Publicidade

Salmos 27

ਦਾਵੀਦ ਦੀ ਰਚਨਾ।

1 ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ;

ਮੈਂ ਕਿਸ ਤੋਂ ਡਰਾਂ?

ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ;

ਮੈਂ ਕਿਸ ਤੋਂ ਡਰਾਂ?

2 ਜਦੋਂ ਦੁਸ਼ਟ ਮੈਨੂੰ ਨਿਗਲਣ ਲਈ

ਮੇਰੇ ਵਿਰੁੱਧ ਅੱਗੇ ਵਧਦੇ ਹਨ,

ਇਹ ਮੇਰੇ ਦੁਸ਼ਮਣ ਅਤੇ ਮੇਰੇ ਵੈਰੀ ਹਨ

ਜੋ ਠੋਕਰ ਖਾਣਗੇ ਅਤੇ ਡਿੱਗਣਗੇ।

3 ਭਾਵੇਂ ਫ਼ੌਜ ਮੈਨੂੰ ਘੇਰ ਲਵੇ,

ਮੇਰਾ ਦਿਲ ਨਹੀਂ ਡਰੇਗਾ;

ਭਾਵੇਂ ਮੇਰੇ ਵਿਰੁੱਧ ਯੁੱਧ ਹੋਵੇ,

ਤਦ ਵੀ ਮੈਂ ਭਰੋਸਾ ਰੱਖਾਂਗਾ।

4 ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ,

ਇਹੀ ਮੇਰੀ ਚਾਹਤ ਹੈ:

ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ

ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ।

ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ

ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।

5 ਕਿਉਂਕਿ ਮੁਸੀਬਤ ਦੇ ਦਿਨ

ਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ;

ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾ

ਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।

6 ਫਿਰ ਮੇਰਾ ਸਿਰ

ਮੇਰੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਉੱਚਾ ਕੀਤਾ ਜਾਵੇਗਾ।

ਉਸਦੇ ਪਵਿੱਤਰ ਤੰਬੂ ਵਿੱਚ ਮੈਂ ਖੁਸ਼ੀ ਦੇ ਜੈਕਾਰਿਆਂ ਨਾਲ ਬਲੀਦਾਨ ਚੜ੍ਹਾਵਾਂਗਾ।

ਮੈਂ ਯਾਹਵੇਹ ਲਈ ਗਾਵਾਂਗਾ ਅਤੇ ਸੰਗੀਤ ਬਣਾਵਾਂਗਾ।

7 ਹੇ ਯਾਹਵੇਹ, ਜਦੋਂ ਮੈਂ ਪੁਕਾਰਾਂ ਮੇਰੀ ਆਵਾਜ਼ ਸੁਣ,

ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ।

8 ਮੇਰਾ ਦਿਲ ਤੇਰੇ ਬਾਰੇ ਕਹਿੰਦਾ ਹੈ, "ਉਸ ਦਾ ਚਿਹਰਾ ਭਾਲ!"

ਹੇ ਯਾਹਵੇਹ ਮੈਂ ਤੇਰਾ ਚਿਹਰਾ ਭਾਲਾਂਗਾ।

9 ਮੈਥੋਂ ਆਪਣਾ ਮੂੰਹ ਨਾ ਲੁਕਾ,

ਆਪਣੇ ਸੇਵਕ ਨੂੰ ਕ੍ਰੋਧ ਨਾਲ ਦੂਰ ਨਾ ਕਰ;

ਤੂੰ ਮੇਰਾ ਸਹਾਇਕ ਰਿਹਾ ਹੈ।

ਮੇਰੇ ਮੁਕਤੀਦਾਤਾ ਪਰਮੇਸ਼ਵਰ,

ਮੈਨੂੰ ਰੱਦ ਨਾ ਕਰ ਅਤੇ ਨਾ ਹੀ ਮੈਨੂੰ ਤਿਆਗ।

10 ਭਾਵੇਂ ਮੇਰੇ ਪਿਤਾ ਅਤੇ ਮਾਤਾ ਮੈਨੂੰ ਤਿਆਗ ਦੇਣ,

ਯਾਹਵੇਹ ਮੈਨੂੰ ਸਵੀਕਾਰ ਕਰੇਗਾ।

11 ਹੇ ਯਾਹਵੇਹ, ਮੈਨੂੰ ਆਪਣਾ ਰਸਤਾ ਸਿਖਾ;

ਮੇਰੇ ਦੁਸ਼ਮਣਾਂ ਦੇ ਕਾਰਨ

ਮੈਨੂੰ ਸਿੱਧੇ ਰਾਹ ਉੱਤੇ ਲੈ ਜਾ।

12 ਮੈਨੂੰ ਮੇਰੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਾ ਕਰ,

ਕਿਉਂਕਿ ਮੇਰੇ ਵਿਰੁੱਧ ਝੂਠੇ ਗਵਾਹ ਉੱਠਦੇ ਹਨ,

ਭੈੜੇ ਦੋਸ਼ ਲਾਉਂਦੇ ਹਨ।

13 ਮੈਨੂੰ ਇਸ ਗੱਲ ਦਾ ਭਰੋਸਾ ਹੈ:

ਮੈਂ ਜੀਉਂਦਿਆਂ ਦੀ ਧਰਤੀ ਵਿੱਚ

ਯਾਹਵੇਹ ਦੀ ਚੰਗਿਆਈ ਦੇਖਾਂਗਾ।

14 ਯਾਹਵੇਹ ਦੀ ਉਡੀਕ ਕਰੋ;

ਤਕੜੇ ਹੋਵੋ ਅਤੇ ਦਿਲ ਨੂੰ ਮਜ਼ਬੂਤ ਰੱਖੋ

ਅਤੇ ਯਾਹਵੇਹ ਦੀ ਧੀਰਜ ਨਾਲ ਉਡੀਕ ਕਰੋ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-