ਇੱਕ ਗੀਤ। ਕੋਰਾਹ ਦੇ ਪੁੱਤਰਾਂ ਦਾ ਇੱਕ ਜ਼ਬੂਰ।
1 ਯਾਹਵੇਹ ਮਹਾਨ ਹੈ ਅਤੇ ਮਹਿਮਾ ਦੇ ਯੋਗ ਹੈ,
ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ, ਉਸਦੇ ਪਵਿੱਤਰ ਪਹਾੜ ਉੱਤੇ।
2 ਆਪਣੀ ਉਚਾਈ ਵਿੱਚ ਸੁੰਦਰ,
ਸਾਰੀ ਧਰਤੀ ਦੀ ਖੁਸ਼ੀ,
ਜ਼ਾਫ਼ੋਨ48:2 ਜ਼ਾਫ਼ੋਨ ਅਰਥ ਕਨਾਨੀਆਂ ਦਾ ਸਭ ਤੋਂ ਪਵਿੱਤਰ ਪਹਾੜ ਸੀ ਦੀਆਂ ਉਚਾਈਆਂ ਵਾਂਗ ਸੀਯੋਨ ਪਰਬਤ ਹੈ,
ਮਹਾਨ ਰਾਜੇ ਦਾ ਸ਼ਹਿਰ ਹੈ।
3 ਪਰਮੇਸ਼ਵਰ ਨੇ ਉਸ ਦੇ ਰਾਜਮਹਿਲ ਵਿੱਚ ਵਾਸ ਕਰਕੇ;
ਉਸਨੇ ਆਪਣੇ ਆਪ ਨੂੰ ਉਸਦਾ ਕਿੱਲਾ ਦਿਖਾਇਆ ਹੈ।
4 ਜਦੋਂ ਰਾਜੇ ਫ਼ੌਜਾਂ ਵਿੱਚ ਸ਼ਾਮਲ ਹੋਏ,
ਤਦ ਉਹ ਮਿਲ ਕੇ ਲੰਘ ਗਏ,
5 ਉਹਨਾਂ ਨੇ ਉਸਨੂੰ ਵੇਖਿਆ ਅਤੇ ਹੈਰਾਨ ਰਹਿ ਗਏ;
ਉਹ ਡਰ ਕੇ ਭੱਜ ਗਏ।
6 ਕੰਬਦੇ ਹੋਏ ਉਹ ਉੱਥੇ ਹੀ ਰੁਕ ਗਏ,
ਜਣੇਪੇ ਵਾਲੀ ਔਰਤ ਵਰਗਾ ਦਰਦ।
7 ਤੁਸੀਂ ਉਹਨਾਂ ਨੂੰ ਤਰਸ਼ੀਸ਼ ਦੇ ਜਹਾਜ਼ਾਂ ਵਾਂਗ ਤਬਾਹ ਕਰ ਦਿੱਤਾ,
ਪੂਰਬੀ ਹਵਾ ਨਾਲ ਚਕਨਾਚੂਰ ਕਰ ਦਿੱਤਾ।
8 ਜਿਵੇਂ ਅਸੀਂ ਸੁਣਿਆ ਹੈ,
ਉਸੇ ਤਰ੍ਹਾਂ ਅਸੀਂ ਵੇਖਿਆ ਵੀ ਹੈ
ਯਾਹਵੇਹ ਸਰਬਸ਼ਕਤੀਮਾਨ ਦੇ ਸ਼ਹਿਰ ਵਿੱਚ,
ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ:
ਪਰਮੇਸ਼ਵਰ ਉਸ ਨੂੰ ਸਦਾ ਲਈ ਸੁਰੱਖਿਅਤ ਰੱਖਦਾ ਹੈ।
9 ਹੇ ਪਰਮੇਸ਼ਵਰ, ਤੇਰੀ ਹੈਕਲ ਵਿੱਚ,
ਅਸੀਂ ਤੇਰੇ ਅਟੱਲ ਪਿਆਰ ਦਾ ਸਿਮਰਨ ਕਰਦੇ ਹਾਂ।
10 ਹੇ ਪਰਮੇਸ਼ਵਰ, ਤੇਰੇ ਨਾਮ ਵਾਂਗ,
ਤੇਰੀ ਮਹਿਮਾ ਧਰਤੀ ਦੇ ਕੰਢਿਆਂ ਤੱਕ ਪਹੁੰਚਦੀ ਹੈ;
ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ।
11 ਸੀਯੋਨ ਪਰਬਤ ਅਨੰਦ ਹੋਵੇ,
ਯਹੂਦਾਹ ਦੇ ਪਿੰਡ ਤੇਰੇ ਨਿਆਵਾਂ ਦੇ ਕਾਰਨ ਖੁਸ਼ੀ ਮਨਾਉਣ।
12 ਸੀਯੋਨ ਦੇ ਆਲੇ-ਦੁਆਲੇ ਘੁੰਮੋ, ਉਸ ਦੇ ਆਲੇ-ਦੁਆਲੇ ਚੱਲੋ,
ਉਸ ਦੇ ਬੁਰਜਾਂ ਨੂੰ ਗਿਣੋ,
13 ਉਸ ਦੇ ਕਿਲੇ ਨੂੰ ਚੰਗੀ ਤਰ੍ਹਾਂ ਸਮਝੋ,
ਉਸ ਦੇ ਕਿਲ੍ਹਿਆਂ ਨੂੰ ਦੇਖੋ,
ਤਾਂ ਜੋ ਤੁਸੀਂ ਅਗਲੀ ਪੀੜ੍ਹੀ ਨੂੰ ਉਹਨਾਂ ਬਾਰੇ ਦੱਸ ਸਕੋ।
14 ਕਿਉਂਕਿ ਇਹ ਪਰਮੇਸ਼ਵਰ ਸਦਾ ਅਤੇ ਸਦਾ ਲਈ ਸਾਡਾ ਪਰਮੇਸ਼ਵਰ ਹੈ;
ਉਹ ਮਰਨ ਤੱਕ ਸਾਡੀ ਅਗਵਾਈ ਕਰੇਗਾ।