1 ਯਾਹਵੇਹ ਦੀ ਉਸਤਤ ਕਰਨਾ,
ਅਤੇ ਹੇ ਅੱਤ ਮਹਾਨ ਤੇਰੇ ਨਾਮ ਦੇ ਲਈ ਗੀਤ ਗਾਉਣਾ ਭਲਾ ਹੈ,
2 ਸਵੇਰ ਨੂੰ ਤੁਹਾਡੇ ਪਿਆਰ ਦਾ,
ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,
3 ਅਤੇ ਦਸ ਤਾਰਾਂ ਵਾਲੇ ਗੀਤ ਦੇ ਸੰਗੀਤ ਨਾਲ
ਅਤੇ ਰਬਾਬ ਦੀ ਧੁਨ ਨਾਲ।
4 ਹੇ ਯਾਹਵੇਹ ਤੂੰ ਮੈਨੂੰ ਆਪਣੇ ਕੰਮਾਂ ਦੁਆਰਾ ਅਨੰਦ ਕਰਦਾ ਹੈ,
ਤੁਹਾਡੇ ਹੱਥਾਂ ਨੇ ਜੋ ਕੁਝ ਕੀਤਾ ਹੈ, ਮੈਂ ਖੁਸ਼ੀ ਵਿੱਚ ਗਾਉਂਦਾ ਹਾਂ।
5 ਹੇ ਯਾਹਵੇਹ ਤੇਰੇ ਕੰਮ ਕਿੰਨੇ ਮਹਾਨ ਹਨ,
ਤੁਹਾਡੇ ਵਿਚਾਰ ਕਿੰਨੇ ਡੂੰਘੇ ਹਨ!
6 ਬੇਸਮਝ ਲੋਕ ਨਹੀਂ ਜਾਣਦੇ,
ਮੂਰਖ ਨਹੀਂ ਸਮਝਦੇ,
7 ਕਿ ਭਾਵੇਂ ਦੁਸ਼ਟ ਘਾਹ ਵਾਂਗ ਉੱਗਦੇ ਹਨ
ਅਤੇ ਸਾਰੇ ਕੁਕਰਮੀ ਵਧਣ-ਫੁੱਲਣ,
ਉਹ ਸਦਾ ਲਈ ਨਾਸ ਹੋ ਜਾਣਗੇ।
8 ਪਰ ਹੇ ਯਾਹਵੇਹ, ਤੂੰ ਸਦਾ ਲਈ ਮਹਾਨ ਹੈ।
9 ਹੇ ਯਾਹਵੇਹ ਤੇਰੇ ਵੈਰੀ,
ਯਕੀਨਨ ਤੇਰੇ ਵੈਰੀ ਨਾਸ ਹੋ ਜਾਣਗੇ;
ਸਾਰੇ ਕੁਕਰਮੀ ਖਿੰਡ ਜਾਣਗੇ।
10 ਤੁਸੀਂ ਮੇਰੇ ਸਿੰਗ ਨੂੰ ਜੰਗਲੀ ਬਲਦ ਵਾਂਗ ਉੱਚਾ ਕੀਤਾ ਹੈ;
ਤਾਜ਼ਾ ਤੇਲ ਮੇਰੇ ਉੱਤੇ ਡੋਲ੍ਹਿਆ ਗਿਆ ਹੈ।
11 ਮੇਰੀਆਂ ਅੱਖਾਂ ਨੇ ਮੇਰੇ ਵਿਰੋਧੀਆਂ ਦੀ ਹਾਰ ਵੇਖੀ ਹੈ;
ਮੇਰੇ ਕੰਨਾਂ ਨੇ ਮੇਰੇ ਦੁਸ਼ਟ ਵੈਰੀਆਂ ਦੀ ਹਾਰ ਸੁਣ ਲਈ ਹੈ।
12 ਧਰਮੀ ਖਜ਼ੂਰ ਦੇ ਰੁੱਖ ਵਾਂਗੂੰ ਫਲਣਗੇ,
ਉਹ ਲਬਾਨੋਨ ਦੇ ਦਿਆਰ ਵਾਂਙੁ ਵਧਣਗੇ।
13 ਕਿਉਂਕਿ ਉਹ ਯਾਹਵੇਹ ਦੇ ਘਰ ਵਿੱਚ ਲਗਾਏ ਗਏ ਹਨ,
ਉਹ ਸਾਡੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਵਧਦੇ-ਫੁੱਲਦੇ ਹਨ।
14 ਉਹ ਬੁਢਾਪੇ ਵਿੱਚ ਵੀ ਫਲ ਦੇਣਗੇ,
ਉਹ ਤਾਜ਼ੇ ਅਤੇ ਹਰੇ ਰਹਿਣਗੇ,
15 ਇਹ ਐਲਾਨ ਕਰਦੇ ਹੋਏ, "ਯਾਹਵੇਹ ਸੱਚ ਹੈ;
ਉਹ ਮੇਰੀ ਚੱਟਾਨ ਹੈ ਅਤੇ ਉਸ ਵਿੱਚ ਕੋਈ ਬੁਰਾਈ ਨਹੀਂ ਹੈ।"