ਉਸਤਤ ਦਾ ਜ਼ਬੂਰ। ਦਾਵੀਦ ਦਾ।
1 ਹੇ ਮੇਰੇ ਪਰਮੇਸ਼ਵਰ ਪਾਤਸ਼ਾਹ, ਮੈਂ ਤੇਰੀ ਪ੍ਰਸ਼ੰਸਾ ਕਰਾਂਗਾ;
ਮੈਂ ਸਦਾ ਲਈ ਤੇਰੇ ਨਾਮ ਦੀ ਉਸਤਤ ਕਰਾਂਗਾ।
2 ਮੈਂ ਹਰ ਰੋਜ਼ ਤੇਰੀ ਉਸਤਤ ਕਰਾਂਗਾ
ਅਤੇ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।
3 ਯਾਹਵੇਹ ਮਹਾਨ ਹੈ ਅਤੇ ਸਭ ਤੋਂ ਵੱਧ ਉਸਤਤ ਦੇ ਯੋਗ ਹੈ;
ਉਸ ਦੀ ਮਹਾਨਤਾ ਨੂੰ ਕੋਈ ਨਹੀਂ ਸਮਝ ਸਕਦਾ।
4 ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਤੇਰੇ ਕੰਮਾਂ ਬਾਰੇ ਦੱਸੇਗੀ;
ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।
5 ਉਹ ਤੇਰੀ ਮਹਿਮਾ ਦੇ ਸ਼ਾਨਦਾਰ ਪਰਤਾਪ ਦੀ ਗੱਲ ਕਰਦੇ ਹਨ,
ਅਤੇ ਮੈਂ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।
6 ਉਹ ਤੁਹਾਡੇ ਅਦਭੁਤ ਕੰਮਾਂ ਦੀ ਸ਼ਕਤੀ ਬਾਰੇ ਦੱਸਦੇ ਹਨ,
ਅਤੇ ਮੈਂ ਤੁਹਾਡੇ ਮਹਾਨ ਕੰਮਾਂ ਦਾ ਐਲਾਨ ਕਰਾਂਗਾ।
7 ਉਹ ਤੇਰੀ ਭਰਪੂਰ ਚੰਗਿਆਈ ਦਾ ਜਸ਼ਨ ਮਨਾਉਂਦੇ ਹਨ,
ਅਤੇ ਖੁਸ਼ੀ ਨਾਲ ਤੇਰੀ ਧਾਰਮਿਕਤਾ ਦੇ ਗੀਤ ਗਾਉਂਦੇ ਹਨ।
8 ਯਾਹਵੇਹ ਦਿਆਲੂ ਅਤੇ ਕਿਰਪਾਲੂ ਹੈ,
ਗੁੱਸੇ ਵਿੱਚ ਧੀਰਜ ਅਤੇ ਪਿਆਰ ਨਾਲ ਭਰਭੂਰ ਹੈ।
9 ਯਾਹਵੇਹ ਸਾਰਿਆਂ ਲਈ ਭਲਾ ਹੈ;
ਉਸਦੀ ਦਯਾ ਸਭ ਦੇ ਉੱਪਰ ਹੈ, ਜੋ ਕੁਝ ਉਸਨੇ ਬਣਾਇਆ ਹੈ।
10 ਹੇ ਯਾਹਵੇਹ, ਤੇਰੇ ਸਾਰੇ ਕੰਮ ਤੇਰੀ ਮਹਿਮਾ ਕਰਦੇ ਹਨ;
ਤੇਰੇ ਵਫ਼ਾਦਾਰ ਲੋਕ ਤੇਰੀ ਵਡਿਆਈ ਕਰਨ।
11 ਉਹ ਤੇਰੇ ਰਾਜ ਦੀ ਮਹਿਮਾ ਬਾਰੇ
ਅਤੇ ਤੇਰੀ ਸ਼ਕਤੀ ਬਾਰੇ ਦੱਸਦੇ ਹਨ
12 ਤਾਂ ਜੋ ਸਾਰੇ ਲੋਕ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ
ਅਤੇ ਤੇਰੇ ਰਾਜ ਦੇ ਸ਼ਾਨਦਾਰ ਪਰਤਾਪ ਬਾਰੇ ਜਾਣ ਸਕਣ।
13 ਤੇਰਾ ਰਾਜ ਸਦਾ ਦਾ ਰਾਜ ਹੈ,
ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ ਕਾਇਮ ਰਹੇਗਾ।
14 ਯਾਹਵੇਹ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ
ਅਤੇ ਝੁਕੇ ਹੋਏ ਸਾਰਿਆਂ ਨੂੰ ਉੱਚਾ ਚੁੱਕਦਾ ਹੈ।
15 ਸਭਨਾਂ ਦੀਆਂ ਅੱਖਾਂ ਤੇਰੇ ਵੱਲ ਵੇਖਦੀਆਂ ਹਨ,
ਅਤੇ ਤੂੰ ਉਹਨਾਂ ਨੂੰ ਸਮੇਂ ਸਿਰ ਭੋਜਨ ਦਿੰਦਾ ਹੈ।
16 ਤੂੰ ਆਪਣਾ ਹੱਥ ਖੋਲ੍ਹਦਾ ਹੈ
ਅਤੇ ਹਰੇਕ ਜੀਵ ਦੀ ਇੱਛਾ ਪੂਰੀ ਕਰਦਾ ਹੈ।
17 ਯਾਹਵੇਹ ਆਪਣੇ ਸਾਰੇ ਕੰਮਾਂ ਵਿੱਚ ਧਰਮੀ ਹੈ
ਅਤੇ ਉਹ ਸਭ ਕੁਝ ਕਰਦਾ ਹੈ।
18 ਯਾਹਵੇਹ ਉਹਨਾਂ ਸਭਨਾਂ ਦੇ ਨੇੜੇ ਹੈ ਜੋ ਉਸਨੂੰ ਪੁਕਾਰਦੇ ਹਨ,
ਉਹਨਾਂ ਸਭਨਾਂ ਦੇ ਜੋ ਉਸਨੂੰ ਸਚਿਆਈ ਨਾਲ ਪੁਕਾਰਦੇ ਹਨ।
19 ਉਹ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਜੋ ਉਸ ਤੋਂ ਡਰਦੇ ਹਨ।
ਉਹ ਉਹਨਾਂ ਦੀ ਦੁਹਾਈ ਸੁਣਦਾ ਹੈ,
ਅਤੇ ਉਹਨਾਂ ਨੂੰ ਬਚਾਉਂਦਾ ਹੈ।
20 ਯਾਹਵੇਹ ਉਹਨਾਂ ਸਾਰਿਆਂ ਦੀ ਨਿਗਰਾਨੀ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ,
ਪਰ ਉਹ ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦੇਵੇਗਾ।
21 ਮੇਰਾ ਮੂੰਹ ਯਾਹਵੇਹ ਦੀ ਉਸਤਤ ਵਿੱਚ ਬੋਲੇਗਾ।
ਹਰ ਪ੍ਰਾਣੀ ਉਸ ਦੇ ਪਵਿੱਤਰ ਨਾਮ ਦੀ
ਸਦਾ ਅਤੇ ਸਦਾ ਲਈ ਉਸਤਤ ਕਰੇ।