾਰਗਾਂ ਦੀ ਪਾਲਣਾ ਕੀਤੀ ਹੈ;
ਮੈਂ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਹੋਣ ਦਾ ਦੋਸ਼ੀ ਨਹੀਂ ਹੋਇਆ।
22 ਉਸਦੇ ਸਾਰੇ ਕਾਨੂੰਨ ਮੇਰੇ ਸਾਹਮਣੇ ਹਨ;
ਮੈਂ ਉਹ ਦੇ ਹੁਕਮਾਂ ਤੋਂ ਮੂੰਹ ਨਹੀਂ ਮੋੜਿਆ।
23 ਮੈਂ ਉਸਦੇ ਅੱਗੇ ਨਿਰਦੋਸ਼ ਰਿਹਾ ਹਾਂ
ਅਤੇ ਆਪਣੇ ਆਪ ਨੂੰ ਪਾਪ ਤੋਂ ਬਚਾਇਆ ਹੈ।
24 ਯਾਹਵੇਹ ਨੇ ਮੈਨੂੰ ਮੇਰੀ ਧਾਰਮਿਕਤਾ ਦੇ ਅਨੁਸਾਰ,
ਅਤੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਫਲ ਦਿੱਤਾ ਹੈ।
25 ਵਫ਼ਾਦਾਰਾਂ ਲਈ ਤੂੰ ਆਪਣੇ ਆਪ ਨੂੰ ਵਫ਼ਾਦਾਰ ਦਿਖਾਉਂਦਾ ਹੈ,
ਨਿਰਦੋਸ਼ਾਂ ਮਨੁੱਖਾਂ ਲਈ ਤੂੰ ਆਪਣੇ ਆਪ ਨੂੰ ਨਿਰਦੋਸ਼ ਦਿਖਾਉਂਦਾ ਹੈ,
26 ਸ਼ੁੱਧ ਲੋਕਾਂ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਦਿਖਾਉਂਦਾ ਹੈ,
ਪਰ ਚਾਲਬਾਜ਼ਾਂ ਲਈ ਤੂੰ ਆਪਣੇ ਆਪ ਨੂੰ ਚਲਾਕ ਵਿਖਾਉਂਦਾ ਹੈ।
27 ਤੂੰ ਨਮਰ ਵਿਅਕਤੀ ਨੂੰ ਬਚਾਉਂਦਾ ਹੈ
ਪਰ ਜਿਨ੍ਹਾਂ ਦੀਆਂ ਅੱਖਾਂ ਹੰਕਾਰੀ ਹਨ ਉਹਨਾਂ ਨੂੰ ਨੀਵਾਂ ਕਰਦਾ ਹੈ।
28 ਹੇ ਯਾਹਵੇਹ, ਤੂੰ ਮੇਰਾ ਦੀਵਾ ਬਲਦਾ ਹੋਇਆ ਰੱਖ;
ਮੇਰੇ ਪਰਮੇਸ਼ਵਰ ਨੇ ਮੇਰੇ ਹਨੇਰੇ ਨੂੰ ਚਾਨਣ ਵਿੱਚ ਬਦਲ ਦਿੱਤਾ ਹੈ।
29 ਤੇਰੀ ਮਦਦ ਨਾਲ ਮੈਂ ਇੱਕ ਫੌਜ ਦੇ ਵਿਰੁੱਧ ਅੱਗੇ ਵਧ ਸਕਦਾ ਹਾਂ;
ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਇੱਕ ਕੰਧ ਨੂੰ ਟੱਪ ਸਕਦਾ ਹਾਂ।
30 ਜਿੱਥੋਂ ਤੱਕ ਪਰਮੇਸ਼ਵਰ ਦੀ ਗੱਲ ਹੈ, ਉਸਦਾ ਰਸਤਾ ਸੰਪੂਰਨ ਹੈ:
ਯਾਹਵੇਹ ਦਾ ਬਚਨ ਤਾਇਆ ਹੋਇਆ ਹੈ;
ਉਹ ਉਨ੍ਹਾਂ ਸਾਰਿਆਂ ਦੀ ਰੱਖਿਆ ਕਰਦਾ ਹੈ ਜੋ ਉਸ ਵਿੱਚ ਪਨਾਹ ਲੈਂਦੇ ਹਨ।
31 ਕਿਉਂਕਿ ਯਾਹਵੇਹ ਤੋਂ ਇਲਾਵਾ ਹੋਰ ਪਰਮੇਸ਼ਵਰ ਕੌਣ ਹੈ?
ਅਤੇ ਸਾਡੇ ਪਰਮੇਸ਼ਵਰ ਤੋਂ ਬਿਨਾ ਹੋਰ ਕਿਹੜੀ ਚੱਟਾਨ ਹੈ?
32 ਇਹ ਪਰਮੇਸ਼ਵਰ ਹੈ ਜੋ ਮੈਨੂੰ ਮਜ਼ਬੂਤ ਕਰਦਾ ਹੈ
ਅਤੇ ਉਹ ਮੇਰੇ ਰਾਹਾਂ ਨੂੰ ਸੁਰੱਖਿਅਤ ਰੱਖਦਾ ਹੈ।
33 ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ;
ਉਹ ਮੈਨੂੰ ਉਚਾਈਆਂ ਉੱਤੇ ਖੜ੍ਹਾ ਕਰਦਾ ਹੈ।
34 ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ;
ਕਿ ਮੇਰੀਆਂ ਬਾਹਾਂ ਪਿੱਤਲ ਦੇ ਧਣੁੱਖਾ ਨੂੰ ਮੋੜ ਸਕਦੀਆਂ ਹਨ।
35 ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ,
ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।
ਤੇਰੀ ਮਦਦ ਨੇ ਮੈਨੂੰ ਮਹਾਨ ਬਣਾਇਆ ਹੈ।
36 ਤੂੰ ਮੇਰੇ ਪੈਰਾਂ ਲਈ ਰਾਸਤਾ ਚੌੜਾ ਕਰਦਾ ਹੈ,
ਤਾਂ ਜੋ ਮੇਰੇ ਪੈਰ ਨਾ ਤਿਲਕਣ।
37 ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ;
ਮੈਂ ਉਦੋਂ ਤੱਕ ਪਿੱਛੇ ਨਹੀਂ ਹਟਿਆ ਜਦੋਂ ਤੱਕ ਉਹ ਨਾਸ ਨਾ ਹੋ ਗਏ।
38 ਮੈਂ ਉਨ੍ਹਾਂ ਨੂੰ ਕੁਚਲਿਆ ਤਾਂ ਜੋ ਉਹ ਉੱਠ ਨਾ ਸਕਣ;
ਉਹ ਮੇਰੇ ਪੈਰਾਂ ਹੇਠ ਡਿੱਗ ਪਏ।
39 ਤੂੰ ਯੁੱਧ ਲਈ ਮੈਨੂੰ ਬਲ ਦਿੱਤਾ;
ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਅੱਗੇ ਨੀਵਾਂ ਕੀਤਾ।
40 ਤੂੰ ਮੇਰੇ ਵੈਰੀਆਂ ਨੂੰ ਭਜਾਇਆ,
ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ।
41 ਉਨ੍ਹਾਂ ਨੇ ਮਦਦ ਲਈ ਦੁਹਾਈ ਦਿੱਤੀ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ
ਉਹਨਾਂ ਨੇ ਯਾਹਵੇਹ ਦੀ ਵੀ ਦੁਹਾਈ ਦਿੱਤੀ, ਪਰ ਉਸਨੇ ਜਵਾਬ ਨਹੀਂ ਦਿੱਤਾ।
42 ਮੈਂ ਉਨ੍ਹਾਂ ਨੂੰ ਹਵਾ ਦੀ ਧੂੜ ਵਾਂਗ ਹਰਾਇਆ;
ਮੈਂ ਉਨ੍ਹਾਂ ਨੂੰ ਗਲੀਆਂ ਵਿੱਚ ਚਿੱਕੜ ਵਾਂਗੂੰ ਮਿੱਧਿਆ।
43 ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਹੈ;
ਤੂੰ ਮੈਨੂੰ ਕੌਮਾਂ ਦਾ ਮੁਖੀ ਬਣਾਇਆ ਹੈ।
ਉਹ ਲੋਕ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ ਹੁਣ ਮੇਰੀ ਸੇਵਾ ਕਰਦੇ ਹਨ,
44 ਪਰਦੇਸੀ ਮੇਰੇ ਸਾਹਮਣੇ ਝੁਕਦੇ ਹਨ;
ਜਿਵੇਂ ਹੀ ਉਹ ਮੇਰੇ ਬਾਰੇ ਸੁਣਦੇ ਹਨ, ਉਹ ਮੇਰਾ ਕਹਿਣਾ ਮੰਨਦੇ ਹਨ।
45 ਉਹ ਸਾਰੇ ਦਿਲ ਹਾਰ ਜਾਂਦੇ ਹਨ;
ਉਹ ਆਪਣੇ ਗੜ੍ਹਾਂ ਤੋਂ ਕੰਬਦੇ ਹੋਏ ਆਉਂਦੇ ਹਨ।
46 ਯਾਹਵੇਹ ਜੀਉਂਦਾ ਹੈ! ਮੇਰੀ ਚੱਟਾਨ ਦੀ ਵਡਿਆਈ ਹੋਵੇ!
ਮੇਰਾ ਮੁਕਤੀਦਾਤਾ ਪਰਮੇਸ਼ਵਰ ਉੱਚਾ ਰਹੇ!
47 ਉਹ ਹੀ ਪਰਮੇਸ਼ਵਰ ਹੈ ਜੋ ਮੇਰਾ ਬਦਲਾ ਲੈਂਦਾ ਹੈ,
ਜੋ ਕੌਮਾਂ ਨੂੰ ਮੇਰੇ ਅਧੀਨ ਕਰ ਦਿੱਤਾ ਹੈ,
48 ਜੋ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਉਂਦਾ ਹੈ।
ਤੂੰ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਉੱਚਾ ਕੀਤਾ ਹੈ;
ਤੂੰ ਮੈਨੂੰ ਇੱਕ ਜ਼ਾਲਮ ਆਦਮੀ ਤੋਂ ਬਚਾਇਆ।
49 ਇਸ ਲਈ, ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।
50 ਉਹ ਆਪਣੇ ਰਾਜੇ ਨੂੰ ਵੱਡੀਆਂ ਜਿੱਤਾਂ ਦਿੰਦਾ ਹੈ;
ਉਹ ਆਪਣੇ ਮਸਹ ਕੀਤੇ ਹੋਏ ਉੱਤੇ,
ਅਰਥਾਤ ਦਾਵੀਦ ਅਤੇ ਉਸਦੀ ਅੰਸ ਉੱਤੇ ਸਦਾ ਤੱਕ ਕਿਰਪਾ ਕਰਦਾ ਹੈ।