1 ਆਓ, ਅਸੀਂ ਯਾਹਵੇਹ ਲਈ ਖੁਸ਼ੀ ਵਿੱਚ ਗਾਈਏ;
ਅਤੇ ਅਸੀਂ ਆਪਣੀ ਮੁਕਤੀ ਦੀ ਚੱਟਾਨ ਲਈ ਜੈਕਾਰਾ ਗਜਾਈਏ।
2 ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ,
ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।
3 ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ,
ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।
4 ਉਹ ਦੇ ਹੱਥ ਵਿੱਚ ਧਰਤੀ ਦੀਆਂ ਡੂੰਘਾਈਆਂ ਹਨ,
ਅਤੇ ਪਹਾੜ ਦੀਆਂ ਚੋਟੀਆਂ ਉਸ ਦੀਆਂ ਹਨ।
5 ਸਮੁੰਦਰ ਉਸਦਾ ਹੈ, ਕਿਉਂ ਜੋ ਉਸਨੇ ਇਸਨੂੰ ਬਣਾਇਆ ਹੈ,
ਅਤੇ ਉਸਦੇ ਹੱਥਾਂ ਨੇ ਸੁੱਕੀ ਜ਼ਮੀਨ ਬਣਾਈ।
6 ਆਓ, ਅਸੀਂ ਮੱਥਾ ਟੇਕੀਏ,
ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;
7 ਕਿਉਂ ਜੋ ਉਹ ਸਾਡਾ ਪਰਮੇਸ਼ਵਰ ਹੈ,
ਅਤੇ ਅਸੀਂ ਉਸਦੀ ਚਰਾਗਾਹ ਦੀ ਪਰਜਾ ਹਾਂ,
ਉਹ ਆਪਣੀਆਂ ਭੇਡਾਂ ਦੀ ਦੇਖਭਾਲ ਕਰਦਾ ਹੈ।
ਅੱਜ, ਜੇ ਸਿਰਫ ਤੁਸੀਂ ਉਸਦੀ ਆਵਾਜ਼ ਸੁਣੋ,
8 "ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਮਰੀਬਾਹ95:8 ਮਰੀਬਾਹ ਅਰਥ ਝਗੜਾ ਵਿੱਚ ਕੀਤਾ ਸੀ,
ਜਿਵੇਂ ਤੂੰ ਮੱਸਾਹ95:8 ਮੱਸਾਹ ਅਰਥ ਪਰਤਾਉਣਾ ਦੀ ਉਜਾੜ ਵਿੱਚ ਕੀਤਾ ਸੀ।
9 ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਖਿਆ ਸੀ;
ਉਹਨਾਂ ਨੇ ਮੈਨੂੰ ਜਾਂਚਿਆਂ, ਹਾਲਾਂਕਿ ਉਹਨਾਂ ਨੇ ਦੇਖਿਆ ਸੀ ਕਿ ਮੈਂ ਕੀ ਕੀਤਾ।
10 ਚਾਲੀ ਸਾਲਾਂ ਤੱਕ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ।
ਮੈਂ ਕਿਹਾ, ‘ਉਹ ਲੋਕ ਹਨ ਜਿਨ੍ਹਾਂ ਦੇ ਮਨ ਭਟਕ ਗਏ ਹਨ,
ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’
11 ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ,
‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ "