ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਦਾ ਇੱਕ ਮੁਸ਼ਕੀਲ42 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ ਗੀਤ।
1 ਜਿਵੇਂ ਹਿਰਨੀ ਪਾਣੀ ਦੀਆਂ ਨਦੀਆਂ ਨੂੰ ਤਰਸਦੀ ਹੈ,
ਹੇ ਮੇਰੇ ਪਰਮੇਸ਼ਵਰ, ਉਸੇ ਤਰ੍ਹਾਂ ਮੇਰੀ ਆਤਮਾ ਤੇਰੇ ਲਈ ਤਰਸਦੀ ਹੈ।
2 ਮੇਰੀ ਜਾਨ ਪਰਮੇਸ਼ਵਰ ਲਈ, ਜਿਉਂਦੇ ਪਰਮੇਸ਼ਵਰ ਲਈ ਤਿਹਾਈ ਹੈ।
ਮੈਂ ਕਦੋਂ ਜਾ ਕੇ ਪਰਮੇਸ਼ਵਰ ਨੂੰ ਮਿਲ ਸਕਦਾ ਹਾਂ?
3 ਮੇਰੇ ਹੰਝੂ ਦਿਨ-ਰਾਤ
ਮੇਰਾ ਭੋਜਨ ਰਹੇ ਹਨ,
ਜਦ ਕਿ ਲੋਕ ਮੈਨੂੰ ਸਾਰਾ ਦਿਨ ਆਖਦੇ ਹਨ,
"ਤੇਰਾ ਪਰਮੇਸ਼ਵਰ ਕਿੱਥੇ ਹੈ?"
4 ਜਦੋਂ ਮੈਂ ਆਪਣੀ ਆਤਮਾ ਨੂੰ ਡੋਲ੍ਹਦਾ ਹਾਂ,
ਇਹ ਗੱਲਾਂ ਮੈਨੂੰ ਯਾਦ ਆਉਂਦੀਆਂ ਹਨ
ਮੈਂ ਕਿਵੇਂ ਪਰਮੇਸ਼ਵਰ ਦੀ ਸੁਰੱਖਿਆ ਹੇਠ
ਪਰਮੇਸ਼ਵਰ ਦੇ ਘਰ ਨੂੰ ਜਾਂਦਾ ਸੀ,
ਖੁਸ਼ੀ ਅਤੇ ਵਡਿਆਈ ਦੇ ਜੈਕਾਰਿਆਂ ਨਾਲ
ਤਿਉਹਾਰਾਂ ਦੀ ਭੀੜ ਵਿੱਚ ਜਾਂਦਾ ਸੀ।
5 ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?
ਮੇਰੇ ਅੰਦਰ ਇੰਨੀ ਬੇਚੈਨ ਕਿਉਂ ਹੈ?
ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,
ਕਿਉਂ ਜੋ ਮੈਂ ਅਜੇ ਵੀ ਉਸ ਦੀ ਵਡਿਆਈ ਕਰਾਂਗਾ,
ਮੇਰੇ ਮੁਕਤੀਦਾਤੇ ਅਤੇ ਮੇਰੇ ਪਰਮੇਸ਼ਵਰ।
6 ਹੇ ਮੇਰੇ ਪਰਮੇਸ਼ਵਰ, ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ;
ਇਸ ਲਈ ਮੈਂ ਤੁਹਾਨੂੰ ਯਰਦਨ ਦੀ ਧਰਤੀ ਤੋਂ,
ਹਰਮੋਨ ਦੀਆਂ ਉਚਾਈਆਂ ਤੋਂ, ਅਤੇ ਮਿਜ਼ਾਰ ਪਰਬਤ ਤੋਂ
ਯਾਦ ਕਰਾਂਗਾ।
7 ਤੇਰੇ ਪਾਣੀ ਦੇ ਝਰਨੇ ਦੀ ਆਵਾਜ਼ ਸੁਣ ਕੇ,
ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ;
ਅਤੇ ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ
ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆ।
8 ਦਿਨ ਨੂੰ ਯਾਹਵੇਹ ਆਪਣੇ ਪਿਆਰ ਦੀ ਆਗਿਆ ਦੇਵੇਗਾ,
ਰਾਤ ਨੂੰ ਉਸਦਾ ਗੀਤ ਮੇਰੇ ਨਾਲ ਹੋਵੇਗਾ
ਮੇਰੀ ਜ਼ਿੰਦਗੀ ਦੇ ਪਰਮੇਸ਼ਵਰ ਤੋਂ ਪ੍ਰਾਰਥਨਾ।
9 ਮੈਂ ਪਰਮੇਸ਼ਵਰ ਨੂੰ ਮੇਰੀ ਚੱਟਾਨ ਆਖਦਾ ਹਾਂ,
"ਤੂੰ ਮੈਨੂੰ ਕਿਉਂ ਭੁੱਲ ਗਿਆ ਹੈ?
ਮੈਂ ਕਿਉਂ ਦੁਸ਼ਮਣਾਂ ਦੇ ਜ਼ੁਲਮ ਵਿੱਚ
ਵਿਰਲਾਪ ਕਰਦਾ ਰਹਾਂ?"
10 ਮੇਰੀਆਂ ਹੱਡੀਆਂ ਦੁੱਖੀ ਹਨ
ਕਿਉਂਕਿ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ,
ਸਾਰਾ ਦਿਨ ਮੈਨੂੰ ਕਹਿੰਦੇ ਹਨ,
"ਤੇਰਾ ਪਰਮੇਸ਼ਵਰ ਕਿੱਥੇ ਹੈ?"
11 ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?
ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ?
ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,
ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ,
ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।