Publicidade

Salmos 31

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।

1 ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ;

ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ;

ਆਪਣੀ ਧਾਰਮਿਕਤਾ ਦੇ ਨਾਲ ਮੈਨੂੰ ਬਚਾ।

2 ਆਪਣਾ ਕੰਨ ਮੇਰੇ ਵੱਲ ਮੋੜ,

ਮੇਰੇ ਬਚਾਅ ਲਈ ਜਲਦੀ ਆ;

ਮੇਰੀ ਪਨਾਹ ਦੀ ਚੱਟਾਨ ਬਣ,

ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।

3 ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ,

ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।

4 ਮੈਨੂੰ ਉਸ ਜਾਲ ਤੋਂ ਬਚਾ ਜੋ ਮੇਰੇ ਲਈ ਵਿਛਾਇਆ ਗਿਆ ਹੈ,

ਕਿਉਂ ਜੋ ਤੂੰ ਮੇਰੀ ਪਨਾਹ ਹੈ।

5 ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ;

ਹੇ ਯਾਹਵੇਹ, ਮੇਰੇ ਵਫ਼ਾਦਾਰ ਪਰਮੇਸ਼ਵਰ, ਮੈਨੂੰ ਬਚਾ।

6 ਮੈਂ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਵਿਅਰਥ ਦੇਵਤਿਆਂ ਨੂੰ ਮੰਨਦੇ ਹਨ;

ਪਰ ਮੈ ਤਾਂ, ਯਾਹਵੇਹ ਉੱਤੇ ਹੀ ਭਰੋਸਾ ਰੱਖਦਾ ਹਾਂ।

7 ਮੈਂ ਤੇਰੇ ਪਿਆਰ ਵਿੱਚ ਖੁਸ਼ ਅਤੇ ਅਨੰਦ ਹੋਵਾਂਗਾ,

ਕਿਉਂ ਜੋ ਤੂੰ ਮੇਰੀ ਬਿਪਤਾ ਨੂੰ ਵੇਖਿਆ

ਅਤੇ ਮੇਰੀ ਆਤਮਾ ਦੇ ਦੁੱਖ ਨੂੰ ਜਾਣਿਆ।

8 ਤੂੰ ਮੈਨੂੰ ਵੈਰੀਆਂ ਦੇ ਹੱਥਾਂ ਵਿੱਚ ਨਹੀਂ ਸੌਂਪਿਆ,

ਪਰ ਮੇਰੇ ਪੈਰ ਇੱਕ ਵਿਸ਼ਾਲ ਥਾਂ ਉੱਤੇ ਰੱਖੇ ਹਨ।

9 ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਦੁੱਖੀ ਹਾਂ;

ਮੇਰੀਆਂ ਅੱਖਾਂ ਦੁੱਖ ਨਾਲ ਕਮਜ਼ੋਰ ਹੋ ਗਈਆਂ ਹਨ,

ਮੇਰੀ ਆਤਮਾ ਅਤੇ ਸਰੀਰ ਸੋਗ ਵਿੱਚ ਹਨ।

10 ਦੁੱਖਾਂ ਵਿੱਚ ਮੇਰਾ ਜੀਵਨ ਮੁਕਦਾ ਜਾ ਰਿਹਾ ਹੈ

ਅਤੇ ਹੌਂਕੇ ਭਰਦੇ ਹੋਏ ਮੇਰੇ ਸਾਲ ਲੰਘ ਰਹੇ ਹਨ।

ਮੇਰੇ ਪਾਪ ਦੇ ਕਾਰਨ ਮੇਰੀ ਤਾਕਤ ਖਤਮ ਹੁੰਦੀ ਜਾਂਦੀ ਹੈ,

ਅਤੇ ਮੇਰੀਆਂ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ।

11 ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ,

ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ,

ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ,

ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।

12 ਮੈਂ ਮਰੇ ਹੋਇਆ ਵਾਂਗੂੰ ਭੁੱਲਾ ਦਿੱਤਾ ਗਿਆ ਹਾਂ;

ਮੈਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਵਰਗਾ ਹੋ ਗਿਆ ਹਾਂ।

13 ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ,

"ਹਰ ਪਾਸੇ ਦਹਿਸ਼ਤ!"

ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ

ਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।

14 ਹੇ ਯਾਹਵੇਹ, ਪਰ ਮੈਨੂੰ ਤੇਰੇ ਉੱਤੇ ਭਰੋਸਾ ਹੈ;

ਮੈਂ ਆਖਦਾ ਹਾਂ, "ਤੂੰ ਮੇਰਾ ਪਰਮੇਸ਼ਵਰ ਹੈ।"

15 ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ;

ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ,

ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।

16 ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ;

ਮੈਨੂੰ ਆਪਣੇ ਅਟੁੱਟ ਪਿਆਰ ਦੇ ਕਾਰਨ ਬਚਾ ਲੈ।

17 ਯਾਹਵੇਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ,

ਕਿਉਂਕਿ ਮੈਂ ਤੈਨੂੰ ਪੁਕਾਰਿਆ ਹੈ;

ਪਰ ਦੁਸ਼ਟ ਨੂੰ ਸ਼ਰਮਿੰਦਾ ਹੋਣ ਦੇ

ਤਾਂ ਜੋ ਅਧਲੋਕ ਵਿੱਚ ਚਲੇ ਜਾਣ।

18 ਉਹਨਾਂ ਦੇ ਝੂਠ ਬੋਲਣ ਵਾਲੇ ਬੁੱਲ੍ਹਾਂ ਨੂੰ ਚੁੱਪ ਕਰਾ,

ਕਿਉਂ ਜੋ ਉਹ ਹੰਕਾਰ ਅਤੇ ਨਫ਼ਰਤ ਨਾਲ

ਧਰਮੀਆਂ ਦੇ ਵਿਰੁੱਧ ਬੋਲਦੇ ਹਨ।

19 ਤੇਰੀ ਭਲਿਆਈ ਕਿੰਨੀ ਵੱਡੀ ਹੈ

ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ,

ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ,

ਜੋ ਤੇਰੀ ਪਨਾਹ ਲੈਂਦੇ ਹਨ।

20 ਆਪਣੀ ਹਜ਼ੂਰੀ ਦੀ ਸ਼ਰਨ ਵਿੱਚ ਤੂੰ ਉਹਨਾਂ ਨੂੰ ਮਨੁੱਖ ਦੀ ਸਾਰੀ ਸਾਜ਼ਿਸ਼ਾਂ ਤੋਂ ਲੁਕਾਉਂਦਾ ਹੈ;

ਤੂੰ ਉਹਨਾਂ ਨੂੰ ਆਪਣੇ ਨਿਵਾਸ ਵਿੱਚ ਉਹਨਾਂ ਦੋਸ਼ ਲਗਾਉਣ ਵਾਲੀ ਜੀਭਾਂ ਤੋਂ

ਸੁਰੱਖਿਅਤ ਰੱਖਦਾ ਹੈ।

21 ਯਾਹਵੇਹ ਦੀ ਵਡਿਆਈ ਹੋਵੇ,

ਕਿਉਂਕਿ ਉਸਨੇ ਮੈਨੂੰ ਆਪਣਾ ਅਚੰਭਾ ਪਿਆਰ ਦਿਖਾਇਆ ਹੈ।

ਜਦੋਂ ਮੈਂ ਇੱਕ ਘੇਰੇ ਹੋਏ ਸ਼ਹਿਰ ਵਿੱਚ ਸਾਂ।

22 ਮੇਰੀ ਚੇਤਾਵਨੀ ਦੀ ਘੜੀ ਵਿੱਚ ਮੈਂ ਕਿਹਾ,

"ਮੈਂ ਤੇਰੀ ਨਜ਼ਰ ਤੋਂ ਕੱਟਿਆ ਗਿਆ ਹਾਂ!"

ਤਾਂ ਵੀ ਤੂੰ ਮੇਰੀ ਦਯਾ ਦੀ ਦੁਹਾਈ ਸੁਣੀ

ਜਦੋਂ ਮੈਂ ਤੇਰੀ ਮਦਦ ਲਈ ਪੁਕਾਰਿਆ।

23 ਯਾਹਵੇਹ ਦੇ ਸਾਰੇ ਵਫ਼ਾਦਾਰ ਲੋਕੋ, ਉਸਨੂੰ ਪਿਆਰ ਕਰੋ!

ਯਾਹਵੇਹ ਉਹਨਾਂ ਦੀ ਰੱਖਿਆ ਕਰਦਾ ਹੈ ਜੋ ਉਸ ਨਾਲ ਸੱਚੇ ਹਨ,

ਪਰ ਹੰਕਾਰ ਦਾ ਉਹ ਪੂਰਾ ਮੋੜ ਦਿੰਦਾ ਹੈ।

24 ਤੁਸੀਂ ਸਾਰੇ ਜੋ ਯਾਹਵੇਹ ਵਿੱਚ ਆਸ ਰੱਖਦੇ ਹੋ,

ਤਕੜੇ ਹੋਵੋ ਅਤੇ ਤੁਹਾਡਾ ਦਿਲ ਦਲੇਰ ਹੋਵੇ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-