1 ਉਹਨਾਂ ਦੇ ਕਾਰਨ ਨਾ ਘਬਰਾਓ ਜੋ ਬੁਰੇ ਹਨ
ਜਾਂ ਗਲਤ ਕੰਮ ਕਰਨ ਵਾਲਿਆਂ ਤੋਂ ਈਰਖਾ ਨਾ ਕਰੋ।
2 ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ,
ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।
3 ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ;
ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।
4 ਯਾਹਵੇਹ ਵਿੱਚ ਅਨੰਦ ਮਾਣੋ,
ਤਾਂ ਉਹ ਤੁਹਾਡੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।
5 ਆਪਣੇ ਰਸਤੇ ਯਾਹਵੇਹ ਨੂੰ ਸੌਂਪ ਦਿਓ;
ਉਸ ਉੱਤੇ ਭਰੋਸਾ ਰੱਖੋ ਅਤੇ ਉਹ ਪੂਰਿਆ ਕਰੇਗਾ:
6 ਉਹ ਤੇਰੇ ਧਰਮ ਨੂੰ ਸਵੇਰ ਵਾਂਗੂੰ ਚਮਕਾਏਗਾ,
ਤੁਹਾਡੇ ਨਿਆਂ ਨੂੰ ਦੁਪਹਿਰ ਦੇ ਸੂਰਜ ਵਾਂਗੂੰ ਚਮਕਾਏਗਾ।
7 ਯਾਹਵੇਹ ਦੇ ਅੱਗੇ ਸਥਿਰ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ;
ਜਦੋਂ ਲੋਕ ਆਪਣੇ ਰਾਹਾਂ ਵਿੱਚ ਕਾਮਯਾਬ ਹੋ ਜਾਂਦੇ ਹਨ,
ਜਦੋਂ ਉਹ ਆਪਣੀਆਂ ਦੁਸ਼ਟ ਯੋਜਨਾਵਾਂ ਨੂੰ ਪੂਰਾ ਕਰਦੇ ਹਨ ਤਾਂ ਨਾ ਘਬਰਾਓ।
8 ਗੁੱਸੇ ਨੂੰ ਛੱਡੋ ਅਤੇ ਕ੍ਰੋਧ ਤੋਂ ਮੁੜੋ;
ਘਬਰਾਓ ਨਾ—ਇਹ ਸਿਰਫ ਬੁਰਾਈ ਵੱਲ ਲੈ ਜਾਂਦਾ ਹੈ।
9 ਕਿਉਂਕਿ ਜਿਹੜੇ ਦੁਸ਼ਟ ਹਨ, ਉਹ ਤਬਾਹ ਹੋ ਜਾਣਗੇ,
ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ, ਉਹ ਧਰਤੀ ਦੇ ਵਾਰਸ ਹੋਣਗੇ।
10 ਥੋੜਾ ਸਮਾਂ ਬਾਕੀ ਹੈ ਫਿਰ ਦੁਸ਼ਟ ਨਾ ਰਹਿਣਗੇ;
ਭਾਵੇਂ ਤੁਸੀਂ ਉਹਨਾਂ ਨੂੰ ਲੱਭਦੇ ਹੋ, ਉਹ ਨਹੀਂ ਮਿਲਣਗੇ।
11 ਪਰ ਨਿਮਰ ਲੋਕ ਧਰਤੀ ਦੇ ਵਾਰਸ ਹੋਣਗੇ
ਅਤੇ ਸ਼ਾਂਤੀ ਤੇ ਖੁਸ਼ਹਾਲੀ ਦਾ ਆਨੰਦ ਮਾਣਨਗੇ।
12 ਦੁਸ਼ਟ ਧਰਮੀਆਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ
ਅਤੇ ਉਹਨਾਂ ਉੱਤੇ ਦੰਦ ਪੀਸਦੇ ਹਨ।
13 ਪਰ ਯਾਹਵੇਹ ਦੁਸ਼ਟਾਂ ਉੱਤੇ ਹੱਸਦਾ ਹੈ,
ਕਿਉਂਕਿ ਉਹ ਜਾਣਦਾ ਹੈ ਕਿ ਨਿਆਂ ਦਾ ਦਿਨ ਆਉਣ ਵਾਲਾ ਹੈ।
14 ਦੁਸ਼ਟ ਤਲਵਾਰ ਖਿੱਚਦੇ ਹਨ
ਅਤੇ ਧਨੁੱਖ ਨੂੰ ਝੁਕਾਉਂਦੇ ਹਨ
ਗਰੀਬਾਂ ਅਤੇ ਲੋੜਵੰਦਾਂ ਨੂੰ ਹੇਠਾਂ ਲਿਆਉਣ ਲਈ,
ਉਹਨਾਂ ਨੂੰ ਮਾਰਨ ਲਈ ਜਿਨ੍ਹਾਂ ਦੇ ਰਾਹ ਸਿੱਧੇ ਹਨ।
15 ਪਰ ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਆਪਣੇ ਦਿਲਾਂ ਨੂੰ ਵਿੰਨ੍ਹਣਗੀਆਂ,
ਅਤੇ ਉਹਨਾਂ ਦੇ ਧਣੁੱਖ ਟੁੱਟ ਜਾਣਗੇ।
16 ਬਹੁਤ ਸਾਰੇ ਦੁਸ਼ਟਾਂ ਦੀ ਦੌਲਤ ਨਾਲੋਂ
ਧਰਮੀ ਕੋਲ ਥੋੜਾ ਜਿਹਾ ਹੋਣਾ ਚੰਗਾ ਹੈ।
17 ਕਿਉਂਕਿ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ,
ਪਰ ਯਾਹਵੇਹ ਧਰਮੀ ਨੂੰ ਸੰਭਾਲਦਾ ਹੈ।
18 ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ,
ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।
19 ਬਿਪਤਾ ਦੇ ਸਮੇਂ ਉਹ ਸ਼ਰਮਿੰਦਾ ਨਹੀਂ ਹੋਣਗੇ;
ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ।
20 ਪਰ ਦੁਸ਼ਟ ਨਾਸ ਹੋ ਜਾਣਗੇ:
ਭਾਵੇਂ ਯਾਹਵੇਹ ਦੇ ਦੁਸ਼ਮਣ ਖੇਤ ਦੇ ਫੁੱਲਾਂ ਵਰਗੇ ਹਨ,
ਉਹ ਮਿਟ ਜਾਣਗੇ, ਸਗੋਂ ਧੂੰਏਂ ਦੇ ਸਮਾਨ ਉੱਡ ਜਾਣਗੇ।
21 ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ,
ਪਰ ਧਰਮੀ ਖੁੱਲ੍ਹੇ ਦਿਲ ਨਾਲ ਦਿੰਦਾ ਹੈ;
22 ਜਿਨ੍ਹਾਂ ਨੂੰ ਯਾਹਵੇਹ ਅਸੀਸ ਦਿੰਦਾ ਹੈ ਉਹ ਧਰਤੀ ਦੇ ਵਾਰਸ ਹੋਣਗੇ,
ਪਰ ਜਿਨ੍ਹਾਂ ਨੂੰ ਉਹ ਸਰਾਪ ਦਿੰਦਾ ਹੈ ਤਬਾਹ ਹੋ ਜਾਣਗੇ।
23 ਯਾਹਵੇਹ ਉਸ ਦੇ ਕਦਮਾਂ ਨੂੰ ਮਜ਼ਬੂਤ ਕਰਦਾ ਹੈ
ਜੋ ਉਸ ਵਿੱਚ ਪ੍ਰਸੰਨ ਹੁੰਦਾ ਹੈ;
24 ਭਾਵੇਂ ਉਹ ਠੋਕਰ ਖਾਵੇ, ਉਹ ਡਿੱਗੇਗਾ ਨਹੀਂ,
ਕਿਉਂਕਿ ਯਾਹਵੇਹ ਆਪਣੇ ਹੱਥ ਨਾਲ ਉਹ ਨੂੰ ਸੰਭਾਲਦਾ ਹੈ।
25 ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ,
ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ
ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।
26 ਉਹ ਸਾਰਾ ਦਿਨ ਦਯਾ ਕਰਦਾ ਅਤੇ ਖੁੱਲ੍ਹ ਕੇ ਦਾਨ ਦਿੰਦਾ ਹੈ;
ਉਸ ਦੀ ਅੰਸ ਮੁਬਾਰਕ ਹੋਵੇਗੀ।
27 ਬੁਰਾਈ ਤੋਂ ਮੁੜੋ ਅਤੇ ਭਲਿਆਈ ਕਰੋ;
ਤਾਂ ਤੁਸੀਂ ਸਦਾ ਲਈ ਧਰਤੀ ਵਿੱਚ ਵੱਸੋਂਗੇ।
28 ਕਿਉਂਕਿ ਯਾਹਵੇਹ ਧਰਮੀ ਨੂੰ ਪਿਆਰ ਕਰਦਾ ਹੈ
ਅਤੇ ਆਪਣੇ ਵਫ਼ਾਦਾਰਾਂ ਨੂੰ ਨਹੀਂ ਤਿਆਗਦਾ।
ਗਲਤ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ;
ਦੁਸ਼ਟਾਂ ਦੀ ਅੰਸ ਨਾਸ ਹੋ ਜਾਵੇਗੀ।
29 ਧਰਮੀ ਧਰਤੀ ਦੇ ਵਾਰਸ ਹੋਣਗੇ
ਅਤੇ ਸਦਾ ਲਈ ਉਸ ਉੱਤੇ ਵੱਸਣਗੇ।
30 ਧਰਮੀ ਆਪਣੇ ਮੂੰਹ ਨਾਲ ਬੁੱਧ ਦੀ ਗੱਲ ਕਰਦੇ ਹਨ,
ਅਤੇ ਉਹਨਾਂ ਦੀਆਂ ਜੀਭਾਂ ਧਰਮੀ ਗੱਲਾਂ ਬੋਲਦੀਆਂ ਹਨ।
31 ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਪਰਮੇਸ਼ਵਰ ਦੀ ਬਿਵਸਥਾ ਹੈ;
ਉਹਨਾਂ ਦੇ ਪੈਰ ਤਿਲਕਦੇ ਨਹੀਂ।
32 ਦੁਸ਼ਟ, ਧਰਮੀ ਨੂੰ ਮਾਰਨ ਦੇ ਇਰਾਦੇ ਨਾਲ
ਉਸਦੀ ਉਡੀਕ ਵਿੱਚ ਪਏ ਰਹਿੰਦੇ ਹਨ,
33 ਪਰ ਯਾਹਵੇਹ ਉਹਨਾਂ ਨੂੰ ਦੁਸ਼ਟਾਂ ਦੇ ਵੱਸ ਵਿੱਚ ਨਹੀਂ ਛੱਡੇਗਾ
ਅਤੇ ਨਾ ਹੀ ਮੁਕੱਦਮੇ ਵਿੱਚ ਲਿਆਉਣ ਵੇਲੇ ਉਹਨਾਂ ਨੂੰ ਦੋਸ਼ੀ ਠਹਿਰਾਵੇਗਾ।
34 ਯਾਹਵੇਹ ਵਿੱਚ ਆਸ ਰੱਖੋ
ਅਤੇ ਉਸ ਦੇ ਰਾਹ ਦੀ ਪਾਲਣਾ ਕਰ।
ਉਹ ਤੁਹਾਨੂੰ ਧਰਤੀ ਦੇ ਵਾਰਸ ਬਣਨ ਲਈ ਉੱਚਾ ਕਰੇਗਾ;
ਜਦੋਂ ਦੁਸ਼ਟਾਂ ਦਾ ਨਾਸ ਹੋ ਜਾਵੇਗਾ, ਤੁਸੀਂ ਇਸਨੂੰ ਵੇਖੋਂਗੇ।
35 ਮੈਂ ਇੱਕ ਦੁਸ਼ਟ ਅਤੇ ਬੇਰਹਿਮ ਆਦਮੀ ਨੂੰ
ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਵੇਖਿਆ,
36 ਪਰ ਉਹ ਜਲਦੀ ਹੀ ਮਰ ਗਿਆ ਅਤੇ ਉਹ ਨਹੀਂ ਰਿਹਾ।
ਭਾਵੇਂ ਮੈਂ ਉਹ ਨੂੰ ਲੱਭਿਆ ਪਰ ਉਹ ਨਾ ਮਿਲਿਆ।
37 ਨਿਰਦੋਸ਼ ਮਨੁੱਖ ਵੱਲ ਵੇਖ, ਅਤੇ ਸਿੱਧੇ ਮਨੁੱਖ ਵੱਲ ਤੱਕ;
ਭਵਿੱਖ ਉਹਨਾਂ ਦੀ ਉਡੀਕ ਕਰ ਰਿਹਾ ਹੈ ਜੋ ਸ਼ਾਂਤੀ ਚਾਹੁੰਦੇ ਹਨ।
38 ਪਰ ਸਾਰੇ ਪਾਪੀ ਤਬਾਹ ਹੋ ਜਾਣਗੇ;
ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ।
39 ਧਰਮੀ ਦੀ ਮੁਕਤੀ ਤਾਂ ਯਾਹਵੇਹ ਤੋਂ ਆਉਂਦੀ ਹੈ;
ਉਹ ਮੁਸੀਬਤ ਦੇ ਸਮੇਂ ਉਹਨਾਂ ਦਾ ਗੜ੍ਹ ਹੈ।
40 ਯਾਹਵੇਹ ਉਹਨਾਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਛੁਡਾਉਂਦਾ ਹੈ;
ਉਹ ਉਹਨਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ,
ਕਿਉਂਕਿ ਉਹ ਉਸ ਵਿੱਚ ਪਨਾਹ ਲੈਂਦੇ ਹਨ।