1 ਅਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਨਣ ਕਰਦੇ ਹਨ;
ਅੰਬਰ ਉਸ ਦੇ ਹੱਥਾਂ ਦੇ ਕੰਮ ਬਾਰੇ ਦੱਸਦਾ ਹੈ।
2 ਦਿਨੋ ਦਿਨ ਉਹ ਬੋਲੀ ਬੋਲਦੇ ਹਨ;
ਰਾਤ, ਰਾਤ ਨੂੰ ਉਹ ਗਿਆਨ ਪ੍ਰਗਟ ਕਰਦੀ ਹੈ।
3 ਉਹਨਾਂ ਦੀ ਨਾ ਕੋਈ ਬੋਲੀ, ਨਾ ਸ਼ਬਦ ਹਨ;
ਨਾ ਉਹਨਾਂ ਦੀ ਕੋਈ ਆਵਾਜ਼ ਸੁਣਾਈ ਦਿੰਦੀ ਹੈ।
4 ਫਿਰ ਵੀ ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗੂੰਜਦੀ ਹੈ,
ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ।
ਅਕਾਸ਼ ਵਿੱਚ ਪਰਮੇਸ਼ਵਰ ਨੇ ਸੂਰਜ ਲਈ ਇੱਕ ਤੰਬੂ ਖੜਾ ਕੀਤਾ ਹੋਇਆਂ ਹੈ।
5 ਇਹ ਇੱਕ ਲਾੜੇ ਵਾਂਗ ਹੈ ਜਿਵੇਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲਦਾ ਹੈ,
ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।
6 ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ
ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ;
ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।
7 ਯਾਹਵੇਹ ਦੀ ਬਿਵਸਥਾ ਸੰਪੂਰਨ ਹੈ,
ਆਤਮਾ ਨੂੰ ਤਾਜ਼ਗੀ ਦਿੰਦੀ ਹੈ।
ਯਾਹਵੇਹ ਦੇ ਨਿਯਮ ਭਰੋਸੇਯੋਗ ਹਨ,
ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।
8 ਯਾਹਵੇਹ ਦੇ ਹੁਕਮ ਸਹੀ ਹਨ
ਜੋ ਦਿਲ ਨੂੰ ਆਨੰਦ ਦਿੰਦੇ ਹਨ।
ਯਾਹਵੇਹ ਦੇ ਹੁਕਮ ਚਮਕਦਾਰ ਹਨ,
ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।