1 ਹੇ ਯਾਹਵੇਹ, ਮੈ ਤੇਰੀ ਵਡਿਆਈ ਕਰਾਂਗਾ,
ਕਿਉਂ ਜੋ ਤੁਸੀਂ ਮੈਨੂੰ ਡੂੰਘਾਈ ਵਿੱਚੋਂ ਬਾਹਰ ਕੱਢਿਆ
ਅਤੇ ਮੇਰੇ ਦੁਸ਼ਮਣਾਂ ਨੂੰ ਮੇਰੇ ਉੱਤੇ ਅਨੰਦ ਨਹੀਂ ਹੋਣ ਦਿੱਤਾ।
2 ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੈਂ ਤੈਨੂੰ ਮਦਦ ਲਈ ਪੁਕਾਰਿਆ,
ਅਤੇ ਤੂੰ ਮੈਨੂੰ ਚੰਗਾ ਕੀਤਾ।
3 ਯਾਹਵੇਹ, ਤੂੰ ਮੈਨੂੰ ਅਧਲੋਕ ਵਿੱਚੋਂ ਲਿਆਇਆ ਹੈ;
ਤੂੰ ਮੈਨੂੰ ਟੋਏ ਵਿੱਚ ਡਿੱਗਣ ਤੋਂ ਬਚਾਇਆ।
4 ਹੇ ਯਾਹਵੇਹ ਦੇ ਵਫ਼ਾਦਾਰ ਲੋਕੋ, ਉਸ ਦੇ ਗੁਣ ਗਾਓ;
ਉਸਦੇ ਪਵਿੱਤਰ ਨਾਮ ਦੀ ਵਡਿਆਈ ਕਰੋ।
5 ਕਿਉਂਕਿ ਉਸਦਾ ਕ੍ਰੋਧ ਇੱਕ ਪਲ ਹੀ ਰਹਿੰਦਾ ਹੈ,
ਪਰ ਉਸਦੀ ਕਿਰਪਾ ਉਮਰ ਭਰ ਲਈ ਰਹਿੰਦੀ ਹੈ।
ਰੋਣਾ ਤਾਂ ਰਾਤ ਤੀਕ ਠਹਿਰ ਸਕਦਾ ਹੈ,
ਪਰ ਅਨੰਦ ਸਵੇਰ ਨੂੰ ਆਉਂਦਾ ਹੈ।
6 ਜਦੋਂ ਮੈਂ ਸੁਰੱਖਿਅਤ ਮਹਿਸੂਸ ਕੀਤਾ, ਮੈਂ ਕਿਹਾ,
"ਮੈਂ ਕਦੇ ਵੀ ਨਹੀਂ ਡੋਲਾਂਗਾ।"
7 ਹੇ ਯਾਹਵੇਹ, ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ,
ਤੂੰ ਮੇਰੇ ਸ਼ਾਹੀ ਪਹਾੜ ਨੂੰ ਮਜ਼ਬੂਤ ਬਣਾਇਆ;
ਪਰ ਜਦੋਂ ਤੂੰ ਆਪਣਾ ਮੂੰਹ ਲੁਕਾਇਆ,
ਮੈਂ ਘਬਰਾ ਗਿਆ।
8 ਹੇ ਯਾਹਵੇਹ, ਮੈਂ ਤੈਨੂੰ ਪੁਕਾਰਿਆ;
ਮੈਂ ਯਾਹਵੇਹ ਅੱਗੇ ਦਯਾ ਲਈ ਬੇਨਤੀ ਕੀਤੀ:
9 "ਮੇਰੇ ਮਰਨ ਤੋਂ ਕੀ ਲਾਭ,
ਜੇ ਮੈਂ ਅਧਲੋਕ ਵਿੱਚ ਜਾਵਾਂ?
ਕੀ ਮਿੱਟੀ ਤੇਰੀ ਵਡਿਆਈ ਕਰੇਗੀ?
ਕੀ ਇਹ ਤੇਰੀ ਵਫ਼ਾਦਾਰੀ ਦਾ ਐਲਾਨ ਕਰੇਗਾ?
10 ਹੇ ਯਾਹਵੇਹ, ਸੁਣ ਅਤੇ ਮੇਰੇ ਉੱਤੇ ਕਿਰਪਾ ਕਰ;
ਯਾਹਵੇਹ, ਮੇਰਾ ਸਹਾਇਕ ਬਣ।"
11 ਤੂੰ ਮੇਰੇ ਵਿਰਲਾਪ ਨੂੰ ਨੱਚਣ ਵਿੱਚ ਬਦਲ ਦਿੱਤਾ;
ਤੂੰ ਮੇਰੇ ਤੱਪੜ ਲਾਹ ਕੇ ਮੈਨੂੰ ਅਨੰਦ ਦਾ ਕਮਰਬੰਦ ਪਹਿਨਾਇਆ,
12 ਤਾਂ ਜੋ ਮੇਰਾ ਦਿਲ ਤੇਰੀ ਮਹਿਮਾ ਗਾਵੇ ਅਤੇ ਚੁੱਪ ਨਾ ਰਹੇ।
ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਸਦਾ ਲਈ ਤੇਰੀ ਵਡਿਆਈ ਕਰਾਂਗਾ।