1 ਯਾਹਵੇਹ ਲਈ ਇੱਕ ਨਵਾਂ ਗੀਤ ਗਾਓ;
ਹੇ ਸਾਰੀ ਧਰਤੀ ਯਾਹਵੇਹ ਲਈ ਗਾਓ।
2 ਯਾਹਵੇਹ ਲਈ ਗਾਓ, ਉਸਦੇ ਨਾਮ ਦੀ ਉਸਤਤ ਕਰੋ;
ਹਰ ਦਿਨ ਉਸਦੀ ਮੁਕਤੀ ਦਾ ਪ੍ਰਚਾਰ ਕਰੋ।
3 ਕੌਮਾਂ ਵਿੱਚ ਉਸ ਦੀ ਮਹਿਮਾ,
ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।
4 ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ,
ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।
5 ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ,
ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।
6 ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ।
ਸਮਰੱਥਾ ਅਤੇ ਮਹਿਮਾ ਉਸ ਦੇ ਪਵਿੱਤਰ ਅਸਥਾਨ ਵਿੱਚ ਹੈ।
7 ਹੇ ਕੌਮਾਂ ਦੇ ਸਾਰੇ ਘਰਾਣੇ ਯਾਹਵੇਹ ਨੂੰ ਮੰਨੋ,
ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।
8 ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ,
ਭੇਟ ਲੈ ਕੇ ਉਸਦੀ ਹਜ਼ੂਰੀ ਦੇ ਵਿੱਚ ਆਓ।
9 ਉਸਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ;
ਹੇ ਸਾਰੀ ਧਰਤੀ ਉਸ ਦੇ ਅੱਗੇ ਕੰਬ ਜਾਓ।